ਕੈਪਟਨ ਤੇ ਸੁਖਬੀਰ 'ਚ ਦੋ ਹਲਕਿਆਂ ਨੂੰ ਲੈ ਕੇ ਫਸਣਗੇ ਸਿੰਙ!

Sunday, Aug 11, 2019 - 10:14 AM (IST)

ਕੈਪਟਨ ਤੇ ਸੁਖਬੀਰ 'ਚ ਦੋ ਹਲਕਿਆਂ ਨੂੰ ਲੈ ਕੇ ਫਸਣਗੇ ਸਿੰਙ!

ਲੁਧਿਆਣਾ  (ਮੁੱਲਾਂਪੁਰੀ) - ਪੰਜਾਬ ਵਿਧਾਨ ਸਭਾ ਦੀਆਂ ਹਾਲ ਹੀ 'ਚ ਖਾਲੀ ਹੋਈਆਂ 3 ਵਿਧਾਨ ਸਭਾ ਹਲਕਿਆਂ ਦੀਆਂ ਕੁਰਸੀਆਂ ਜਿਨ੍ਹਾਂ 'ਚ ਜਲਾਲਾਬਾਦ, ਫਗਵਾੜਾ ਅਤੇ ਦਾਖਾ ਦੀਆਂ ਜ਼ਿਮਨੀ ਚੋਣਾਂ ਅਕਤੂਬਰ 'ਚ ਹੋਣੀਆਂ ਕਰੀਬ ਤੈਅ ਮੰਨੀਆਂ ਜਾ ਰਹੀਆਂ ਹਨ। ਇਨ੍ਹਾਂ ਤਿੰਨ ਹਲਕਿਆਂ 'ਚੋਂ ਦੋ ਹਲਕੇ ਜਲਾਲਾਬਾਦ ਅਤੇ ਦਾਖਾ ਅਜਿਹੇ ਹਨ, ਜਿੱਥੇ ਜਨਰਲ ਕੋਟੇ 'ਚੋਂ ਚੋਣ ਹੋਵੇਗੀ ਅਤੇ ਇਨ੍ਹਾਂ ਹਲਕਿਆਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਰਾਜਸੀ ਸਿੰਙ ਫਸਣਗੇ। ਜਦੋਂਕਿ ਇਕ ਹਲਕਾ ਫਗਵਾੜਾ ਜਿੱਥੇ ਰਾਖਵੇਂ ਹਲਕੇ ਵਿਚ ਕਾਂਗਰਸ ਦਾ ਮੁਕਾਬਲਾ ਭਾਜਪਾ ਨਾਲ ਹੋਵੇਗਾ। ਭਾਵੇਂ ਵਿਧਾਨ ਸਭਾ ਚੋਣਾਂ ਵਿਚ ਅਜੇ ਢਾਈ ਸਾਲ ਦਾ ਸਮਾਂ ਪਿਆ ਹੈ ਪਰ ਤਿੰਨ ਹਲਕਿਆਂ ਦੀਆਂ ਚੋਣਾਂ ਪੰਜਾਬ ਵਿਚ ਵੱਡਾ ਸਥਾਨ ਰੱਖਦੀਆਂ ਹਨ ਅਤੇ ਰਾਜਸੀ ਸੱਜਣ ਸੈਮੀ ਫਾਈਨਲ ਵੀ ਮੰਨ ਕੇ ਚੱਲ ਰਹੇ ਹਨ।

ਇਨ੍ਹਾਂ ਹਲਕਿਆਂ ਵਿਚ ਜਿਨ੍ਹਾਂ ਆਗੂਆਂ ਦੇ ਰਾਜਸੀ ਜੱਫੇ ਲੱਗਣ ਦੇ ਆਸਾਰ ਹਨ, ਉਨ੍ਹਾਂ ਵਿਚ ਅਕਾਲੀ ਦਲ ਵੱਲੋਂ ਹਲਕਾ ਜਲਾਲਾਬਾਦ ਤੋਂ ਸਤਿੰਦਰਜੀਤ ਸਿੰਘ ਮੰਟਾ ਅਤੇ ਜਗਮੀਤ ਸਿੰਘ ਬਰਾੜ ਸੰਜੀਦਾ ਉਮੀਦਵਾਰ ਦੱਸੇ ਜਾ ਰਹੇ ਹਨ, ਜਦੋਂਕਿ ਹਲਕਾ ਦਾਖਾ ਤੋਂ ਸ. ਮਨਪ੍ਰੀਤ ਸਿੰਘ ਇਯਾਲੀ ਪੱਕੇ ਹਨ ਜਦੋਂਕਿ ਕਾਂਗਰਸ ਵੱਲੋਂ ਹਲਕਾ ਜਲਾਲਾਬਾਦ ਤੋਂ ਮੋਹਨ ਸਿੰਘ ਫਲੀਆਂ ਵਾਲਾ, ਹੰਸ ਰਾਜ ਜੋਸਨ ਅਤੇ ਮਲਕੀਤ ਸਿੰਘ ਹੀਰਾ ਆਦਿ ਦੱਸੇ ਜਾ ਰਹੇ ਹਨ। ਇਸੇ ਤਰ੍ਹਾਂ ਹਲਕਾ ਦਾਖਾ ਤੋਂ ਮੇਜਰ ਸਿੰਘ ਭੈਣੀ, ਅਮਰੀਕ ਸਿੰਘ ਆਲੀਵਾਲ, ਦਮਨਜੀਤ ਸਿੰਘ ਮੋਹੀ ਦੇ ਜੋ ਸੰਜੀਦਾ ਉਮੀਦਵਾਰ ਬਣਨ ਦੇ ਚਰਚੇ ਹਨ। ਬਾਕੀ ਜੇਕਰ ਹਾਈਕਮਾਂਡ ਨੂੰ ਵੱਡੀ ਤੋਪ ਫਿੱਟ ਕਰਨੀ ਪਈ ਤਾਂ ਫਿਰ ਕੀ ਕਹਿਣਾ। ਇਨ੍ਹਾਂ ਹਲਕਿਆਂ ਵਿਚੋਂ ਆਪ ਅਤੇ ਬੈਂਸ ਵੀ ਮੁੜ ਕਿਸਮਤ ਅਜਮਾਉਣ ਲਈ ਉਤਰ ਸਕਦੇ ਹਨ, ਜਦੋਂਕਿ ਫਗਵਾੜੇ ਬਾਰੇ ਇਹ ਚਰਚਾ ਹੈ ਕਿ ਕੇਂਦਰੀ ਮੰਤਰੀ ਦੀ ਧਰਮ ਪਤਨੀ ਨੂੰ ਭਾਜਪਾ ਟਿਕਟ ਦੇ ਸਕਦੀ ਹੈ ਜਦੋਂਕਿ ਕਾਂਗਰਸ ਇਸ ਹਲਕੇ ਤੋਂ ਜੋਗਿੰਦਰ ਸਿੰਘ ਮਾਨ ਬਾਰੇ ਵਿਚਾਰ ਕਰ ਰਹੀ ਹੈ।


author

rajwinder kaur

Content Editor

Related News