ਲੁਧਿਆਣਾ : ਟਰਾਂਸਪੋਰਟ ਹੜਤਾਲ ਕਾਰਨ ਇੰਡਸਟਰੀ ਦਾ 3000 ਕਰੋੜ ਦਾ ਮਾਲ ਡੰਪ
Thursday, Jul 26, 2018 - 10:35 AM (IST)
ਲੁਧਿਆਣਾ (ਬਹਿਲ) : 20 ਜੁਲਾਈ ਤੋਂ ਸ਼ੁਰੂ ਹੋਈ ਟਰਾਂਸਪੋਰਟ ਦੀ ਹੜਤਾਲ 6ਵੇਂ ਦਿਨ ਵੀ ਜਾਰੀ ਰਹੀ। ਹੜਤਾਲ ਕਾਰਨ ਲੁਧਿਆਣਾ ਦੀਆਂ ਉਦਯੋਗਿਕ ਇਕਾਈਆਂ 'ਤੇ ਆਰਥਿਕ ਸੰਕਟ ਛਾ ਰਿਹਾ ਹੈ ਅਤੇ ਇੰਡਸਟਰੀ ਬੰਦ ਹੋਣ ਦੀ ਕਗਾਰ 'ਤੇ ਪੁੱਜ ਚੁੱਕੀ ਹੈ। ਜਿੱਥੇ ਮਾਲ ਆਪਣੀ ਮੰਜ਼ਿਲ ਤੱਕ ਪੁੱਜਣ ਦੇ ਅਸਮਰੱਥ ਹੈ, ਉਥੇ ਹੀ ਉਦਯੋਗਾਂ 'ਚ ਕੱਚੇ ਮਾਲ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ।
ਟਰੱਕਾਂ ਦੀ ਹੜਤਾਲ ਕਾਰਨ ਦੂਜੇ ਸੂਬਿਆਂ ਤੋਂ ਕੱਚਾ ਮਾਲ ਮੰਗਵਾਉਣ ਵਾਲੀਆਂ ਕੰਪਨੀਆਂ ਮਾਲ ਦੀ ਸਪਲਾਈ ਨਾ ਹੋਣ ਕਾਰਨ ਬੰਦ ਹੋ ਚੁੱਕੀਆਂ ਹਨ। ਕਈ ਸਟੀਲ ਫਰਨਾਂਸ ਇਕਾਈਆਂ ਨੇ ਸਕਰੈਪ ਦੀ ਸਪਲਾਈ ਨਾ ਹੋਣ ਕਾਰਨ ਆਪਣੀ ਪ੍ਰੋਡਕਸ਼ਨ 2 ਸ਼ਿਫਟਾਂ ਤੋਂ ਘਟਾ ਕੇ ਇਕ ਸ਼ਿਫਟ 'ਚ ਬਦਲ ਦਿੱਤੀ ਹੈ। ਹੁਣ ਤੱਕ ਕਰੀਬ 3000 ਕਰੋੜ ਰੁਪਏ ਦਾ ਮਾਲ ਲੁਧਿਆਣਾ 'ਚ ਫਸ ਚੁੱਕਾ ਹੈ, ਜਿਸ ਨਾਲ ਕਾਰੋਬਾਰੀਆਂ ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਰੋ ਫੋਰਜ ਦੇ ਐੱੱਮ. ਡੀ. ਅਮਿਤ ਗੋਸਵਾਮੀ ਦਾ ਕਹਿਣਾ ਹੈ ਕਿ ਹੜਤਾਲ ਦਾ ਬੁਰਾ ਅਸਰ ਐਕਸਪੋਰਟ 'ਤੇ ਵੀ ਪੈਣਾ ਸ਼ੁਰੂ ਹੋ ਗਿਆ। ਮਾਲ ਦੇ ਸਮੇਂ 'ਤੇ ਨਾ ਪੁੱਜਣ ਕਾਰਨ ਆਰਡਰ ਰੱਦ ਹੋਣ ਦਾ ਵੀ ਖਤਰਾ ਪੈਦਾ ਹੋ ਗਿਆ ਹੈ। ਫੈਡਰੇਸ਼ਨ ਆਫ ਪੰਜਾਬ ਸਮਾਲ ਇੰਡਸਟਰੀਜ਼ ਸੰਘ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਜ਼ਿਆਦਾਤਰ ਲਘੂ ਇਕਾਈਆਂ ਆਪਣੇ ਕੋਲ 4 ਤੋਂ 5 ਦਿਨ ਦੀ ਇਨਵੈਨਟਰੀ ਹੀ ਰੱਖਦੀਆਂ ਹਨ। ਅਜਿਹੇ 'ਚ ਲਗਭਗ 60 ਫੀਸਦੀ ਇਕਾਈਆਂ ਬੰਦ ਹੋਣ ਦੀ ਕਗਾਰ 'ਤੇ ਪੁੱਜ ਚੁੱਕੀਆਂ ਹਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਟਰਾਂਸਪੋਰਟਰਾਂ ਦੀ ਹੜਤਾਲ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਹੈ।
