ਪੰਜਾਬ ਪੁਲਸ ਦੀ ਵਰਦੀ 'ਤੇ ਫਿਰ ਲੱਗਿਆ ਦਾਗ, ASI ਨੇ ਨਸ਼ਾ ਤਸਕਰਾਂ ਨੂੰ ਛੱਡਣ ਬਦਲੇ ਲਏ 70 ਹਜ਼ਾਰ

Wednesday, Mar 29, 2023 - 12:10 PM (IST)

ਪੰਜਾਬ ਪੁਲਸ ਦੀ ਵਰਦੀ 'ਤੇ ਫਿਰ ਲੱਗਿਆ ਦਾਗ, ASI ਨੇ ਨਸ਼ਾ ਤਸਕਰਾਂ ਨੂੰ ਛੱਡਣ ਬਦਲੇ ਲਏ 70 ਹਜ਼ਾਰ

ਲੁਧਿਆਣਾ (ਮੋਹਿਨੀ) : ਪੰਜਾਬ 'ਚ ਨਸ਼ਾ ਸਪਲਾਈ ਕਰਨ ਵਾਲੇ ਤਸਕਰਾਂ ਨੂੰ ਫੜ੍ਹਨ ਲਈ ਪੰਜਾਬ ਪੁਲਸ ਵੱਲੋਂ ਸਮੇਂ-ਸਮੇਂ 'ਤੇ ਮੁਹਿੰਮ ਚਲਾਈ ਜਾਂਦੀ ਹੈ ਪਰ ਜੇਕਰ ਪੁਲਸ ਨਸ਼ਾ ਤਸਕਰਾਂ ਦਾ ਸਾਥ ਦੇਣ ਲੱਗ ਜਾਵੇ ਤਾਂ ਜਨਤਾ ਦਾ ਭਰੋਸਾ ਹੀ ਉੱਠ ਜਾਵੇਗਾ। ਇਕ ਪਾਸੇ ਪੰਜਾਬ ਸਰਕਾਰ ਨਸ਼ਾ ਮੁਕਤ ਸੂਬਾ ਬਣਾਉਣ ਦਾ ਪ੍ਰਚਾਰ ਕਰ ਰਹੀ ਹੈ ਤਾਂ ਦੂਜੇ ਪਾਸੇ ਪੁਲਸ ਮੁਲਾਜ਼ਮ ਹੀ ਇਨ੍ਹਾਂ ਦਾਅਵਿਆਂ ਦੇ ਉਲਟ ਚੱਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਅਧੀਨ ਪੈਂਦੀ ਬਸੰਤ ਪਾਰਕ ਪੁਲਸ ਚੌਂਕੀ ਦਾ ਸਾਹਮਣੇ ਆਇਆ ਹੈ। ਇਸ 'ਚ ਚੌਂਕੀ ਇੰਚਾਰਜ ਏ. ਐੱਸ. ਆਈ. ਜਰਨੈਲ ਸਿੰਘ ਨੇ ਫੜ੍ਹੇ ਗਏ ਨਸ਼ਾ ਤਸਕਰਾਂ 'ਤੇ ਮਾਮਲਾ ਦਰਜ ਨਾ ਕਰਨ ਦੇ ਏਵਜ਼ 'ਚ ਇਕ ਲੱਖ ਰੁਪਏ ਦੀ ਮੰਗ ਕੀਤੀ, ਜਿਸ 'ਤੇ ਨਸ਼ਾ ਤਸਕਰਾਂ ਨੇ ਮਾਮਲਾ 70 ਹਜ਼ਾਰ 'ਚ ਤੈਅ ਕਰ ਲਿਆ ਅਤੇ ਪੁਲਸ ਨੇ ਉਨ੍ਹਾਂ ਨੂੰ ਛੱਡ ਦਿੱਤਾ।

ਇਹ ਵੀ ਪੜ੍ਹੋ : ਵਿਸਾਖੀ ਲਿਸਟ 'ਚ ਸ਼ਾਮਲ ਹੋਇਆ ਨਵਜੋਤ ਸਿੱਧੂ ਦੀ ਰਿਹਾਈ ਦਾ ਮਾਮਲਾ, ਆਖ਼ਰੀ ਫ਼ੈਸਲਾ CM ਦਾ

ਪੁਲਸ ਦੀ ਵੱਡੀ ਲਾਪਰਵਾਹੀ ਦੇ ਕਾਰਨ ਖ਼ਾਕੀ ਵਰਦੀ ਇਕ ਵਾਰ ਫਿਰ ਦਾਗਦਾਰ ਹੋ ਗਈ। ਇਸ ਮਾਮਲੇ ਦੀ ਭਿਣਕ ਉੱਚ ਅਧਿਕਾਰੀਆਂ ਨੂੰ ਲੱਗੀ ਅਤੇ ਪੁਲਸ ਨੂੰ ਸੂਚਨਾ ਮਿਲੀ ਕਿ ਨਸ਼ਾ ਤਸਕਰ ਅੰਮ੍ਰਿਤਪਾਲ ਅਤੇ ਪਰਵਿੰਦਰ ਸਿੰਘ ਮੋਟਰਸਾਈਕਲ 'ਤੇ ਜਲੰਧਰ ਤੋਂ ਨਸ਼ੇ ਦੀ ਸਪਲਾਈ ਦੇਣ ਆ ਰਹੇ ਹਨ। ਇਸ 'ਤੇ ਥਾਣਾ ਮੁਖੀ ਪ੍ਰਮੋਦ ਕੁਮਾਰ ਨੇ ਲੇਬਰ ਚੌਂਕ ਸ਼ਿਮਲਾਪੁਰੀ 'ਚ ਨਾਕੇਬੰਦੀ ਕਰਕੇ ਉਕਤ ਦੋਸ਼ੀਆਂ ਨੂੰ 13 ਗ੍ਰਾਮ ਹੈਰੋਇਨ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ : ਭਾਰਤ 'ਚ ਗਿਆਨੀ ਹਰਪ੍ਰੀਤ ਸਿੰਘ ਦਾ ਟਵੀਟ ਬੈਨ ਹੋਣ 'ਤੇ ਸੁਖਬੀਰ ਬਾਦਲ ਦੀ ਤਿੱਖੀ ਪ੍ਰਤੀਕਿਰਿਆ

ਪੁੱਛਗਿੱਛ 'ਚ ਦੋਸ਼ੀਆਂ ਨੇ ਪਹਿਲਾਂ ਵਾਲੇ ਮਾਮਲੇ ਦੀ ਜਾਣਕਾਰੀ ਵੀ ਦੇ ਦਿੱਤੀ, ਜਿਸ 'ਚ ਦੋਸ਼ੀਆਂ ਦਾ ਏ. ਐੱਸ. ਆਈ. ਜਰਨੈਲ ਸਿੰਘ ਨਾਲ ਸੌਦਾ ਤੈਅ ਹੋਇਆ ਸੀ। ਥਾਣਾ ਸ਼ਿਮਲਾਪੁਰੀ ਦੇ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਐੱਨ. ਡੀ. ਪੀ. ਸੀ. ਐਕਟ ਤਹਿਤ ਅੰਮ੍ਰਿਤਪਾਲ ਸਿੰਘ, ਪਰਵਿੰਦਰ ਸਿੰਘ ਅਤੇ ਏ. ਐੱਸ. ਆਈ. ਜਰਨੈਲ ਸਿੰਘ 'ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਪਰ ਏ. ਐੱਸ. ਆਈ. ਜਰਨੈਲ ਸਿੰਘ ਨੂੰ ਮੁਅੱਤਲ ਕਰਨ ਦੀ ਕਿਸੇ ਵੀ ਉੱਚ ਅਧਿਕਾਰੀ ਨੇ ਫਿਲਹਾਲ ਕੋਈ ਪੁਸ਼ਟੀ ਨਹੀਂ ਕੀਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News