ਦੀਵਾਲੀ ਤੋਂ ਬਾਅਦ ਪਹਿਲੇ ਐਤਵਾਰ ਲੁਧਿਆਣਾ ਰਿਹਾ ਦਿੱਲੀ ਤੋਂ ਵੀ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ
Monday, Oct 23, 2017 - 07:17 AM (IST)
ਲੁਧਿਆਣਾ,(ਬਹਿਲ)- ਦੀਵਾਲੀ ਤਿਓਹਾਰ 'ਤੇ ਹਾਈਕੋਰਟ ਦੇ ਹੁਕਮਾਂ 'ਤੇ ਪਟਾਕਿਆਂ 'ਤੇ ਲੱਗੀ ਪਾਬੰਦੀ ਕਾਰਨ ਇਸ ਸਾਲ ਬੀਤੇ ਸਾਲ ਦੇ ਮੁਕਾਬਲੇ ਹਵਾ ਪ੍ਰਦੂਸ਼ਣ ਪੱਧਰ ਵਿਚ ਚਾਹੇ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਅੱਜ ਤਿਓਹਾਰ ਦੇ ਤਿੰਨ ਦਿਨ ਬਾਅਦ ਆਏ ਪਹਿਲੇ ਐਤਵਾਰ ਦੇ ਦਿਨ ਵੀ ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਦੁਪਹਿਰ 12 ਵਜੇ ਏਅਰ ਕੁਆਲਿਟੀ ਇੰਡੈਕਸ 330 ਦੇ ਖਤਰਨਾਕ ਪੱਧਰ 'ਤੇ ਦਰਜ ਹੋਇਆ, ਜੋ ਇਸ ਨੂੰ ਪੰਜਾਬ ਵਿਚ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਵਿਚ ਸ਼ੁਮਾਰ ਕਰਦਾ ਹੈ।
ਅੱਜ ਦਿਨ ਵਿਚ 11 ਵਜੇ ਦੇਸ਼ ਦੀ ਰਾਜਧਾਨੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ 253 ਰਿਹਾ, ਜੋ ਪ੍ਰਤੱਖ ਰੂਪ ਨਾਲ ਦਰਸਾਉਂਦਾ ਹੈ ਕਿ ਪ੍ਰਦੂਸ਼ਣ ਦੇ ਮਾਮਲੇ 'ਚ ਲੁਧਿਆਣਾ ਨੇ ਦਿੱਲੀ ਨੂੰ ਵੀ ਪਛਾੜ ਦਿੱਤਾ ਹੈ। ਹਾਲਾਂਕਿ ਅੰਮ੍ਰਿਤਸਰ ਵਿਚ ਵੀ ਹਵਾ ਪ੍ਰਦੂਸ਼ਣ ਪੱਧਰ 293 ਰਿਹਾ ਅਤੇ ਇਹ ਅੰਕੜਾ ਵੀ ਦਰਸਾਉਂਦਾ ਹੈ ਕਿ ਅੰਮ੍ਰਿਤਸਰ ਵੀ ਦਿੱਲੀ ਤੋਂ ਜ਼ਿਆਦਾ ਪ੍ਰਦੂਸ਼ਤ ਸਿਟੀ ਰਿਹਾ।
ਪੰਜਾਬ 'ਚ ਹਵਾ ਪ੍ਰਦੂਸ਼ਣ ਪੱਧਰ ਵਧਣ ਦੀ ਮੁੱਖ ਵਜ੍ਹਾ
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਕਾਰਨ ਪਟਾਕਿਆਂ 'ਤੇ ਪਾਬੰਦੀ ਲੱਗਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਸਖ਼ਤੀ ਦਿਖਾਉਂਦੇ ਹੋਏ ਪਟਾਕਾ ਕਾਰੋਬਾਰੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਸਨ, ਜਿਸ ਕਾਰਨ ਦੀਵਾਲੀ 'ਤੇ ਸਾਲ 2016 ਦੇ ਮੁਕਾਬਲੇ ਘੱਟ ਪਟਾਕੇ ਚੱਲਣ ਨਾਲ ਪ੍ਰਦੂਸ਼ਣ ਵੀ ਕਾਫੀ ਘਟਿਆ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਪੰਜਾਬ ਭਰ ਦੇ ਵੱਖ-ਵੱਖ ਜ਼ਿਲਿਆਂ ਵਿਚ 1188 ਖੇਤਾਂ ਵਿਚ ਪਰਾਲੀ ਦੇ ਅੱਗ ਲੱਗਣ ਦੀਆਂ ਦੁਰਘਟਨਾਵਾਂ ਹੋਈਆਂ ਹਨ, ਜਦੋਂਕਿ ਸਾਲ 2016 ਵਿਚ ਇਨ੍ਹਾਂ ਦੀ ਗਿਣਤੀ 400 ਸੀ।
ਇਹ ਗੱਲ ਸਪੱਸ਼ਟ ਇਸ਼ਾਰਾ ਕਰਦੀ ਹੈ ਕਿ ਪੋਲਿਊਸ਼ਨ ਕੰਟਰੋਲ ਬੋਰਡ ਦੀ ਸਖ਼ਤੀ ਦੇ ਬਾਵਜੂਦ ਦੀਵਾਲੀ ਤਿਓਹਾਰ ਦੇ ਬਹਾਨੇ ਕਿਸਾਨਾਂ ਵੱਲੋਂ ਜਾਣ-ਬੁੱਝ ਕੇ ਪਰਾਲੀ ਨੂੰ ਅੱਗ ਲਾਉਣ ਨਾਲ ਪੰਜਾਬ ਵਿਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਜ਼ਿਲਾ ਲੁਧਿਆਣਾ ਵਿਚ ਹੀ 90 ਦੇ ਕਰੀਬ ਖੇਤਾਂ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ ਹਨ ਅਤੇ ਘੱਟ ਹਵਾ ਦਬਾਅ ਕਾਰਨ ਹਵਾ ਮੰਡਲ ਵਿਚ ਪ੍ਰਦੂਸ਼ਣ ਦਾ ਪੱਧਰ ਨਹੀਂ ਘਟ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਦੀ ਤਕਲੀਫ, ਸਕਿਨ ਐਲਰਜੀ, ਖਾਂਸੀ, ਜੁਕਾਮ ਅਤੇ ਅੱਖਾਂ ਵਿਚ ਜਲਨ ਹੋਣ ਦੀਆਂ ਕਾਫੀ ਸ਼ਿਕਾਇਤਾਂ ਵਧੀਆਂ ਹਨ।
