ਰਾਤ ਵੇਲੇ ਕੋਈ ''ਕੁੜੀ'' ਮੁਸੀਬਤ ''ਚ ਫਸੀ ਹੈ ਤਾਂ ਡਰਨ ਦੀ ਲੋੜ ਨਹੀਂ ਕਿਉਂਕਿ...

Monday, Dec 02, 2019 - 12:50 PM (IST)

ਰਾਤ ਵੇਲੇ ਕੋਈ ''ਕੁੜੀ'' ਮੁਸੀਬਤ ''ਚ ਫਸੀ ਹੈ ਤਾਂ ਡਰਨ ਦੀ ਲੋੜ ਨਹੀਂ ਕਿਉਂਕਿ...

ਲੁਧਿਆਣਾ : ਹੈਦਰਾਬਾਦ ਦੇ ਤੇਲੰਗਾਨਾ 'ਚ ਮਹਿਲਾ ਡਾਕਟਰ ਦੇ ਬਲਾਤਕਾਰ ਤੇ ਉਸ ਨੂੰ ਜ਼ਿੰਦਾ ਸਾੜਨ ਦੀ ਘਿਨੌਣੀ ਵਾਰਦਾਤ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਹੱਥ 'ਤੇ ਹੱਥ ਰੱਖ ਕੇ ਨਹੀਂ ਬੈਠਿਆ ਜਾ ਸਕਦਾ, ਇਸ ਲਈ ਲੁਧਿਆਣਾ ਪੁਲਸ ਨੇ ਔਰਤਾਂ ਦੀ ਸੁਰੱਖਿਆ ਲਈ ਇਕ ਕਦਮ ਅੱਗੇ ਵਧਾਉਂਦੇ ਹੋਏ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ 'ਤੇ ਔਰਤਾਂ ਕਾਲ ਕਰਕੇ ਮਦਦ ਮੰਗ ਸਕਦੀਆਂ ਹਨ। ਸ਼ਹਿਰ 'ਚ ਜੇਕਰ ਤੁਸੀਂ ਵੀ ਕਿਤੇ ਫਸ ਚੁੱਕੇ ਹੋ ਅਤੇ ਰਾਤ ਦੇ 10 ਵੱਜ ਚੁੱਕੇ ਹਨ ਤਾਂ ਹੁਣ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਹੈਲਪਲਾਈਨ ਨੰਬਰਾਂ 'ਤੇ ਕਾਲ ਕਰਕੇ ਤੁਰੰਤ ਪੁਲਸ ਤੁਹਾਡੇ ਤੱਕ ਪਹੁੰਚੇਗੀ ਅਤੇ ਤੁਹਾਨੂੰ ਬਕਾਇਦਾ ਘਰ ਛੱਡ ਕੇ ਆਵੇਗੀ।
ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਵਲੋਂ ਜਾਰੀ ਕੀਤੇ ਗਏ ਇਹ ਹੈਲਪਲਾਈਨ ਨੰਬਰ ਹਨ 7837018555 ਅਤੇ 1091, ਇਨ੍ਹਾਂ ਨੰਬਰਾਂ 'ਤੇ ਕਾਲ ਕਰਨ 'ਤੇ ਐੱਸ. ਐੱਚ. ਓ. ਜਾਂ ਪੀ. ਸੀ. ਆਰ. ਤੁਰੰਤ ਤੁਹਾਡੇ ਤੱਕ ਪਹੁੰਚੇਗੀ। ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਤੋਂ ਬਾਅਦ ਮੁਲਾਜ਼ਮਾਂ ਵਲੋਂ ਪੁਲਸ ਕੰਟਰੋਲ ਰੂਮ ਨੂੰ ਰਿਪੋਰਟ ਦੇ ਕੇ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਉਨ੍ਹਾਂ ਦਾ ਕੰਮ ਪੂਰਾ ਹੋ ਗਿਆ ਹੈ।
ਇਸ ਤੋਂ ਇਲਾਵਾ ਲੁਧਿਆਣਾ ਪੁਲਸ ਨੇ ਮਹਿਲਾ ਪੀ. ਸੀ. ਆਰ. ਟੀਮ ਨੂੰ ਵੀ ਸ਼ਹਿਰ ਦੇ ਸਾਰੇ ਸਕੂਲਾਂ ਤੇ ਕਾਲਜਾਂ ਦੇ ਬਾਹਰ ਐਕਟਿਵ ਕਰ ਦਿੱਤਾ ਹੈ ਤਾਂ ਜੋ ਕੋਈ ਮਨਚਲਾ ਤੁਹਾਡੀ ਧੀ ਨੂੰ ਪਰੇਸ਼ਾਨ ਨਾ ਕਰ ਸਕੇ। ਕੁੜੀਆਂ ਨੂੰ ਆਪਣੀ ਹਵਸ ਪੂਰੀ ਕਰਨ ਦਾ ਸਾਧਨ ਸਮਝਣ ਵਾਲੇ ਇਨ੍ਹਾਂ ਲੋਕਾਂ 'ਤੇ ਤੁਰੰਤ ਕਾਰਵਾਈ ਹੋਵੇਗੀ ਪਰ ਇੱਥੇ ਲੋੜ ਹੈ ਕੁੜੀਆਂ ਦੇ ਜਾਗਰੂਕ ਹੋਣ ਦੀ। ਪੁਲਸ ਤਾਂ ਹੀ ਤੁਹਾਡੇ ਤੱਕ ਮਦਦ ਪਹੁੰਚਾ ਸਕਦੀ ਹੈ, ਜੇਕਰ ਤੁਸੀਂ ਮੁਸੀਬਤ ਦੀ ਘੜੀ 'ਚ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਕਾਲ ਕਰੋ।


author

Babita

Content Editor

Related News