ਲੁਧਿਆਣਾ ਜ਼ਿਲ੍ਹੇ 'ਚ 312 ਨਵੇਂ ਮਰੀਜ਼ਾਂ ਦੀ ਪੁਸ਼ਟੀ, 11 ਦੀ ਮੌਤ
Monday, Aug 10, 2020 - 11:54 PM (IST)
ਲੁਧਿਆਣਾ, (ਸਹਿਗਲ)- ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ 48 ਸਾਲਾ ਏ. ਐੱਸ. ਆਈ. ਜਸਪਾਲ ਸਿੰਘ ਦੀ ਮੌਤ ਹੋ ਗਈ। ਸਿਹਤ ਅਧਿਕਾਰੀਆਂ ਮੁਤਾਬਕ ਜਸਪਾਲ ਸਿੰਘ ਪਾਇਲ ਦਾ ਰਹਿਣ ਵਾਲਾ ਸੀ ਅਤੇ ਪੀ. ਜੀ. ਆਈ. ’ਚ ਭਰਤੀ ਸੀ। ਇਸ ਤੋਂ ਇਲਾਵਾ ਮਹਾਨਗਰ ’ਚ ਅੱਜ 11 ਵਿਅਕਤੀਆਂ ਦੀ ਮੌਤ ਹੋਵੇਗੀ। ਇਨ੍ਹਾਂ ’ਚੋਂ 10 ਜ਼ਿਲੇ ਦੇ ਰਹਿਣ ਵਾਲੇ ਸਨ, ਜਦੋਂਕਿ ਇਕ ਔਰਤ ਮਰੀਜ਼ ਮੋਗਾ ਦੀ ਰਹਿਣ ਵਾਲੀ ਸੀ। ਅੱਜ ਸਾਹਮਣੇ ਆਏ 312 ਮਰੀਜ਼ਾਂ ’ਚੋਂ 280 ਮਰੀਜ਼ ਜ਼ਿਲੇ ਨਾਲ ਸਬੰਧਤ ਹਨ, ਜਦੋਂਕਿ 32 ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਹੁਣ ਤੱਕ ਮਹਾਨਗਰ ’ਚ 5312 ਪਾਜ਼ੇਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ’ਚੋਂ 178 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 615 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ। ਇਨ੍ਹਾਂ ’ਚੋਂ 45 ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਹੁਣ ਤੱਕ 3435 ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਹਨ।
1303 ਸੈਂਪਲਾਂ ਦੀ ਰਿਪੋਰਟ ਪੈਂਡਿੰਗ
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ 1303 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ, ਜਿਸ ਦੇ ਨਤੀਜੇ ਦੇਰ ਰਾਤ ਜਾਂ ਕੱਲ ਤੱਕ ਆ ਜਾਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 72,995 ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 71,692 ਸੈਂਪਲਾਂ ਦੀ ਰਿਪੋਰਟ ਉਨ੍ਹਾਂ ਨੂੰ ਮਿਲੀ ਹੈ। ਇਨ੍ਹਾਂ ਵਿਚੋਂ 65,765 ਸੈਂਪਲ ਨੈਗੇਟਿਵ ਆਏ ਹਨ।
827 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਉਨ੍ਹਾਂ ਕਿਹਾ ਕਿ ਅੱਜ 827 ਸ਼ੱਕੀਆਂ ਦੇ ਸੈਂਪਲ ਜਾਂਚ ਲਈ ਭੇਜੇ ਹਨ। ਸਿਹਤ ਵਿਭਾਗ ਵੱਲੋਂ ਜਿਸ ਵਿਅਕਤੀ ਵਿਚ ਕੋਰੋਨਾ ਵਾਇਰਸ ਦੇ ਲੱਛਣ ਦੇਖੇ ਜਾਂਦੇ ਹਨ, ਉਸ ਦੇ ਸੈਂਪਲ ਤੁਰੰਤ ਜਾਂਚ ਲਈ ਭੇਜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਆਪ ਵੀ ਜਾਂਚ ਕਰਵਾਉਣ ਲਈ ਅੱਗੇ ਆ ਰਹੇ ਹਨ ਅਤੇ ਸਰਕਾਰ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾਂ ਕਰ ਰਹੇ ਹਨ।
352 ਵਿਕਅਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ
ਸਿਵਲ ਸਰਜਨ ਨੇ ਦੱਸਿਆ ਕਿ ਅੱਜ 352 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ। ਹੁਣ ਤੱਕ 25,622 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ ਜਾ ਚੁੱਕਾ ਹੈ, ਜਦੋਂਕਿ ਮੌਜੂਦਾ ਸਮੇਂ ’ਚ 4896 ਵਿਅਕਤੀ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਾਰਨ ਘਰੋਂ ਬਾਹਰ ਨਾਲ ਨਿਕਲਣ, ਮਾਸਕ ਪਹਿਨ ਕੇ ਰੱਖਣ। ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ। ਥੋੜ੍ਹੀ-ਥੋੜ੍ਹੀ ਦੇਰ ਬਾਅਦ ਹੱਥ ਧੋਂਦੇ ਰਹਿਣ। ਖਾਣ-ਪੀਣ ’ਚ ਸਾਵਧਾਨੀਆਂ ਵਰਤਣ ਅਤੇ ਸਰਕਾਰ ਵੱਲੋਂ ਦੱਸੇ ਜਾ ਰਹੇ ਨਿਯਮਾਂ ਦਾ ਪਾਲਣ ਕਰਨ।
ਮ੍ਰਿਤਕ ਮਰੀਜ਼ਾਂ ਦਾ ਬਿਓਰਾ
ਵਿਜੇ ਕੁਮਾਰੀ (59) ਨਿਵਾਸੀਆਂ ਜੱਸੀਆਂ ਰੋਡ ਰਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਸੀ। ਅਨੀਤਾ ਵਰਮਾ (54) ਖੰਨਾ ਦੀ ਰਹਿਣ ਵਾਲੀ ਸੀ ਅਤੇ ਦਯਾਨੰਦ ਹਸਪਤਾਲ ਵਿਚ ਦਾਖਲ ਸੀ।
ਪ੍ਰੇਮ ਲਤਾ (52) ਬਸੰਤ ਐਵੇਨਿਊ ਦੀ ਰਹਿਣ ਵਾਲੀ ਸੀ ਅਤੇ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਸੀ।
ਸੁਰਜਨ ਸਿੰਘ (90) ਕਿਰਪਾਲ ਨਗਰ ਦਾ ਰਹਿਣ ਵਾਲਾ ਸੀ ਅਤੇ ਦਯਾਨੰਦ ਹਸਪਤਾਲ ਵਿਚ ਦਾਖਲ ਸੀ।
ਅਮਨਪ੍ਰੀਤ ਸਿੰਘ (27) ਹਰਚਰਨ ਨਗਰ ਦਾ ਰਹਿਣ ਵਾਲਾ ਸੀ ਅਤੇ ਦੀਪ ਹਸਪਤਾਲ ਵਿਚ ਦਾਖਲ ਸੀ।
ਭੋਲੀ ਦੇਵੀ (45) ਗੁਰੂ ਨਾਨਕ ਨਗਰ ਖੰਨਾ ਦੀ ਰਹਿਣ ਵਾਲੀ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਸੀ।
ਜਤਿੰਦਰ ਮਹਾਜਨ (70) ਚੰਡੀਗੜ੍ਹ ਰੋਡ ਦਾ ਰਹਿਣ ਵਾਲਾ ਸੀ ਅਤੇ ਸੀ. ਐੱਮ. ਸੀ. ਹਸਪਤਾਲ ਵਿਚ ਭਰਤੀ ਸੀ।
ਜਸਪਾਲ ਸਿੰਘ (48) ਪਾਇਲ ਦਾ ਰਹਿਣ ਵਾਲਾ ਸੀ ਅਤੇ ਪੀ. ਜੀ. ਆਈ. ਚੰਡੀਗੜ੍ਹ ਵਿਚ ਦਾਖਲ ਸੀ।
ਰਘੂਨੰਦਨ (48) ਚੰਦਰ ਨਗਰ ਦਾ ਰਹਿਣ ਵਾਲਾ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਸੀ।
ਜਸਵੀਰ ਕੌਰ (52) ਮਲਕਪੁਰ ਦੀ ਰਹਿਣ ਵਾਲੀ ਸੀ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਚ ਦਾਖਲ ਸੀ।
80 ਸਾਲਾਂ ਔਰਤ ਮੋਗਾ ਦੀ ਰਹਿਣ ਵਾਲੀ ਸੀ ਅਤੇ ਸਿਵਲ ਹਸਪਤਾਲ ਵਿਚ ਦਾਖਲ ਸੀ।