7 ਲੋਕਾਂ ਦੇ ਜਿਊਂਦਾ ਸੜਨ ਦਾ ਮਾਮਲਾ, ਹਾਦਸੇ 'ਚ ਬਚਿਆ ਰਾਜੇਸ਼ ਬੋਲਿਆ-'ਮੈਂ ਜਿਊਂਦਾ ਹੀ ਮਰਿਆਂ ਬਰਾਬਰ ਹਾਂ'
Thursday, Apr 21, 2022 - 10:19 AM (IST)
ਲੁਧਿਆਣਾ (ਰਾਜ) : ਪਰਿਵਾਰ ਦੇ ਨਾਲ ਖਾਣਾ ਖਾਣ ਤੋਂ ਬਾਅਦ ਰਾਜੇਸ਼ ਆਪਣੇ ਦੋਸਤ ਦੀ ਝੁੱਗੀ ’ਚ ਸੌਣ ਲਈ ਚਲਾ ਗਿਆ ਸੀ। ਉਸ ਨੂੰ ਕੀ ਪਤਾ ਸੀ ਕਿ ਇਹ ਪਰਿਵਾਰ ਨਾਲ ਉਸ ਦੀ ਆਖ਼ਰੀ ਮੁਲਾਕਾਤ ਹੈ। ਉਸ ਦਾ ਪਰਿਵਾਰ ਵੀ ਖਾਣਾ ਖਾਣ ਤੋਂ ਬਾਅਦ ਸੌਂ ਗਿਆ ਸੀ। ਉਨ੍ਹਾਂ ਨੂੰ ਵੀ ਕੀ ਪਤਾ ਸੀ ਕਿ ਇਸ ਤਰ੍ਹਾਂ ਦੀ ਮੌਤ ਆਵੇਗੀ ਕਿ ਮਦਦ ਵੀ ਨਹੀਂ ਮਿਲ ਸਕੇਗੀ। ਦੇਰ ਰਾਤ ਜਦੋਂ ਅੱਗ ਲੱਗੀ ਤਾਂ ਪਰਿਵਾਰ ਝੁੱਗੀ ਅੰਦਰ ਹੀ ਜਿਊਂਦਾ ਸੜ ਗਿਆ ਪਤਾ ਲੱਗਣ ’ਤੇ ਰਾਜੇਸ਼ ਵੀ ਦੋਸਤ ਦੀ ਝੁੱਗੀ ’ਚੋਂ ਭੱਜ ਕੇ ਆਇਆ। ਅੱਗ ਬੁਝਾਉਣ ਦਾ ਯਤਨ ਵੀ ਕੀਤਾ ਪਰ ਸਫ਼ਲ ਨਹੀਂ ਹੋ ਸਕਿਆ। ਉਸ ਦੇ ਸਾਹਮਣੇ ਹੀ ਸਾਰਾ ਪਰਿਵਾਰ ਤੜਫ-ਤੜਫ ਕੇ ਦਮ ਤੋੜ ਗਿਆ। ਸਾਰਾ ਪਰਿਵਾਰ ਖ਼ਤਮ ਹੋਣ ਤੋਂ ਬਾਅਦ ਰਾਜੇਸ਼ ਬੋਲਿਆ ਕਿ ਉਸ ਦੇ ਮਾਤਾ-ਪਿਤਾ, ਭੈਣ-ਭਰਾ ਸਾਰੇ ਉਸ ਦੀਆਂ ਅੱਖਾਂ ਦੇ ਸਾਹਮਣੇ ਮਰ ਗਏ ਅਤੇ ਉਹ ਜਿਊਂਦਾ ਬਚ ਗਿਆ ਪਰ ਉਸ ਦਾ ਜ਼ਿੰਦਾ ਰਹਿਣਾ ਵੀ ਮਰਿਆਂ ਬਰਾਬਰ ਹੈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਰਦਨਾਕ ਹਾਦਸਾ, ਝੁੱਗੀ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 7 ਲੋਕ ਜ਼ਿੰਦਾ ਸੜੇ
ਦਰਵਾਜ਼ਾ ਤੋੜ ਕੇ ਲੋਕਾਂ ਨੇ ਬਚਾਉਣ ਦਾ ਕੀਤਾ ਸੀ ਯਤਨ
ਝੁੱਗੀ ਕੱਚੀ ਸੀ ਪਰ ਦਰਵਾਜ਼ਾ ਲਗਾਇਆ ਹੋਇਆ ਸੀ। ਸਾਹਨੀ ਦਾ ਪਰਿਵਾਰ ਸੌਣ ਤੋਂ ਬਾਅਦ ਅੰਦਰੋਂ ਕੁੰਡੀ ਲਗਾ ਲੈਂਦਾ ਸੀ। ਅੱਗ ਲੱਗਣ ’ਤੇ ਬਾਹਰ ਆਉਣ ਲਈ ਜਲਦਬਾਜ਼ੀ ਵਿਚ ਪਰਿਵਾਰ ਕੁੰਡੀ ਨਹੀਂ ਖੋਲ੍ਹ ਸਕਿਆ। ਇਸ ਲਈ ਬਾਹਰ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਦਰਵਾਜ਼ਾ ਹੀ ਤੋੜ ਦਿੱਤਾ ਸੀ ਤਾਂ ਕਿ ਕਿਸੇ ਨੂੰ ਬਚਾਇਆ ਜਾ ਸਕੇ ਪਰ ਸਾਰਾ ਪਰਿਵਾਰ ਹੀ ਸੜ ਗਿਆ। ਗੁਆਂਢੀ ਜਨਾਨੀ ਦਾ ਕਹਿਣਾ ਹੈ ਅੱਗ ਲੱਗਣ ਦਾ ਪਤਾ ਲੱਗਣ ’ਤੇ ਉਹ ਵੀ ਪਰਿਵਾਰ ਨਾਲ ਆਪਣੀ ਝੁੱਗੀ ਛੱਡ ਕੇ ਬਾਹਰ ਆ ਗਈ ਸੀ ਤਾਂ ਕਿ ਅੱਗ ਨਾ ਫੈਲ ਜਾਵੇ।
ਇਹ ਵੀ ਪੜ੍ਹੋ : ਸੰਗਰੂਰ ਦੇ ਇਸ ਪਿੰਡ ਦੀ ਪੰਚਾਇਤ ਨੇ ਕਰ ਦਿਖਾਇਆ ਕਮਾਲ, 24 ਅਪ੍ਰੈਲ ਨੂੰ PM ਮੋਦੀ ਦੇਣਗੇ ਐਵਾਰਡ
ਸ਼ੱਕ, ਅੱਗ ਲੱਗੀ ਨਹੀਂ, ਲਗਾਈ ਗਈ ਹੈ ਪੁਲਸ ਕਰ ਰਹੀ ਜਾਂਚ
ਸ਼ੁਰੂਆਤੀ ਜਾਂਚ ਵਿਚ ਇਹ ਦੱਸਿਆ ਜਾ ਰਿਹਾ ਸੀ ਕਿ ਅੱਗ ਸ਼ਾਰਟ ਸਰਕਟ ਨਾਲ ਜਾਂ ਅੰਦਰ ਬਣੇ ਚੁੱਲ੍ਹੇ ਤੋਂ ਲੱਗੀ ਹੋ ਸਕਦੀ ਹੈ ਪਰ ਝੁੱਗੀ ਦੇ ਅੰਦਰ ਬਣਿਆ ਚੁੱਲਾ ਪਰਿਵਾਰ ਹਮੇਸ਼ਾ ਪਾਣੀ ਪਾ ਕੇ ਬੁਝਾ ਦਿੰਦਾ ਸੀ। ਇਸ ਲਈ ਚੁੱਲ੍ਹੇ ਤੋਂ ਅੱਗ ਲੱਗਣ ਦੀ ਗੱਲ ਸਪੱਸ਼ਟ ਨਹੀਂ ਹੋਈ ਹੈ। ਉੱਥੇ ਬਿਜਲੀ ਦੀ ਤਾਰ ਨਾਲ ਸ਼ਾਰਟ ਸਰਕਟ ਵੀ ਪੁਲਸ ਦੇ ਗਲੇ ਤੋਂ ਨਹੀਂ ਉਤਰ ਰਿਹਾ ਕਿਉਂਕਿ ਨਾਲ ਕਈ ਝੁੱਗੀਆਂ ਹੋਣ ਦੇ ਬਾਵਜੂਦ ਸਿਰਫ ਇਕ ਹੀ ਝੁੱਗੀ ’ਚ ਅੱਗ ਲੱਗਣਾ ਇਹ ਸ਼ੱਕ ਜ਼ਾਹਿਰ ਕਰਦਾ ਹੈ ਕਿ ਅੱਗ ਲੱਗੀ ਨਹੀਂ, ਸਗੋਂ ਲਗਾਈ ਗਈ ਹੈ। ਭਾਵੇਂ ਪੁਲਸ ਹੁਣ ਇਸ ਨੂੰ ਸ਼ੱਕੀ ਮੰਨ ਰਹੀ ਹੈ ਹੈ ਜਾਂ ਇਸ ਐਂਗਲ ’ਤੇ ਵੀ ਜਾਂਚ ਕਰ ਰਹੀ ਹੈ। ਉਧਰ ਸੁਰੇਸ਼ ਸਾਹਨੀ ਅਤੇ ਅਰੁਣਾ ਦੇਵੀ ਦਾ ਵਿਸਰਾ ਜਾਂਚ ਦੇ ਲਈ ਖਰੜ ਲੈਬ ਵਿਚ ਭੇਜਿਆ ਗਿਆ ਹੈ ਤਾਂ ਕਿ ਮੌਤ ਦਾ ਸਪੱਸ਼ਟ ਕਾਰਨ ਪਤਾ ਲੱਗ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ