ਕਰਤਾਰਪੁਰ ਲਾਂਘੇ 'ਚ ਅਹਿਮ ਰੋਲ ਅਦਾ ਕਰਨ ਵਾਲਾ 'ਸਿੱਧੂ' ਕ੍ਰੈਡਿਟ ਵਾਰ 'ਚੋਂ ਕਿਸ ਨੇ ਕੀਤਾ ਬਾਹਰ ?

10/19/2019 9:30:05 AM

ਲੁਧਿਆਣਾ (ਨਵੀਨ ਗੌਗਨਾ) : ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਦੋਵਾਂ ਦੇਸ਼ਾਂ ਵੱਲੋਂ ਕੋਰੀਡੋਰ ਤਿਆਰ ਕਰ ਕੇ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਅਤੇ ਆਸ ਜਤਾਈ ਜਾ ਰਹੀ ਹੈ ਕਿ ਅਗਲੇ ਮਹੀਨੇ ਇਹ ਲਾਂਘਾ ਹਰ ਹਾਲਤ 'ਚ ਖੋਲ੍ਹ ਦਿੱਤਾ ਜਾਵੇਗਾ। ਤਿਆਰੀਆਂ ਦੋਵੇਂ ਦੋਸ਼ਾਂ 'ਚ ਜ਼ੋਰਾਂ 'ਤੇ ਚੱਲ ਰਹੀਆਂ ਹਨ, ਜਿਸ ਲਈ ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ 'ਚ ਇਸ ਲਾਂਘੇ ਨੂੰ ਖੋਲ੍ਹਣ ਲਈ ਕ੍ਰੈਡਿਟ ਵਾਰ ਲੱਗੀ ਦਿਖਾਈ ਦੇ ਰਹੀ ਹੈ ਪਰ ਇਸ ਲਾਂਘੇ ਲਈ ਅਹਿਮ ਰੋਲ ਅਦਾ ਕਰਨ ਵਾਲਾ ਸਾਬਕਾ ਵਜ਼ੀਰ 'ਨਵਜੋਤ ਸਿੰਘ ਸਿੱਧੂ' ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ।

PunjabKesari

ਸਿੱਧੂ ਨੇ ਕੀਤੀ ਸੀ ਕੋਸ਼ਿਸ਼
ਜਦੋਂ ਪਾਕਿਸਤਾਨ 'ਚ ਸੱਤਾ ਪਰਿਵਰਤਨ ਹੋਇਆ ਸੀ ਅਤੇ ਇਮਰਾਨ ਖਾਨ ਨੇ ਬਤੌਰ ਵਜ਼ੀਰ-ਏ-ਆਜ਼ਮ ਪਾਕਿਸਤਾਨ ਵਿਖੇ ਸਹੁੰ ਚੁੱਕਣੀ ਸੀ ਤਾਂ ਹੋਏ ਸਮਾਗਮ 'ਚ ਇਮਰਾਨ ਖਾਨ ਨੇ ਆਪਣੇ ਖਿਡਾਰੀ ਮਿੱਤਰ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜਿਆ ਸੀ, ਜਿਸ 'ਤੇ ਸਿੱਧੂ ਨੇ ਉਸ ਵੇਲੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪਾਕਿਸਤਾਨ 'ਚ ਹੋਣ ਵਾਲੇ ਸਮਾਗਮ 'ਚ ਸ਼ਿਰਕਤ ਕੀਤੀ ਸੀ ਕਿਉਂਕਿ ਨਵਜੋਤ ਸਿੱਧੂ ਉਸ ਵੇਲੇ ਪੰਜਾਬ ਸਰਕਾਰ 'ਚ ਕੈਬਨਿਟ ਮੰਤਰੀ ਅਹੁਦੇ 'ਤੇ ਬਿਰਾਜਮਾਨ ਸਨ। ਇਸ ਫੇਰੀ ਦੌਰਾਨ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਲਈ ਵੀ ਕੋਸ਼ਿਸ਼ ਕੀਤੀ ਗਈ ਸੀ।

PunjabKesari

ਸਿੱਧੂ ਅਤੇ ਬਾਜਵਾ ਦੀ ਜੱਫੀ ਨੇ ਪਾਇਆ ਸੀ ਪੁਆੜਾ
ਜਦੋਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉੱਥੇ ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਮਿਲਣ ਮੌਕੇ ਦੋਵਾਂ ਨੇ ਇਕ-ਦੂਸਰੇ ਨੂੰ ਜੱਫੀ ਪਾ ਲਈ ਸੀ, ਜਿਸ ਕਰ ਕੇ ਸਿੱਧੂ ਵਿਰੋਧੀਆਂ ਵੱਲੋਂ ਸਿੱਧੂ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਭਾਰਤ 'ਚ ਕਈ ਤਰ੍ਹਾਂ ਦੀ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਸਿੱਧੂ ਨੂੰ ਸਿਰਫ ਵਿਰੋਧੀਆਂ ਦਾ ਹੀ ਨਹੀਂ, ਸਗੋਂ ਆਪਣੀ ਪਾਰਟੀ ਵਿਚਲੇ ਵਿਰੋਧੀਆਂ ਦਾ ਵਿਰੋਧ ਵੀ ਝੱਲਣਾ ਪਿਆ ਸੀ ਪਰ ਸਿੱਧੂ ਨੇ ਸਪੱਸ਼ਟ ਕੀਤਾ ਸੀ ਕਿ ਉਸ ਨੇ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲ੍ਹਣ ਲਈ ਬੇਨਤੀ ਕੀਤੀ ਸੀ, ਜਿਸ ਨੂੰ ਪਾਕਿਸਤਾਨ ਸਰਕਾਰ ਨੇ ਸਵੀਕਾਰ ਕਰ ਲਿਆ ਸੀ ਅਤੇ ਇਸੇ ਖੁਸ਼ੀ ਵਿਚ ਹੀ ਜੱਫੀ ਪਾਈ ਗਈ ਸੀ।

ਮੁੱਖ ਮੰਤਰੀ ਨਾਲ ਪਿਆ ਸੀ ਪੰਗਾ
ਪਾਕਿਸਤਾਨ ਤੋਂ ਸਿੱਧੂ ਮੁੱਖ ਮੰਤਰੀ ਲਈ ਕਾਲਾ ਤਿੱਤਰ ਵੀ ਲਿਆਏ ਸਨ ਪਰ ਮੁੱਖ ਮੰਤਰੀ ਨੇ ਸਿੱਧੂ ਦੀ ਇਹ ਭੇਟ ਸਵੀਕਾਰ ਨਹੀਂ ਸੀ ਕੀਤੀ, ਜਿਸ ਤੋਂ ਬਾਅਦ ਸਿੱਧੂ ਅਤੇ ਕੈਪਟਨ ਵਿਚ ਦੂਰੀਆਂ ਵਧਦੀਆਂ ਹੀ ਗਈਆਂ ਅਤੇ ਨੌਬਤ ਇੱਥੋਂ ਤੱਕ ਆ ਗਈ ਸੀ ਕਿ ਸਿੱਧੂ ਨੂੰ ਪੰਜਾਬ ਦੀ ਕੈਬਨਿਟ ਦੀ ਵਜ਼ੀਰੀ ਤੋਂ ਅਸਤੀਫਾ ਤੱਕ ਦੇਣਾ ਪੈ ਗਿਆ ਸੀ।

ਅਸਤੀਫਾ ਦੇਣ ਤੋਂ ਬਾਅਦ ਬਿਲਕੁਲ ਸ਼ਾਂਤ ਹਨ ਸਿੱਧੂ
ਕੈਬਨਿਟ ਮੰਤਰੀ ਵਜੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਅੱਜ ਤੱਕ ਬਿਲਕੁਲ ਹੀ ਸ਼ਾਂਤ ਦਿਖਾਈ ਦੇ ਰਹੇ ਹਨ, ਨਾ ਤਾਂ ਸਿੱਧੂ ਕੋਈ ਬਿਆਨਬਾਜ਼ੀ ਕਰਦੇ ਹਨ ਅਤੇ ਨਾ ਹੀ ਕੋਈ ਜ਼ਿਆਦਾ ਰਾਜਨੀਤਕ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਹਨ। ਬਸ ਅੰਮ੍ਰਿਤਸਰ ਆਪਣੀ ਰਿਹਾਇਸ਼ ਵਿਖੇ ਆਉਣ ਵਾਲੇ ਲੋਕਾਂ ਨੂੰ ਮਿਲ ਰਹੇ ਹਨ।

ਅਕਾਲੀ-ਕਾਂਗਰਸ 'ਚ ਲੱਗੀ ਹੈ ਕ੍ਰੈਡਿਟ ਵਾਰ
ਕਰਤਾਰਪੁਰ ਸਾਹਿਬ ਲਾਂਘੇ ਲਈ ਭਾਵੇਂ ਕਿ ਪਹਿਲਾਂ ਵੀ ਕਈਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਇਸ ਵਾਰ ਸਿੱਧੂ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਪਰ ਕੈਪਟਨ ਨਾਲ ਪੰਗਾ ਪੈਣ ਤੋਂ ਬਾਅਦ ਸਿੱਧੂ ਲਗਭਗ ਹਰ ਕੰਮ ਤੋਂ ਹੀ ਕਿਨਾਰਾ ਕਰੀ ਬੈਠੇ ਹਨ, ਜਿਸ 'ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਦੇ ਕਾਂਗਰਸੀ ਧੜੇ ਵੱਲੋਂ ਲਾਂਘੇ ਦਾ ਕ੍ਰੈਡਿਟ ਲੈਣ ਲਈ ਦੌੜ ਲੱਗੀ ਦਿਖਾਈ ਦੇ ਰਹੀ ਹੈ।

ਭਾਵੇਂ ਕਿ ਸਿੱਧੂ ਪਹਿਲਾਂ ਵੀ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ, ਇਹ ਕੰਮ ਤਾਂ ਗੁਰੂ ਸਾਹਿਬ ਨੇ ਆਪ ਹੀ ਕਰਵਾਇਆ ਹੈ ਅਤੇ ਕਦੇ ਵੀ ਕ੍ਰੈਡਿਟ ਲੈਣ ਦੀ ਗੱਲ ਨਹੀਂ ਸੀ ਸਵੀਕਾਰੀ ਪਰ ਫਿਰ ਵੀ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸੀਆਂ ਖਾਸ ਕਰ ਕੇ ਕੈਪਟਨ ਧੜੇ ਵੱਲੋਂ ਇਸ ਲਾਂਘੇ ਦਾ ਸਾਰਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੌੜ ਵਿਚ ਸਿੱਧੂ ਪਤਾ ਨਹੀਂ ਕਿਧਰੇ ਗੁੰਮ ਹੋ ਗਏ ਦਿਖਾਈ ਦੇ ਰਹੇ ਹਨ। ਹੁਣ ਸੁਣਨ ਨੂੰ ਮਿਲ ਰਿਹਾ ਹੈ ਕਿ ਲਾਂਘਾ ਖੁੱਲ੍ਹਣ ਮੌਕੇ ਪਹਿਲੇ ਜਥੇ 'ਚ ਪੰਜਾਬ ਦੇ ਸਾਰੇ ਵਿਧਾਇਕ ਕੈਪਟਨ ਦੀ ਅਗਵਾਈ 'ਚ ਪਾਕਿਸਤਾਨ ਜਾਣਗੇ ਪਰ ਅਜਿਹੇ ਵਿਚ ਸਿੱਧੂ ਪਾਕਿਸਤਾਨ ਜਾਂਦੇ ਹਨ ਜਾਂ ਨਹੀਂ, ਇਸ ਸਬੰਧੀ ਵੀ ਅਜੇ ਸ਼ੰਸ਼ੋਪੰਜ ਹੀ ਬਣਿਆ ਹੋਇਆ ਹੈ।


cherry

Content Editor

Related News