ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਨਾਲ ਕੰਬਿਆ ਪੰਜਾਬ, ਤਿੰਨ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਸ

Friday, Dec 24, 2021 - 03:39 PM (IST)

ਲੁਧਿਆਣਾ (ਜਗ ਬਾਣੀ ਟੀਮ) : ਲੁਧਿਆਣਾ ਦੇ ਕੋਰਟ ਕੰਪਲੈਕਸ ’ਚ ਹੋਏ ਧਮਾਕੇ ਦੇ ਮਾਮਲੇ ’ਚ ਪੁਲਸ ਪ੍ਰਸ਼ਾਸਨ 2 ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਿਹਾ ਹੈ ਕਿਉਂਕਿ ਪੁਲਸ ਨੂੰ ਫਿਲਹਾਲ ਹੁਣ ਤੱਕ ਕੁਝ ਵੀ ਪੁਖਤਾ ਸਬੂਤ ਨਹੀਂ ਮਿਲੇ ਹਨ। ਪੁਲਸ ਜਿੱਥੇ 2 ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਹੈ, ਉੱਥੇ ਹੀ ਇਹ ਵੀ ਵੱਡਾ ਸਵਾਲ ਹੈ ਕਿ ਆਖਿਰ ਇਸ ਧਮਾਕੇ ਦਾ ਨਿਸ਼ਾਨਾ ਕੌਣ ਸੀ? ਜਾਂ ਤਾਂ ਚੋਣਾਂ ਤੋਂ ਪਹਿਲਾਂ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਇਹ ਕਾਂਡ ਰਚਿਆ ਗਿਆ ਜਾਂ ਫਿਰ ਕੋਰਟ ਕੰਪਲੈਕਸ ’ਚ ਕੋਈ ਖਾਸ ਅਜਿਹਾ ਸ਼ਖਸ ਹੋਵੇਗਾ, ਜੋ ਬੰਬ ਧਮਾਕਾ ਕਰਨ ਵਾਲਿਆਂ ਦੇ ਨਿਸ਼ਾਨੇ ’ਤੇ ਸੀ। ਉਂਝ ਇਹ ਦੱਸਿਆ ਜਾ ਰਿਹਾ ਹੈ ਕਿ ਅੱਜ ਕਿਸੇ ਵੀ ਗੈਂਗਸਟਰ ਜਾਂ ਹੋਰ ਕਿਸੇ ਵੱਡੇ ਵਿਅਕਤੀ ਦੀ ਕੋਰਟ ’ਚ ਤਰੀਕ ਨਹੀਂ ਸੀ। ਅਜਿਹੇ ’ਚ ਇਸ ਗੱਲ ਨੂੰ ਜ਼ਿਆਦਾ ਬਲ ਮਿਲਦਾ ਹੈ ਕਿ ਇਹ ਧਮਾਕਾ ਲੋਕਾਂ ’ਚ ਦਹਿਸ਼ਤ ਫੈਲਾਉਣ ਲਈ ਕੀਤਾ ਗਿਆ ਹੋਵੇ। ਇਸ ਦੇ ਨਾਲ ਹੀ ਇਕ ਹੋਰ ਪਹਿਲੂ ਵੀ ਜੁੜ ਰਿਹਾ ਹੈ ਕਿ ਜੇਕਰ ਕਿਸੇ ਨੇ ਲੋਕਾਂ ’ਚ ਦਹਿਸ਼ਤ ਹੀ ਫੈਲਾਉਣੀ ਸੀ ਤੇ ਮਾਸੂਮ ਲੋਕ ਉਸ ਦਾ ਨਿਸ਼ਾਨਾ ਸਨ ਤਾਂ ਫਿਰ ਧਮਾਕਾ ਕੋਰਟ ਕੰਪਲੈਕਸ ਦੇ ਬਾਥਰੂਮ ’ਚ ਕਰਨ ਦਾ ਕੀ ਮਤਲਬ ਸੀ? ਜੇਕਰ ਆਮ ਲੋਕ ਨਿਸ਼ਾਨਾ ਹੁੰਦੇ ਤਾਂ ਇਹ ਧਮਾਕਾ ਕੋਰਟ ਕੰਪਲੈਕਸ ਦੀ ਜਗ੍ਹਾ ਲੁਧਿਆਣਾ ’ਚ ਅਨੇਕਾਂ ਜਨਤਕ ਸਥਾਨਾਂ ’ਚੋਂ ਕਿਸੇ ਇਕ ਜਗ੍ਹਾ ਕੀਤਾ ਜਾ ਸਕਦਾ ਸੀ। ਫਿਲਹਾਲ ਪੁਲਸ ਜਿਨ੍ਹਾਂ ਥਿਊਰੀਆਂ ’ਤੇ ਤਫਤੀਸ਼ ਕਰ ਰਹੀ ਹੈ, ਉਹ ਇਸ ਤਰ੍ਹਾਂ ਹਨ।

ਇਹ ਵੀ ਪੜ੍ਹੋ : ਲੁਧਿਆਣਾ ਅਦਾਲਤ ਧਮਾਕਾ : ਫਿਦਾਈਨ ਹਮਲੇ ਦਾ ਖ਼ਦਸ਼ਾ, ਬਾਥਰੂਮ ’ਚ ਮਿਲੀ ਬੁਰੀ ਤਰ੍ਹਾਂ ਨੁਕਸਾਨੀ ਲਾਸ਼

ਥਿਊਰੀ ਨੰ. 1 : ਪੁਲਸ ਪ੍ਰਸ਼ਾਸਨ ਇਹ ਕਹਿ ਰਿਹਾ ਹੈ ਕਿ ਸੰਭਵ ਹੈ ਕਿ ਇਹ ਧਮਾਕਾ ਕਿਸੇ ਅੱਤਵਾਦੀ ਸੰਗਠਨ ਦਾ ਫਿਦਾਈਨ ਹਮਲਾ ਹੋਵੇ, ਜਿਸ ਤਹਿਤ ਸਲਿੱਪਰ ਸੈੱਲ ਨੂੰ ਮਨੁੱਖੀ ਬੰਬ ਬਣਾ ਕੇ ਕੋਰਟ ਕੰਪਲੈਕਸ ’ਚ ਭੇਜਿਆ ਗਿਆ। ਕੰਪਲੈਕਸ ’ਚ ਦਿਨ ਭਰ ’ਚ ਆਮ ਤੌਰ ’ਤੇ ਵੱਡੀ ਗਿਣਤੀ ’ਚ ਲੋਕਾਂ ਦੀ ਭੀੜ ਰਹਿੰਦੀ ਹੈ। ਸੰਭਾਵਨਾ ਹੈ ਕਿ ਮਨੁੱਖੀ ਬੰਬ ਦੇ ਤੌਰ ’ਤੇ ਭੀੜ ’ਚ ਧਮਾਕਾ ਕੀਤਾ ਜਾਣਾ ਹੋਵੇ । ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਮਨੁੱਖੀ ਬੰਬ ਨੇ ਕੰਪਲੈਕਸ ਦੇ ਬਾਥਰੂਮ ’ਚ ਜਾ ਕੇ ਬੰਬ ਦੀ ਸਮੱਗਰੀ ਨੂੰ ਅਸੈਂਬਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇਗੀ, ਜਿਸ ਦੌਰਾਨ ਧਮਾਕਾ ਹੋ ਗਿਆ ਤੇ ਅਨੇਕਾਂ ਲੋਕਾਂ ਦੀ ਜਾਨ ਬਚ ਗਈ। ਵਰਨਾ ਬਹੁਤ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ : ਭਿੱਖੀਵਿੰਡ ਨੇੜੇ ਵਾਪਰਿਆ ਵੱਡਾ ਹਾਦਸਾ, ਬੈਂਕ ਮੈਨੇਜਰ ਸਮੇਤ ਦੋ ਕੁੜੀਆਂ ਦੀ ਮੌਤ

ਥਿਊਰੀ ਨੰ. 2 : ਮਾਮਲੇ ’ਚ ਪੁਲਸ ਪ੍ਰਸ਼ਾਸਨ ਇਕ ਹੋਰ ਥਿਊਰੀ ’ਤੇ ਕੰਮ ਕਰ ਰਿਹਾ ਹੈ । ਇਸ ਥਿਊਰੀ ਮੁਤਾਬਕ ਕੋਈ ਮਨੁੱਖੀ ਬੰਬ ਨਹੀਂ ਸੀ ਤੇ ਧਮਾਕਾਖੇਜ਼ ਸਮੱਗਰੀ ਨੂੰ ਕਿਸੇ ਖਾਸ ਸਥਾਨ ’ਤੇ ਪਲਾਂਟ ਕਰਨ ਲਈ ਯੋਜਨਾ ਬਣਾਈ ਗਈ ਸੀ। ਯੋਜਨਾ ’ਤੇ ਅਮਲ ਕਰਨ ਤੋਂ ਪਹਿਲਾਂ ਧਮਾਕਾਖੇਜ਼ ਸਮੱਗਰੀ ਨੂੰ ਕੋਰਟ ਕੰਪਲੈਕਸ ਦੇ ਬਾਥਰੂਮ ’ਚ ਪਹੁੰਚਾਇਆ ਗਿਆ ਸੀ। ਸੰਭਵ ਹੈ ਕਿ ਕਿਸੇ ਨੇ ਲਾਵਾਰਿਸ ਬੈਗ ’ਚ ਧਮਾਕਾਖੇਜ਼ ਸਮੱਗਰੀ ਲੁਕਾ ਕੇ ਬਾਥਰੂਮ ’ਚ ਰੱਖ ਦਿੱਤੀ ਹੋਵੇ। ਵੀਰਵਾਰ ਦੁਪਹਿਰ ਨੂੰ ਜਦ ਕਿਸੇ ਨੇ ਉਕਤ ਬੈਗ ਨੂੰ ਵੇਖਿਆ ਤੇ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਧਮਾਕਾ ਹੋ ਗਿਆ। ਹੁਣ ਤੱਕ ਕਿਸੇ ਨੂੰ ਵੀ ਘਟਨਾ ਦੀ ਠੀਕ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ’ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ

ਥਿਊਰੀ ਨੰ. 3 : ਲੁਧਿਆਣਾ ਦੇ ਕੋਰਟ ਕੰਪਲੈਕਸ ’ਚ ਹੋਏ ਧਮਾਕੇ ਨੂੰ ਲੈ ਕੇ ਇਕ ਤੀਜੀ ਥਿਊਰੀ ’ਤੇ ਵੀ ਪੁਲਸ ਕੰਮ ਕਰ ਰਹੀ ਹੈ। ਇਸ ਧਮਾਕੇ ਨੂੰ 15 ਸਤੰਬਰ ਨੂੰ ਜਲਾਲਾਬਾਦ ’ਚ ਹੋਏ ਧਮਾਕੇ ਨਾਲ ਜੋੜਿਆ ਜਾ ਰਿਹਾ ਹੈ। ਇਸ ਅਪਰਾਧਿਕ ਮਾਮਲੇ ਦੀ ਸੁਣਵਾਈ ਦੌਰਾਨ ਗ੍ਰਿਫ਼ਤਾਰ ਦੋਸ਼ੀਆਂ ਨੂੰ ਇਸ ਅਦਾਲਤ ’ਚ ਪੇਸ਼ ਕੀਤਾ ਜਾ ਚੁੱਕਿਆ ਹੈ। ਜਲਾਲਾਬਾਦ ’ਚ ਮੋਟਰਸਾਈਕਲ ’ਚ ਧਮਾਕਾ ਵੀ ਸਮੇਂ ਤੋਂ ਪਹਿਲਾਂ ਹੀ ਹੋ ਗਿਆ ਸੀ। ਪੁਲਸ ਇਸ ਥਿਊਰੀ ’ਤੇ ਕੰਮ ਕਰ ਰਹੀ ਹੈ ਕਿ ਜਿਵੇਂ ਜਲਾਲਾਬਾਦ ’ਚ ਸਮੇਂ ਤੋਂ ਪਹਿਲਾਂ ਧਮਾਕੇ ਹੋ ਗਿਆ, ਉਸੇ ਤਰ੍ਹਾਂ ਹੋ ਸਕਦਾ ਹੈ ਕਿ ਵੀਰਵਾਰ ਨੂੰ ਲੁਧਿਆਣਾ ’ਚ ਹੋਇਆ ਧਮਾਕਾ ਵੀ ਸਮੇਂ ਤੋਂ ਪਹਿਲਾਂ ਹੋ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੇ ਚੱਲਦੇ ਪੰਜਾਬ ਸਰਕਾਰ ਦੀ ਵੱਡੀ ਸਖ਼ਤੀ, ਮੁਲਾਜ਼ਮਾਂ ਲਈ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News