ਲੁਧਿਆਣਾ ਵਿਚ ਗੁੰਡਾਗਰਦੀ, ਘਰ ਇਕੱਲੀ ਮਹਿਲਾ ਨੂੰ ਦੇਖ ਕੇ ਲਹਿਰਾਏ ਹਥਿਆਰ
Friday, Aug 02, 2024 - 05:31 PM (IST)
ਲੁਧਿਆਣਾ : ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਦੇ ਅਧੀਨ ਪੈਂਦੇ ਨਿਊ ਰਮੇਸ਼ ਨਗਰ ਦੇ ਰਹਿਣ ਵਾਲੇ ਪਰਿਵਾਰ ਨੇ ਦੋਸ਼ ਲਗਾਏ ਕਿ ਦੇਰ ਰਾਤ ਨੂੰ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇਕ ਘਰ 'ਚ ਇਕੱਲੀ ਮਹਿਲਾ ਨੂੰ ਦੇਖ ਕੇ ਗੁੰਡਾਗਰਦੀ ਕੀਤੀ ਗਈ। ਇਸ ਘਟਨਾ ਦੀ ਸੀ. ਸੀ. ਟੀ. ਵੀ. ਵੀਡੀਓ ਵੀ ਸਾਹਮਣੇ ਆਈ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਥਿਆਰਬੰਦ ਨੌਜਵਾਨ ਗੱਡੀ ਭਰਕੇ ਇਕ ਘਰ ਦੇ ਬਾਹਰ ਪਹੁੰਚਦੇ ਹਨ ਅਤੇ ਇਕੱਲੀ ਮਹਿਲਾ ਨੂੰ ਦੇਖ ਕੇ ਹਥਿਆਰ ਦਿਖਾ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹਨ।
ਦੂਜੇ ਪਾਸੇ ਮਹਿਲਾ ਨੇ ਜਦੋਂ ਆਪਣੇ ਬਿਮਾਰ ਪਤੀ ਨੂੰ ਹਸਪਤਾਲ ਵਿਚ ਫੋਨ ਕੀਤਾ ਤਾਂ ਉਸ ਦੇ ਪਤੀ ਨੇ ਆਪਣੇ ਚਾਚੇ ਨੂੰ ਫੋਨ ਕਰਕੇ ਘਰ ਭੇਜਿਆ ਤਾਂ ਜਦੋਂ ਉਸ ਦਾ ਚਾਚਾ ਘਰ ਦੇ ਬਾਹਰ ਪਹੁੰਚਿਆ ਤਾਂ ਹਥਿਆਰਬੰਦ ਨੌਜਵਾਨਾਂ ਨੇ ਉਸਦੇ ਚਾਚੇ 'ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੁਹੱਲਾ ਵਾਲਿਆਂ ਨੂੰ ਇਕੱਠਾ ਹੁੰਦਾ ਦੇਖ ਕੇ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਪੀੜਤ ਮਹਿਲਾ ਨੇ ਥਾਣਾ ਟਿੱਬਾ ਵਿਚ ਦਰਖ਼ਾਸਤ ਦੇ ਕੇ ਇਨਸਾਫ ਦੀ ਗੁਹਾਰ ਲਗਾਈ ਹੈ।