ਲੁਧਿਆਣਾ ਜ਼ਿਲ੍ਹੇ ''ਚ ਕੋਰੋਨਾ ਦਾ ਕਹਿਰ ਜਾਰੀ, 126 ਨਵੇਂ ਮਾਮਲਿਆਂ ਦੀ ਪੁਸ਼ਟੀ, 18 ਦੀ ਮੌਤ
Friday, Aug 28, 2020 - 11:52 PM (IST)
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦਾ ਕਹਿਰ ਲੁਧਿਆਣਾ ਜ਼ਿਲ੍ਹੇ 'ਚ ਜਾਰੀ ਹੈ। ਜ਼ਿਲ੍ਹੇ 'ਚ ਅੱਜ 18 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦਕਿ 126 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। 18 ਮ੍ਰਿਤਕ ਮਰੀਜ਼ਾਂ 'ਚ 10 ਜਨਾਨੀਆਂ ਸ਼ਾਮਲ ਹਨ। ਸਿਹਤ ਵਿਭਾਗ ਮੁਤਾਬਕ 18 ਮ੍ਰਿਤਕ ਮਰੀਜ਼ਾਂ 'ਚੋਂ 11 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ, ਜਦਕਿ 7 ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਦੇ ਰਹਿਣ ਵਾਲੇ ਹਨ। ਇਸੇ ਤਰ੍ਹਾਂ 126 ਮਰੀਜ਼ਾਂ 'ਚੋਂ 119 ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਹੁਣ ਤੱਕ ਮਹਾਨਗਰ ਵਿਚ ਜ਼ਿਲ੍ਹਾ ਸਿਹਤ ਵਿਭਾਗ ਦੀ ਰਿਪੋਰਟ ਦੇ ਮੁਤਾਬਕ 9546 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 362 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਬਾਹਰੀ ਜ਼ਿਲ੍ਹਿਆਂ ਤੋਂ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚੋਂ 979 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਮਰੀਜ਼ਾਂ ਵਿਚੋਂ 87 ਮਰੀਜ਼ਾਂ ਦੀ ਮੌਤ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਲੁਧਿਆਣਾ ਪੰਜਾਬ ਵਿਚ ਮਰੀਜ਼ਾਂ ਦੀ ਗਿਣਤੀ ਅਤੇ ਮਰਨ ਵਾਲੇ ਮਰੀਜ਼ਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਪਹਿਲੇ ਸਥਾਨ 'ਤੇ ਹੈ ਅਤੇ ਸਭ ਤੋਂ ਬਦਤਰ ਹਾਲਤ 'ਚ ਹੈ। ਸਥਿਤੀ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਅਣਥੱਕ ਮਿਹਨਤ ਵੀ ਕਰ ਰਿਹਾ ਹੈ, ਜਦਕਿ ਇਕ ਅਧਿਕਾਰੀ ਅੰਕੜੇ ਘੱਟ ਦਿਖਾਉਣ ਦੇ ਚੱਕਰ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਹੇਰਫੇਰ ਵੀ ਕਰ ਰਿਹਾ ਹੈ ਪਰ ਹਾਲਾਤ ਕਾਬੂ ਵਿਚ ਨਹੀਂ ਆ ਰਹੇ। ਅੱਜ ਵੀ ਚੰਡੀਗੜ੍ਹ ਤੋਂ ਜਾਰੀ ਕੋਵਿਡ-19 ਬੁਲੇਟਿਨ ਅਤੇ ਜ਼ਿਲ੍ਹਾ ਸਿਹਤ ਵਿਭਾਗ ਦੀ ਰਿਪੋਰਟ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ ਵਿਚ 691 ਮਰੀਜ਼ਾਂ ਦਾ ਫਰਕ ਸਾਫ ਦੇਖਿਆ ਜਾ ਸਕਦਾ ਹੈ। ਡੀ.ਸੀ. ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਵਿਚ ਕੋਰੋਨਾ ਵਾਇਰਸ ਦਾ ਦੌਰ ਸ਼ਿਖਰ 'ਤੇ ਚੱਲ ਰਿਹਾ ਹੈ, ਫਿਰ ਵੀ ਮਰੀਜ਼ਾਂ ਦੀ ਰਿਕਵਰੀ ਦਰ 77 ਫੀਸਦੀ ਤੋਂ ਜ਼ਿਆਦਾ ਚੱਲ ਰਹੀ ਹੈ।
3784 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜ
ਜ਼ਿਲ੍ਹਾ ਸਿਹਤ ਵਿਭਾਗ ਨੇ ਅੱਜ 3783 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਇਸ ਤੋਂ ਇਲਾਵਾ 2311 ਮਰੀਜ਼ਾਂ ਦੇ ਟੈਸਟ ਦੀ ਰਿਪੋਰਟ ਅਜੇ ਪੈਂਡਿੰਗ ਚੱਲ ਰਹੀ ਹੈ।
ਲੋਕ ਆਪ ਅੱਗੇ ਆ ਕੇ ਕਰਵਾਉਣ ਆਪਣੀ ਜਾਂਚ: ਡੀ.ਸੀ.
ਡੀ. ਸੀ. ਵਰਿੰਦਰ ਸ਼ਰਮਾ ਨੇ ਕਿਹਾ ਕਿ ਜੇਕਰ ਕੋਵਿਡ-19 ਦੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਲੋਕਾਂ ਨੂੰ ਆਪ ਅੱਗੇ ਆ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੱਛਣਾਂ ਦਾ ਪਤਾ ਲਗਾਉਣ ਅਤੇ ਜਾਂਚ ਦੌਰਾਨ ਦਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਜਦੋਂ ਲੋਕ ਲੱਛਣਾਂ ਦੇ ਬਾਵਜੂਦ ਖੁਦ ਦਾ ਪ੍ਰੀਖਣ ਨਹੀਂ ਕਰਵਾਉਂਦੇ ਤਾਂ ਕਦੇ-ਕਦੇ ਉਨ੍ਹਾਂ ਦੀ ਸਿਹਤ ਵਿਗੜ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁਲ 117290 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 114979 ਸੈਂਪਲਾ ਦੀ ਰਿਪੋਰਟ ਸਿਹਤ ਵਿਭਾਗ ਨੂੰ ਮਿਲ ਗਈ ਹੈ। ਇਨ੍ਹਾਂ ਵਿਚ 104444 ਸੈਂਪਲ ਨੈਗੇਟਿਵ ਆਏ ਹਨ। ਹੁਣ ਤੱਕ 33390 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿਚ ਰੱਖਿਆ ਗਿਆ ਹੈ, ਜਦੋਂਕਿ ਮੌਜੂਦਾ ਵਿਚ 5930 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਹਨ। ਅੱਜ ਵੀ 416 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰੱਖੇ ਗਏ ਹਨ।