ਲੁਧਿਆਣਾ 'ਚ ਕੋਰੋਨਾ ਦਾ ਵੱਡਾ ਧਮਾਕਾ, 24 ਪਾਜ਼ੇਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ
Thursday, Jun 04, 2020 - 11:12 PM (IST)
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਦਾ ਕਹਿਰ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਕੋਰੋਨਾ ਵਾਇਰਸ ਹਨੇਰੀ ਦਾ ਰੂਪ ਧਾਰ ਗਿਆ, ਜਿਸ ਦੇ ਤਹਿਤ ਵਾਇਰਸ ਤੋਂ ਪ੍ਰਭਾਵਿਤ ਹੋ ਕੇ 24 ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸ਼ੇਰਪੁਰ ਨੇੜੇ ਸਥਿਤ ਨਿੱਜੀ ਹਸਪਤਾਲ ਵਿਚ ਕੰਮ ਕਰਦੇ ਡਾਕਟਰ ਜੋੜੇ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਹਨ। ਇਥੇ ਹੀ ਬੱਸ ਨਹੀਂ ਉਕਤ ਜੋੜੇ ਦੀ ਆਪਣੀ 2 ਸਾਲ ਦੀ ਬੱਚੀ ਵਾਇਰਸ ਪਾਜ਼ੇਟਿਵ ਹੋ ਗਈ ਹੈ। ਜੋ 4 ਮਰੀਜ਼ ਡਾਕਟਰਾਂ ਦੇ ਸੰਪਰਕ ’ਚ ਆਉਣ ਨਾਲ ਪਾਜ਼ੇਟਿਵ ਹਨ, ਉਨ੍ਹਾਂ ਵਿਚ 43 ਸਾਲਾ ਅਤੇ 66 ਸਾਲਾ ਪੁਰਸ਼ ਜਦੋਂਕਿ 17 ਸਾਲ ਅਤੇ 66 ਸਾਲਾ ਔਰਤ ਸ਼ਾਮਲ ਹਨ। ਦੋਵੇਂ ਡਾਕਟਰ 31 ਮਈ ਨੂੰ ਪਾਜ਼ੇਟਿਵ ਆ ਚੁੱਕੇ ਹਨ ਅਤੇ ਖੰਨਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ 4 ਮਰੀਜ਼ ਪਿੰਡ ਭਾਊਪੁਰ ਦੇ ਹਨ, ਜੋ ਇਕ 20 ਸਾਲਾ ਕੋਰੋਨਾ ਪਾਜ਼ੇਟਿਵ ਨੌਜਵਾਨ 1 ਜੂਨ ਨੂੰ ਮਾਨੇਸਰ ਤੋਂ ਵਾਪਸ ਮੁੜਿਆ ਹੈ, ਦੇ ਸੰਪਰਕ ਵਿਚ ਆਉਣ ਕਾਰਨ ਪਾਜ਼ੇਟਿਵ ਹੋਏ ਹਨ। ਇਨ੍ਹਾਂ ਵਿਚ ਇਕ ਬੱਚਾ 5 ਸਾਲ ਦਾ ਦੂਜਾ 14 ਸਾਲ ਦਾ, ਤੀਜਾ 24 ਸਾਲਾ ਨੌਜਵਾਨ ਅਤੇ 57 ਸਾਲਾ ਔਰਤ ਸ਼ਾਮਲ ਹੈ। ਇਸ ਤੋਂ ਇਲਾਵਾ ਛੇ ਮਰੀਜ਼ ਛਾਉਣੀ ਮੁਹੱਲੇ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿਚ 48 ਸਾਲਾ ਵਿਅਕਤੀ ਐੱਸ. ਪੀ. ਐੱਸ. ਹਸਪਤਾਲ ਿਵਚ ਭਰਤੀ ਹੈ, ਤੋਂ ਇਲਾਵਾ 43 ਸਾਲਾ ਔਰਤ 52, 21, 40 ਸਾਲਾ ਪੁਰਸ਼ ਅਤੇ 13 ਸਾਲਾ ਬੱਚਾ ਸ਼ਾਮਲ ਹਨ। ਸਿਵਲ ਸਰਜਨ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਹਨੇਵਾਲ ਏਅਰਪੋਰਟ ’ਤੇ ਆਉਣ ਵਾਲੇ ਲੋਕਾਂ ਦੇ ਟੈਸਟ ਸ਼ੁਰੂ ਕਰਨ ਉਪਰੰਤ ਇਕ 34 ਸਾਲਾ ਪੁਰਸ਼ ਦਿੱਲੀ ਤੋਂ ਲੁਧਿਆਣਾ ਪੁੱਜਾ ਸੀ, ਜੋ ਕਿ ਪਾਜ਼ੇਟਿਵ ਆਇਆ ਹੈ। ਇਸ ਤੋਂ ਇਲਾਵਾ ਮਾਧੋਪੁਰੀ ਦੇ ਰਹਿਣ ਵਾਲੇ 52 ਸਾਲਾ ਪੁਰਸ ਅਤੇ 43 ਸਾਲਾ ਔਰਤ ਪਾਜ਼ੇਟਿਵ ਆਏ ਹਨ। ਸਿਵਲ ਸਰਜਨ ਬੱਗਾ ਨੇ ਦੱਸਿਆ ਕਿ ਤਿੰਨ ਮਰੀਜ਼ ਜਿਨ੍ਹਾਂ ’ਚ 38 ਸਾਲਾ ਪੁਰਸ਼, 37 ਸਾਲਾ ਔਰਤ ਅਤੇ 4 ਸਾਲਾ ਛੋਟੀ ਬੱਚੀ ਮਾਡਲ ਟਾਊਨ ਦੇ ਰਹਿਣ ਵਾਲੇ ਹਨ। ਇਕ 35 ਸਾਲਾਂ ਨੌਜਵਾਨ ਇਸਲਾਮਗੰਜ ਦਾ, ਅਤੇ ਇਕ 73 ਸਾਲਾਂ ਔਰਤ ਡੀ. ਐੱਮ. ਸੀ. ਹਸਪਤਾਲ ਵਿਚ ਜਾਂਚ ਦੌਰਾਨ ਪਾਜ਼ੇਟਿਵ ਆਈ ਹੈ ਅਤੇ 29 ਸਾਲਾ ਨੌਜਵਾਨ ਜੋ ਗਾਂਧੀਨਗਰ ਇਲਾਕੇ ’ਚ ਸਥਿਤ ਇਕ ਦੁਕਾਨ ਵਿਚ ਕੰਮ ਕਰਦਾ ਹੈ। ਦੁਕਾਨ ਦਾ ਮਾਲਕ ਛਾਉਣੀ ਮੁਹੱਲੇ ਦਾ ਰਹਿਣ ਵਾਲਾ ਹੈ। ਜੋ ਪਹਿਲਾਂ ਹੀ ਪਾਜ਼ੇਟਿਵ ਆ ਚੁੱਕਾ ਹੈ। ਛਾਉਣੀ ਮੁਹੱਲਾ ਦੇ ਹੁਣ ਤੱਕ ਵਾਇਰਸ ਦੇ 15 ਮਰੀਜ਼ ਆ ਚੁੱਕੇ ਹਨ। ਸ਼ਹਿਰ ਵਿਚ ਹੁਣ ਤੱਕ 226 ਕੋਰੋਨਾ ਵਾਇਰਸ ਦੇ ਮਰੀਜ਼ ਸਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 9 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਸਰਕਾਰ ਕੋਰੋਨਾ ਨੂੰ ਲੈ ਕੇ ਘਰ-ਘਰ ਕਰਵਾਏਗੀ ਸਰਵੇ
ਪੰਜਾਬ ਸਰਕਾਰ ਦੀ ਵਿਸ਼ੇਸ਼ ਸਿਹਤ ਸਕੱਤਰ ਨੇ ਇਕ ਪੱਤਰ ਜਾਰੀ ਕਰਦੇ ਸਿਵਲ ਸਰਜਨਾਂ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਹੈ ਕਿ ਕਮਿਊਨਿਟੀ ਸਰਵੀਲੈਂਸ ਦੀ ਵਾਇਰਸ ਸਬੰਧੀ ਹਾਊਸ ਟੂ ਹਾਊਸ ਸਰਵੀਲੈਂਸ ਦਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਦੇ ਤਹਿਤ 30 ਸਾਲ ਤੋਂ ਉੱਪਰ ਦੀ ਸਾਰੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ। ਇਸ ਤੋਂ ਇਲਵਾ ਵਾਇਰਸ ਦੇ ਲੱਛਣਾਂ ਦੇ ਅਧਾਰ ’ਤੇ ਅਜਿਹੇ ਲੋਕਾਂ ਨੂੰ ਜਿਨ੍ਹਾਂ ਦੀ ਉਮਰ 30 ਤੋਂ ਘੱਟ ਹੈ, ਨੂੰ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ। ਇਹ ਮੁਹਿੰਮ ਵੱਡੇ ਪੱਧਰ ’ਤੇ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ ਅਤੇ ਕਮਿਊਨਿਟੀ ਵਲੰਟੀਅਰਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਲਗਾਤਾਰ ਚੱਲੇਗੀ ਜਿੱਥੇ ਆਸ਼ਾ, ਆਂਗਣਵਾੜੀ ਵਰਕਰ ਉਪਲੱਬਧ ਨਹੀਂ ਹੈ, ਉਥੇ ਕਮਿਊਨਿਟੀ ਬੇਸਡ ਵਲੰਟੀਅਰਾਂ ਨੂੰ ਕੰਮ ਵਿਚ ਲਾਇਆ ਜਾਵੇਗਾ, ਜਿਸ ਦੀ ਅਸਥਾਈ ਤੌਰ ’ਤੇ ਸਿਵਲ ਸਰਜਨ ਵੱਲੋਂ ਨਿਯੁਕਤੀ ਕੀਤੀ ਜਾਵੇਗੀ। ਇਸ ਕੰਮ ਲਈ ਅਰਜ਼ੀਕਰਤਾ ਦੀ ਉਮਰ 18 ਸਾਲ ਤੋਂ ਜ਼ਿਆਦਾ ਹੋਣੀ ਜ਼ਰੂਰੀ ਹੈ ਅਤੇ ਉਹ 10+2 ਪÎੜ੍ਹਿਆ ਹੋਵੇ। ਅਜਿਹੇ ਵਲੰਟੀਅਰ ਨੂੰ ਮੋਬਾਇਲ ਐਪ ਚਲਾਉਣਾ ਆਉਂਦਾ ਹੋਵੇ ਅਤੇ ਉਹ ਡਾਟਾ ਸਿੱਧੇ ਤੌਰ ’ਤੇ ਫੀਡ ਕਰ ਸਕਦਾ ਹੋਵੇ। ਸਪੈਸ਼ਲ ਸਿਹਤ ਸਕੱਤਰ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਸੂਬੇ ਵਿਚ ਇਸ ਸਰਵੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਾਟਾ ਕੁਲੈਕਸ਼ਨ ਅਤੇ ਉਸ ਨੂੰ ਪ੍ਰੋਸੈੱਸ ਕਰਨ ਲਈ ਫੀਲਡ ਟੈਸਟਿੰਗ ਦਾ ਕੰਮ ਮੋਹਾਲੀ ਦੇ ਅਰਬਨ ਸਲੱਮ ਅਤੇ ਪਟਿਆਲਾ ਦੇ ਦਿਹਾਤੀ ਇਲਾਕਿਆਂ ਵਿਚ ਸ਼ੁਰੂ ਕੀਤਾ ਜਾਵੇਗਾ।
ਕਿਚਲੂ ਨਗਰ ਏ-ਬਲਾਕ ’ਚ ਸੋਸ਼ਲ ਡਿਸਟੈਂਸਿੰਗ ਦੀਆਂ ਉੱਡ ਰਹੀਆਂ ਧੱਜੀਆਂ
ਗੇਟ ਬੰਦ ਕਰ ਕੇ ਪਾਰਕ ਵਿਚ ਚਲਦੀ ਹੈ ਪਾਰਟੀ ਅਤੇ ਖੇਡੀ ਜਾਂਦੀ ਹੈ ਰੋਜ਼ ਤਾਸ਼
ਸਥਾਨਕ ਕਿਚਲੂ ਨਗਰ ਦੇ ਏ-ਬਲਾਕ (ਧਾਮੀ ਆਈ ਹਸਪਤਾਲ) ਦੇ ਸਾਹਮਣੇ ਸਥਿਤ ਪਾਰਕ ਵਿਚ ਸੋਸ਼ਲ ਡਿਸਟੈਂਸਿੰਗ ਦੀਆਂ ਰੋਜ਼ ਧੱਜੀਆਂ ਸਥਾਨਕ ਐਸੋਸੀਏਸ਼ਨ ਵੱਲੋਂ ਉਡਾਈਆਂ ਜਾਂਦੀਆਂ ਹਨ। ਉਥੇ ਨਾ ਸਿਰਫ ਸ਼ਾਮ ਨੂੰ ਸ਼ਰਾਬ ਦੀਆਂ ਪਾਰਟੀਆਂ ਚਲਦੀਆਂ ਹਨ, ਸਗੋਂ ਰਾਤ ਤੱਕ ਤਾਸ਼ ਖੇਡਣ ਦਾ ਪ੍ਰੋਗਰਾਮ ਵੀ ਜਾਰੀ ਰਹਿੰਦਾ ਹੈ। ਇਲਾਕਾ ਨਿਵਾਸੀਆਂ ਵੱਲੋਂ ਅਜਿਹੇ ਮੌਕੇ ’ਤੇ ਕਿਚਲੂ ਨਗਰ ਏ-ਬਲਾਕ ਦੇ ਸਾਰੇ ਗੇਟ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਕਿਸੇ ਬਾਹਰੀ ਵਿਅਕਤੀ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ, ਜਦੋਂਕਿ ਗੇਟ ਤੋਂ ਹੀ ਦਿਸ ਰਹੇ ਪਾਰਕ ਵਿਚ ਲੋਕਾਂ ਦਾ ਜਮਾਵੜਾ ਆਮ ਦੇਖਿਆ ਜਾ ਸਕਦਾ ਹੈ। ਬਹੁਤ ਸਾਰੇ ਲੋਕ ਇਸ ਮੌਕੇ ਮਾਸਕ ਪਹਿਨਣਾ ਵੀ ਗਵਾਰਾ ਨਹੀਂ ਸਮਝਦੇ। ਇਹ ਸਾਰਾ ਕੰਮ ਉਥੇ ਬਣੀ ਐਸੋਸੀਏਸ਼ਨ ਦੀ ਦੇਖ-ਰੇਖ ਵਿਚ ਸੰਪੰਨ ਕੀਤਾ ਜਾਂਦਾ ਹੈ। ਇਸ ਨਾਲ ਇਲਾਕੇ ’ਚ ਔਰਤਾਂ ਦਾ ਘਰੋਂ ਬਾਹਰ ਨਿਕਲਣਾ ਦੁੱਭਰ ਹੋ ਗਿਆ ਹੈ। ਇਲਾਕਾ ਨਿਵਾਸੀਆਂ ਮੁਤਾਬਕ ਇਲਾਕੇ ਵਿਚ ਜੋ ਵੀ ਇਨ੍ਹਾਂ ਦਾ ਵਿਰੋਧ ਕਰਦਾ ਹੈ, ਉਸ ਨੂੰ ਦੇਖ ਲੈਣ ਦੀ ਗੱਲ ਕਹੀ ਜਾਂਦੀ ਹੈ।