ਅਕਾਲੀ ਦਲ ''ਚ ਵੱਡੇ ਸਿਆਸੀ ਧਮਾਕੇ ਦੇ ਅਸਾਰ!

Thursday, Jan 16, 2020 - 09:38 AM (IST)

ਅਕਾਲੀ ਦਲ ''ਚ ਵੱਡੇ ਸਿਆਸੀ ਧਮਾਕੇ ਦੇ ਅਸਾਰ!

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਢੀਂਡਸਾ ਖਿਲਾਫ ਮੁਅੱਤਲੀ ਦੇ ਹੁਕਮ ਦਿੱਤੇ ਹਨ ਅਤੇ 15 ਦਿਨਾਂ 'ਚ ਨੋਟਿਸ ਦੇ ਕੇ ਜਵਾਬ ਮੰਗਿਆ ਹੈ। ਇਸ ਤੋਂ ਇਲਾਵਾ ਢੀਂਡਸਾ ਖਿਲਾਫ ਸਖਤ ਸ਼ਬਦਾਵਲੀ ਦੀ ਵਰਤੋਂ ਮੀਡੀਆ 'ਚ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਚ ਬੈਠੇ ਢੀਂਡਸਾ ਦੇ ਕੱਦ ਦੇ ਤਿੰਨ ਦਾਅਵੇਦਾਰ ਨੇਤਾ ਹੁਣ ਵੱਡਾ ਸਿਆਸੀ ਧਮਾਕਾ ਕਿਸੇ ਵੇਲੇ ਵੀ ਕਰ ਸਕਦੇ ਹਨ।

ਅੱਜ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਢੀਂਡਸਾ ਦੀ ਮੁਅੱਤਲੀ ਤੋਂ ਬਾਅਦ ਉਨ੍ਹਾਂ ਦੇ ਜਵਾਬ ਦਾ ਇੰਤਜ਼ਾਰ ਪਾਰਟੀ ਨੇ ਕਰਨਾ ਹੈ ਅਤੇ ਫਿਰ ਕੋਈ ਫੈਸਲਾ ਲੈਣਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹੁਣ ਢੀਂਡਸਿਆਂ ਖਿਲਾਫ ਆਰ-ਪਾਰ ਦੀ ਲੜਾਈ ਲੜਨ ਦੀ ਤਿਆਰੀ 'ਚ ਹਨ, ਜਦੋਂਕਿ ਇਕ ਵੱਡੇ ਅਕਾਲੀ ਨੇਤਾ ਵੱਲੋਂ ਢੀਂਡਸਾ ਖਿਲਾਫ ਪਾਰਟੀ ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਨਾਲੋਂ ਆਪਣਾ ਨਾਤਾ ਤੋੜਣ ਦੀ ਅੱਜ ਚਰਚਾ ਹੋ ਰਹੀ ਹੈ। ਬਾਕੀ ਜੇਕਰ ਢੀਂਡਸਾ ਦੇ ਹੱਕ ਦੇ ਹੋਰਨਾਂ ਅਕਾਲੀ ਆਗੂਆਂ ਨੇ ਧਮਾਕਾ ਕਰ ਦਿੱਤਾ ਤਾਂ ਅਕਾਲੀ ਦਲ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ। ਹੁਣ ਦੇਖਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ, ਜੋ ਪਾਰਟੀ ਦੇ ਸਰਪ੍ਰਸਤ ਹਨ, ਉਹ ਕੋਈ ਵਿਚਾਲੇ ਦਾ ਰਸਤਾ ਕੱਢਦੇ ਹਨ ਜਾਂ ਫਿਰ ਉਹ ਵੀ ਬੇਵੱਸ ਹੋ ਕੇ ਭਾਣਾ ਮੰਨਦੇ ਹਨ।


author

cherry

Content Editor

Related News