ਲੁਧਿਆਣਾ ਪੁਲਸ ਦੇ ਹੁਣ ਤਕ 25 ਮੁਲਾਜ਼ਮਾਂ ਨੂੰ ਹੋਇਆ ''ਕੋਰੋਨਾ''

Saturday, Jul 04, 2020 - 06:28 PM (IST)

ਲੁਧਿਆਣਾ ਪੁਲਸ ਦੇ ਹੁਣ ਤਕ 25 ਮੁਲਾਜ਼ਮਾਂ ਨੂੰ ਹੋਇਆ ''ਕੋਰੋਨਾ''

ਲੁਧਿਆਣਾ (ਨਰਿੰਦਰ ਮਹਿੰਦਰੂ) : ਲੁਧਿਆਣਾ ਪੁਲਸ ਦੇ ਲਗਭਗ 25 ਮੁਲਾਜ਼ਮ ਹੁਣ ਤਕ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦਾ ਖੁਲਾਸਾ ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕੀਤਾ ਹੈ। ਲੁਧਿਆਣਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਮਿਸ਼ਨ ਫਤਿਹ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਲੁਧਿਆਣਾ ਦੇ ਪੁਲਸ ਕਮਿਸ਼ਨਰ, ਐੱਸ. ਡੀ. ਐੱਮ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ, ਸਿਵਲ ਹਸਪਤਾਲ ਦੇ ਡਾਕਟਰ ਮੌਜੂਦ ਰਹੇ, ਜਿਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਮਿਸ਼ਨ ਫਤਿਹ ਨੂੰ ਲੋਕਾਂ ਦਾ ਕਾਫੀ ਯੋਗਦਾਨ ਮਿਲ ਰਿਹਾ ਹੈ। ਇਸ ਦੌਰਾਨ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਉਹ ਇਸ ਮਿਸ਼ਨ ਨੂੰ ਨੌਜਵਾਨਾਂ 'ਚ ਲੈ ਕੇ ਜਾ ਰਹੇ ਹਨ ਤਾਂ ਜੋ ਇਸ ਮਿਸ਼ਨ ਨੂੰ ਹੋਰ ਪ੍ਰਭਾਵੀ ਢੰਗ ਨਾਲ ਫ਼ਤਿਹ ਕੀਤਾ ਜਾਵੇ। 

ਇਹ ਵੀ ਪੜ੍ਹੋ : ਪੰਜਾਬ 'ਚ ਭਿਆਨਕ ਰੂਪ ਧਾਰਨ ਕਰਨ ਲੱਗੀ ਗਰਮੀ, ਬਠਿੰਡਾ 'ਚ 3 ਮੌਤਾਂ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਕਿਹਾ ਕਿ ਲੋਕ ਆਪਣੇ-ਆਪ ਨੂੰ ਸੁਰੱਖਿਅਤ ਰੱਖਣ ਜਿਸ ਲਈ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਹੁਣ ਤੱਕ 25 ਪੁਲਸ ਮੁਲਾਜ਼ਮ ਕੋਰੋਨਾ ਤੋਂ ਪੀੜਤ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ, ਪੁਲਸ ਕਮਿਸ਼ਨਰ ਨੇ ਕਿਹਾ ਇਸ ਕਰਕੇ ਪੁਲਸ ਅਤੇ ਸਰਕਾਰੀ ਦਫ਼ਤਰਾਂ ਵਿਚ ਲੋਕ ਉਦੋਂ ਹੀ ਆਉਣ ਜੋਂ ਬਹੁਤ ਜ਼ਿਆਦਾ ਜ਼ਰੂਰੀ ਕੰਮ ਹੋਵੇ। ਪੁਲਸ ਕਮਿਸ਼ਨਰ ਨੇ ਲੋਕਾਂ ਦਾ ਭੰਬਲਭੂਸਾ ਦੂਰ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੁਣ ਲੋਕ ਡਾਊਨ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਟੀਚਾ ਪੰਜਾਬ ਨੂੰ ਮਿਸ਼ਨ ਫ਼ਤਿਹ ਦੇ ਤਹਿਤ ਮਹਾਮਾਰੀ ਤੋਂ ਮੁਕਤ ਕਰਨਾ ਹੈ, ਜਿਸ ਲਈ ਉਹ ਪੂਰੀ ਵਾਹ ਲਗਾ ਰਹੇ ਹਨ।

ਇਹ ਵੀ ਪੜ੍ਹੋ : ਖੰਨਾ 'ਚ ਕੋਰੋਨਾ ਦਾ ਵੱਡਾ ਬਲਾਸਟ, ਇਕੋ ਪਰਿਵਾਰ ਦੇ 7 ਜੀਅ ਆਏ ਪਾਜ਼ੇਟਿਵ


author

Gurminder Singh

Content Editor

Related News