ਲੁਧਿਆਣਾ ਬੰਬ ਧਮਾਕਾ : ਸਿੱਖਸ ਫਾਰ ਜਸਟਿਸ ਨੇ NIA ਅਤੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ
Friday, Dec 31, 2021 - 09:16 AM (IST)
ਲੁਧਿਆਣਾ (ਰਾਜ) : ਕੋਰਟ ਕੰਪਲੈਕਸ ’ਚ ਹੋਏ ਬੰਬ ਧਮਾਕਾ ਕੇਸ ਵਿਚ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਪੁਲਸ ਜਾਂਚ ਕਰ ਰਹੀ ਹੈ। ਇਸੇ ਦੌਰਾਨ ਸਿੱਖਸ ਫਾਰ ਜਸਟਿਸ ਦੇ ਨਾਂ ਨਾਲ ਵਿਦੇਸ਼ੀ ਨੰਬਰ ਤੋਂ ਇਕ ਮੈਸੇਜ ਵਾਇਰਲ ਹੋ ਰਿਹਾ ਹੈ, ਜਿਸ ਵਿਚ ਐੱਸ. ਐੱਫ. ਜੇ. ਵੱਲੋਂ ਐੱਨ. ਆਈ. ਏ. ਅਤੇ ਪੰਜਾਬ ਪੁਲਸ ਨੂੰ ਸਿੱਧੀ ਧਮਕੀ ਦਿੱਤੀ ਜਾ ਰਹੀ ਹੈ ਕਿ ਰਿਮਾਂਡ ਦੌਰਾਨ ਰਣਜੀਤ ਸਿੰਘ ਉਰਫ਼ ਚੀਤਾ ਅਤੇ ਸੁਖਵਿੰਦਰ ਸਿੰਘ ਉਰਫ਼ ਬਾਕਸਰ ਬਾਬਾ ਨੂੰ ਕੋਈ ਹੱਥ ਨਾ ਲਾਵੇ। ਜੇਕਰ ਉਨ੍ਹਾਂ ਨੂੰ ਕੋਈ ਨੁਕਸਾਨ ਪੁੱਜਿਆ ਤਾਂ ਹਿਊਮਨ ਰਾਈਟਸ ਦੇ ਕੇਸ ’ਚੋਂ ਗੁਜ਼ਰਨਾ ਪੈ ਸਕਦਾ ਹੈ। ਹਾਲਾਂਕਿ ਇਸ ਮੈਸੇਜ ਦੀ ਅਜੇ ਕਿਸੇ ਪੁਲਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਪਰ ‘ਜਗਬਾਣੀ’ ਦੀ ਟੀਮ ਦੇ ਹੱਥ ਇਹ ਮੈਸੇਜ ਲੱਗਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਏਜੰਸੀਆਂ ਅਤੇ ਪੁਲਸ ਨੇ ਵਿਦੇਸ਼ੀ ਨੰਬਰ ਤੋਂ ਆਏ ਇਸ ਮੈਸੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੂੰ ਅਦਾਲਤ ਤੋਂ ਨਹੀਂ ਮਿਲੀ ਰਾਹਤ, ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਟਲੀ ਸੁਣਵਾਈ
ਅਸਲ ’ਚ ਬੰਬ ਧਮਾਕੇ ਤੋਂ ਬਾਅਦ ਮੁੱਖ ਮੁਲਜ਼ਮ ਮ੍ਰਿਤਕ ਗਗਨਦੀਪ ਸਿੰਘ ਦੇ ਸੰਪਰਕ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਸਨ ਤਾਂ ਸੁਰੱਖਿਆ ਏਜੰਸੀਆਂ ਅਤੇ ਪੁਲਸ ਨੂੰ ਜੇਲ੍ਹ ਵਿਚ ਬੰਦ ਰਣਜੀਤ ਸਿੰਘ ਉਰਫ਼ ਚੀਤਾ ਅਤੇ ਸੁਖਵਿੰਦਰ ਸਿੰਘ ਉਰਫ਼ ਬਾਕਸਰ ਬਾਬਾ ਦਾ ਪਤਾ ਲੱਗਾ ਸੀ ਕਿ ਜਦੋਂ ਤੱਕ ਗਗਨ ਜੇਲ੍ਹ ’ਚ ਰਿਹਾ, ਇਨ੍ਹਾਂ ਦੇ ਨਾਲ ਹੀ ਸੀ। ਇਸ ਲਈ ਪੁਲਸ ਦੋਵੇਂ ਮੁਲਜ਼ਮਾਂ ਨੂੰ 7 ਦਿਨ ਦੇ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਸੀ। ਉਦੋਂ ਤੋਂ ਦੋਵੇਂ ਮੁਲਜ਼ਮਾਂ ਤੋਂ ਪੁੱਛਗਿੱਛ ਚੱਲ ਰਹੀ ਹੈ। ਜਾਂਚ ਦੀ ਇਸੇ ਲੜੀ ਤਹਿਤ ਜਸਵਿੰਦਰ ਸਿੰਘ ਉਰਫ ਮੁਲਤਾਨੀ ਦਾ ਨਾਂ ਸਾਹਮਣੇ ਆਇਆ ਹੈ, ਜੋ ਕਿ ਇਸ ਸਮੇਂ ਜਰਮਨ ਵਿਚ ਬੈਠਾ ਹੈ ਅਤੇ ਸਿੱਖਸ ਫਾਰ ਜਸਟਿਸ ਦੇ ਚੀਫ ਗੁਰਪਤਵੰਤ ਸਿੰਘ ਪੰਨੂ ਦਾ ਖਾਸ਼ਮ-ਖਾਸ ਹੈ।
ਇਹ ਵੀ ਪੜ੍ਹੋ : ਝੋਲਾਛਾਪ ਡਾਕਟਰ ਦੀ ਸ਼ਰਮਨਾਕ ਕਰਤੂਤ, ਗਲੀ 'ਚ ਖੇਡ ਰਹੀ 4 ਸਾਲਾ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ
ਇਸ ਤੋਂ ਬਾਅਦ ਇਹ ਦਾਅਵਾ ਹੋਇਆ ਕਿ ਭਾਰਤ ਸਰਕਾਰ ਦੇ ਕਹਿਣ ’ਤੇ ਜਰਮਨ ਪੁਲਸ ਨੇ ਮੁਲਤਾਨੀ ਨੂੰ ਫੜ੍ਹ ਲਿਆ ਪਰ ਬੁੱਧਵਾਰ ਨੂੰ ਪੰਨੂ ਨੇ ਇਕ ਵੀਡੀਓ ਜਾਰੀ ਕਰ ਕੇ ਇਹ ਦਾਅਵਾ ਝੂਠਾ ਕਰ ਦਿੱਤਾ ਅਤੇ ਕਿਹਾ ਕਿ ਮੁਲਤਾਨੀ ਘਰ ਬੈਠਾ ਹੈ ਅਤੇ ਉਸ ਦਾ ਬੰਬ ਧਮਾਕੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਜਿਸ ਤੋਂ ਬਾਅਦ ਰਿਮਾਂਡ ’ਤੇ ਚੱਲ ਰਹੇ ਰਣਜੀਤ ਸਿੰਘ ਚੀਮਾ ਅਤੇ ਸੁਖਵਿੰਦਰ ਸਿੰਘ ਬਾਕਸਰ ਬਾਬਾ ਨੂੰ ਪੁੱਛਗਿੱਛ ਲਈ ਚੰਡੀਗੜ੍ਹ ਸਥਿਤ ਓਕੂ ਦੀ ਟੀਮ ਕੋਲ ਪੁੱਛਗਿੱਛ ਲਈ ਲਿਜਾਇਆ ਗਿਆ, ਜਿਸ ਤੋਂ ਬਾਅਦ ਵੀਰਵਰ ਨੂੰ ਵਿਦੇਸ਼ੀ ਨੰਬਰ ਤੋਂ ਕੁੱਝ ਲੋਕਾਂ ਦੇ ਮੋਬਾਇਲ ’ਤੇ ਇਕ ਮੈਸੇਜ ਆਉਂਦਾ ਹੈ, ਜਿਸ ਵਿਚ ਐੱਸ. ਐੱਫ. ਜੇ. ਦਾ ਹਵਾਲਾ ਦਿੰਦੇ ਹੋਏ ਲਿਖਿਆ ਹੋਇਆ ਹੈ ਕਿ ਜੇਕਰ ਚੀਤਾ ਤੇ ਬਾਕਸਰ ਨੂੰ ਕੁੱਝ ਹੋਇਆ ਤਾਂ ਐੱਨ. ਆਈ. ਏ. ਦੇ ਨਾਲ-ਨਾਲ ਪੰਜਾਬ ਪੁਲਸ ਦੀ ਮਦਦ ਭਾਰਤ ਸਰਕਾਰ ਵੀ ਨਹੀਂ ਕਰ ਸਕੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ