ਲੁਧਿਆਣਾ ਸਿਟੀ ਸੈਂਟਰ ਮਾਮਲੇ ''ਚ ਹਾਈਕੋਰਟ ਬੈਂਚ ਨੇ ਸੁਰੱਖਿਅਤ ਰੱਖਿਆ ਫੈਸਲਾ
Thursday, Jul 11, 2019 - 12:52 PM (IST)

ਚੰਡੀਗੜ੍ਹ (ਹਾਂਡਾ) : ਪੰਜਾਬ-ਹਰਿਆਣਾ ਹਾਈਕੋਰਟ ਦੀ ਬੈਂਚ ਨੇ ਸਿਟੀ ਸੈਂਟਰ ਮਾਮਲੇ 'ਚ ਲੁਧਿਆਣਾ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਪਟੀਸ਼ਨਰਾਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਸ਼ਮੂਲੀਅਤ 'ਤੇ ਸਵਾਲ ਚੁੱਕੇ ਸਨ, ਜਿਸ 'ਚ ਕਿਹਾ ਗਿਆ ਕਿ ਮਾਮਲਾ ਵਿਜੀਲੈਂਸ ਅਤੇ ਮੁਲਜ਼ਮਾਂ ਵਿਚਕਾਰ ਸੀ, ਜਿਸ 'ਚ ਕੋਰਟ ਨੇ ਪਿਛਲੇ ਸਾਲ 25 ਅਕਤੂਬਰ ਨੂੰ ਈ. ਡੀ. ਨੂੰ ਸ਼ਾਮਲ ਕੀਤਾ ਅਤੇ ਕੇਸ ਫਾਈਲ ਦੀ ਜਾਂਚ ਦੀ ਆਗਿਆ ਦਿੱਤੀ ਸੀ।
ਦਿੱਲੀ ਦੇ ਚੇਤਨ ਗੁਪਤਾ ਅਤੇ ਹੋਰਨਾਂ ਨੇ ਉਕਤ ਫੈਸਲੇ ਨੂੰ ਚੁਣੌਤੀ ਦਿੰਦਿਆਂ ਈ. ਡੀ. ਦੀ ਜਾਂਚ 'ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਪਟੀਸ਼ਨਰਾਂ ਵਲੋਂ ਸੀਨੀਅਰ ਐਡਵੋਕੇਟ ਜੇ.ਐੱਸ. ਬੇਦੀ ਨੇ ਆਪਣਾ ਪੱਖ ਰੱਖਿਆ ਅਤੇ ਕਿਹਾ ਕਿ ਈ. ਡੀ. ਹਾਲਾਂਕਿ ਮਾਮਲੇ 'ਚ ਪਾਰਟੀ ਨਹੀਂ ਸੀ, ਇਸ ਲਈ ਫਾਈਲ ਦੀ ਜਾਂਚ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ। ਧਿਆਨਯੋਗ ਹੈ ਕਿ ਲੁਧਿਆਣਾ ਸਿਟੀ ਸੈਂਟਰ ਸਕੈਮ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਦਾ ਨਾਂ ਵੀ ਸਾਹਮਣੇ ਆਇਆ ਸੀ, ਜਿਨ੍ਹਾਂ ਨੂੰ ਵਿਜੀਲੈਂਸ ਨੇ 17 ਅਕਤੂਬਰ, 2017 ਨੂੰ ਜਾਂਚ ਰਿਪੋਰਟ ਪੇਸ਼ ਕਰ ਕੇ ਬੇਕਸੂਰ ਦੱਸਿਆ ਸੀ।