ਲੁਧਿਆਣਾ ਦੇ ਘਰ ''ਚ ਹੋ ਗਿਆ ਜ਼ਬਰਦਸਤ ਧਮਾਕਾ! ਢਹਿ ਗਈਆਂ ਕੰਧਾਂ, ਮਲਬੇ ਹੇਠ ਦੱਬਿਆ ਪਰਿਵਾਰ
Thursday, Jun 04, 2026 - 12:39 PM (IST)
ਲੁਧਿਆਣਾ (ਰਾਜ): ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਗੁਰੂ ਤੇਗ ਬਹਾਦਰ ਕਾਲੋਨੀ ਤੋਂ ਇਕ ਬੇਹੱਦ ਹੀ ਦਿਲ ਦਹਿਲਾ ਦੇਣ ਵਾਲੇ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਘਰ ਦੀ ਰਸੋਈ ਵਿਚ ਖਾਣਾ ਬਣਾਉਂਦੇ ਸਮੇਂ ਅਚਾਨਕ ਪ੍ਰੈਸ਼ਰ ਕੂਕਰ ਬੰਬ ਵਾਂਗ ਫਟ ਗਿਆ। ਧਮਾਕਾ ਇੰਨਾ ਭਿਆਨਕ ਅਤੇ ਜ਼ੋਰਦਾਰ ਸੀ ਕਿ ਰਸੋਈ ਦੀ ਮਜ਼ਬੂਤ ਕੰਧ ਤਕ ਢਹਿ ਗਈ। ਇਸ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਪੂਰੀ ਕਾਲੋਨੀ ਵਿਚ ਹੜਕੰਪ ਮਚ ਗਿਆ ਅਤੇ ਆਸ-ਪਾਸ ਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਮੁਤਾਬਕ, ਘਰ ਦੇ ਮੈਂਬਰ ਰੋਜ਼ਾਨਾ ਵਾਂਗ ਰਸੋਈ ਵਿਚ ਖਾਣਾ ਤਿਆਰ ਕਰ ਰਹੇ ਸਨ ਕਿ ਅਚਾਨਕ ਪ੍ਰੈਸ਼ਰ ਕੂਕਰ ਦੇ ਅੰਦਰ ਗੈਸ ਦਾ ਦਬਾਅ ਬੇਹੱਦ ਵਧ ਗਿਆ ਅਤੇ ਉਹ ਬੇਕਾਬੂ ਹੋ ਕੇ ਬਲਾਸਟ ਹੋ ਗਿਆ। ਇਸ ਖੌਫ਼ਨਾਕ ਹਾਦਸੇ ਦੀ ਲਪੇਟ ਵਿਚ ਆਉਣ ਨਾਲ ਘਰ ਵਿਚ ਮੌਜੂਦ ਦੋ ਲੋਕ ਗੰਭੀਰ ਰੂਪ ਵਿਚ ਝੁਲਸ ਗਏ ਅਤੇ ਜ਼ਖਮੀ ਹੋ ਗਏ। ਧਮਾਕੇ ਦੀ ਗੂੰਜ ਸੁਣਦੇ ਹੀ ਆਂਢ-ਗੁਆਂਢ ਦੇ ਲੋਕ ਤੁਰੰਤ ਮਦਦ ਲਈ ਘਰ ਵੱਲ ਦੌੜੇ ਅਤੇ ਮਲਬੇ ਤੇ ਰਸੋਈ ਦੇ ਸਾਮਾਨ ਦੇ ਵਿਚਕਾਰ ਫਸੇ ਜ਼ਖਮੀਆਂ ਨੂੰ ਬਾਹਰ ਕੱਢਿਆ। ਚੀਕ-ਚਿਹਾੜੇ ਦੇ ਵਿਚਕਾਰ ਦੋਵਾਂ ਗੰਭੀਰ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀ ਦੇਖ-ਰੇਖ ਵਿਚ ਉਨ੍ਹਾਂ ਦਾ ਇਲਾਜ ਜਾਰੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਦੀ ਟੀਮ ਵੀ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਪੂਰੀ ਕਾਲੋਨੀ ਦੇ ਲੋਕ ਸਹਿਮੇ ਹੋਏ ਹਨ।
