ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ 314 ਨਵੇਂ ਮਾਮਲਿਆਂ ਦੀ ਪੁਸ਼ਟੀ, 12 ਮਰੀਜ਼ਾਂ ਦੀ ਮੌਤ
Saturday, Aug 08, 2020 - 08:42 PM (IST)
ਲੁਧਿਆਣਾ, (ਸਹਿਗਲ)- ਪ੍ਰਸ਼ਾਸਨ ਦੇ ਦਾਅਵਿਆਂ ਦੇ ਬਾਵਜੂਦ ਲੁਧਿਆਣਾ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅੱਜ 314 ਮਰੀਜ਼ ਸਾਹਮਣੇ ਆਏ ਹਨ, ਜਦੋਂ ਕਿ 12 ਦੀ ਮੌਤ ਹੋ ਗਈ। ਇਨ੍ਹਾਂ 314 ਮਰੀਜ਼ਾਂ ਵਿਚ 296 ਜ਼ਿਲੇ ਦੇ ਰਹਿਣ ਵਾਲੇ ਹਨ, ਜਦੋਂ ਕਿ 18 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਹੁਣ ਤੱਕ ਮਹਾਨਗਰ ਵਿਚ 4,808 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 160 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲਿਆਂ ਅਤੇ ਰਾਜਾਂ ਤੋਂ ਇੱਥੇ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਵਿਚੋਂ 565 ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ 44 ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਉਣ ਵਾਲੇ ਮਰੀਜ਼ਾਂ ਵਿਚ 360 ਮਰੀਜ਼ ਬਲੂ ਕਾਰਨਰ ਤੋਂ ਸਾਹਮਣੇ ਆਏ, ਜਦੋਂ ਕਿ 144 ਪਾਰਟੀ ਪਾਜ਼ੇਟਿਵ ਮਰੀਜ਼ਾਂ ਦੇ ਸਪੰਰਕ ਵਿਚ ਆਉਣ ਨਾਲ ਪੀੜਤ ਹੋਏ, 32 ਮਰੀਜ਼ ਹਸਪਤਾਲਾਂ ਦੀ ਓ. ਪੀ. ਡੀ. ਵਿਚ ਸਾਹਮਣੇ ਆਏ। ਇਨ੍ਹਾਂ ਵਿਚ 8 ਪੁਲਸ ਮੁਲਾਜ਼ਮ, 5 ਹੈਲਥ ਕੇਅਰ ਵਰਕਰ, ਇਕ ਅੰਡਰ ਟ੍ਰਾਇਲ, 4 ਗਰਭਵਤੀ ਔਰਤਾਂ ਅਤੇ 3 ਡੋਮੈਸਟਿਕ ਯਾਤਰੀ ਹਨ।
1894 ਮਰੀਜ਼ਾਂ ਦੀ ਰਿਪੋਰਟ ਪੈਂਡਿੰਗ
ਸਿਵਲ ਸਰਜਨ ਡਾ. ਰਾਜੇਸ਼ ਬੱਗਾ ਮੁਤਾਬਕ 1894 ਮਰੀਜ਼ਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਸ ਦੇ ਨਤੀਜੇ ਜਲਦ ਹੀ ਮਿਲ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਅੱਜ 1102 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 70,904 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 69,010 ਦੀ ਰਿਪੋਰਟ ਮਿਲੀ ਹੈ। ਇਨ੍ਹਾਂ ਵਿਚੋਂ 63,637 ਦੀ ਰਿਪੋਰਟ ਨੈਗੇਟਿਵ ਆਈ ਹੈ।
404 ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 24,854 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਜਾ ਚੁੱਕਾ ਹੈ। ਮੌਜੂਦਾ ਸਮੇਂ ਵਿਚ 4,782 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਅੱਜ ਵੀ 404 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਇਹ ਆਪਣੇ ਘਰਾਂ ਵਿਚ ਰੱਖੇ ਗਏ ਹਨ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਾਰਣ ਘਰਾਂ ’ਚੋਂ ਬਾਹਰ ਨਾ ਨਿਕਲਣ, ਵਾਰ-ਵਾਰ ਹੱਥ ਧੋਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਤਾਂ ਹੀ ਸੁਰੱਖਿਅਤ ਰਹਿਣਗੇ ਅਤੇ ਦੂਜਿਆਂ ਨੂੰ ਵੀ ਸੁਰੱਖਿਅਤ ਰਹਿਣ ਵਿਚ ਸਹਿਯੋਗ ਦੇਣਗੇ।
ਮ੍ਰਿਤਕ ਮਰੀਜ਼ਾਂ ਦਾ ਬਿਓਰਾ
ਸਾਹਨੇਵਾਲ (60) ਨਿਵਾਸੀ ਆਨੰਦ ਨਗਰ ਖੰਨਾ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ। ਮੁਹੰਮਦ ਅਰਸ਼ (66) ਨਿਵਾਸੀ ਭਾਈ ਰਣਧੀਰ ਸਿੰਘ ਨਗਰ ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ। ਮੱਖਣ ਸਿੰਘ (55) ਰਾਹੋਂ ਦੇ ਰਹਿਣ ਵਾਲੇ ਸਨ ਅਤੇ ਓਰੀਸਨ ਹਸਪਤਾਲ ਵਿਚ ਭਰਤੀ ਸੀ। ਪ੍ਰਿਯਾਂਸ਼ੂ (14) ਭਾਮੀਆਂ ਕਲਾਂ ਦਾ ਰਹਿਣ ਵਾਲਾ ਸੀ। ਰਾਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ।ਮਨਮੋਹਨ ਸਿੰਘ (58) ਰਾਹੋਂ ਰੋਡ ਦੇ ਰਹਿਣ ਵਾਲੇ ਸਨ। ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਵਿਚ ਭਰਤੀ ਸੀ। ਸਿਕੰਦਰ ਸਿੰਘ (35) ਪਿੰਡ ਕਾਉਂਕੇ ਦੇ ਰਹਿਣ ਵਾਲੇ ਸਨ। ਸਿਵਲ ਹਸਪਤਾਲ ਜਗਰਾਓਂ ਵਿਚ ਭਰਤੀ ਸੀ। ਪਵਨ ਕੁਮਾਰ (52) ਉੱਤਮ ਨਗਰ ਮਿਲਰਗੰਜ ਦੇ ਰਹਿਣ ਵਾਲੇ ਸਨ। ਦਯਾਨੰਦ ਹਸਪਤਾਲ ਵਿਚ ਭਰਤੀ ਸੀ। ਜੋਤੀ ਗੋਇਲ (24) ਜਨਤਾ ਨਗਰ ਦੀ ਰਹਿਣ ਵਾਲੀ ਸੀ। ਦਯਾਨੰਦ ਹਸਪਤਾਲ ਵਿਚ ਭਰਤੀ ਸੀ। ਸੁਦੇਸ਼ ਰਾਣੀ (54) ਹੈਬੋਵਾਲ ਕਲਾਂ ਦੀ ਰਹਿਣ ਵਾਲੀ ਸੀ। ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ। ਅਸ਼ੋਕ ਕੁਮਾਰ ਪੁਰਾਣੀ ਸਬਜ਼ੀ ਮੰਡੀ ਸਮਰਾਲਾ ਦੇ ਕੋਲ ਕੰਗ ਮੁਹੱਲਾ ਦੇ ਰਹਿਣ ਵਾਲੇ ਸਨ। ਰਜਿੰਦਰਾ ਹਸਪਤਾਲ ਪਟਿਆਲਾ ਵਿਚ ਭਰਤੀ ਸੀ। ਸੁਭਾਸ਼ ਕੁਮਾਰ (53) ਗੁਰੂ ਅਰਜਨ ਦੇ ਨਗਰ ਦੇ ਰਹਿਣ ਵਾਲੇ ਸਨ ਅਤੇ ਜੀ. ਟੀ. ਬੀ. ਹਸਪਤਾਲ ਵਿਚ ਭਰਤੀ ਸੀ। ਬਲਜਿੰਦਰ ਸਿੰਘ ਨਿਵਾਸੀ ਧਾਂਦਰਾਂ ਰੋਡ ਦੇ ਰਹਿਣ ਵਾਲੇ ਸਨ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ।