ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਵਾਉਣ ਨੂੰ ਲੈ ਕੇ ਅਕਾਲੀ ਦਲ ਦੀ ਤੌਬਾ

Friday, Feb 22, 2019 - 09:34 AM (IST)

ਲੁਧਿਆਣਾ (ਹਿਤੇਸ਼) : ਇਕ ਪਾਸੇ ਜਿੱਥੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਵਾਉਣ ਨੂੰ ਲੈ ਕੇ ਕਾਂਗਰਸ 'ਚ ਦੁਚਿੱਤੀ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਅਕਾਲੀ ਦਲ ਨੇ ਵਿਧਾਇਕਾਂ 'ਤੇ ਦਬਾਅ ਬਣਾਉਣ ਦੀ ਯੋਜਨਾ ਤੋਂ ਤੌਬਾ ਕਰ ਲਈ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਲੋਕ ਸਭਾ ਚੋਣਾਂ 'ਚ ਟਿਕਟ ਦੇਣ ਲਈ ਕਾਂਗਰਸ ਵਲੋਂ ਜੋ ਅਰਜ਼ੀਆਂ ਲੈਣ ਦਾ ਫਾਰਮੂਲਾ ਅਪਣਾਇਆ ਗਿਆ ਹੈ, ਉਸ ਤੋਂ ਮੌਜੂਦਾ ਉਮੀਦਵਾਰਾਂ ਨੂੰ  ਚੁਣੌਤੀ ਮਿਲ ਗਈ ਹੈ। ਇੱਥੋਂ ਤਕ ਕਿ ਕਈ ਥਾਈਂ ਵਿਧਾਇਕਾਂ ਨੇ ਲੋਕ ਸਭਾ ਚੋਣਾਂ ਲਈ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਹਾਲਾਂਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਪ ਚੋਣਾਂ ਦੇ ਝੰਜਟ ਤੋਂ ਬਚਣ ਲਈ  ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਵਾਉਣ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ 'ਤੇ ਸਟੇਟ ਇਲੈਕਸ਼ਨ ਕਮੇਟੀ ਦੀ ਬੈਠਕ 'ਚ ਜਿੱਤਣ ਦੀ  ਸਮਰੱਥਾ ਰੱਖਣ ਵਾਲੇ ਵਿਧਾਇਕਾਂ ਨੂੰ ਟਿਕਟ ਦੇਣ 'ਤੇ ਵਿਚਾਰ ਕਰਨ ਦਾ ਪ੍ਰਸਤਾਵ ਪਾਸ ਕਰ  ਦਿੱਤਾ ਗਿਆ ਹੈ।  

ਉਧਰ, ਅਕਾਲੀ ਦਲ ਵਲੋਂ ਲੋਕ ਸਭਾ ਚੋਣਾਂ 'ਚ ਟਿਕਟ ਦੇਣ ਲਈ ਅਰਜ਼ੀਆਂ ਮੰਗਣ ਦੀ ਜਗ੍ਹਾ ਆਪਣੇ ਅੰਦਰੂਨੀ ਸਿਸਟਮ ਰਾਹੀਂ ਹੀ ਉਮੀਦਵਾਰਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਹੈ। ਇਨ੍ਹਾਂ 'ਚੋਂ ਬਠਿੰਡਾ 'ਚ ਹਰਸਿਮਰਤ ਬਾਦਲ ਤੇ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ  ਚੰਦੂਮਾਜਰਾ ਨੂੰ ਮੁੜ ਚੋਣ ਲੜਨ ਦੀ ਹਰੀ ਝੰਡੀ ਮਿਲ ਚੁੱਕੀ ਹੈ। ਜਦੋਂਕਿ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਘੁਬਾਇਆ ਤੇ ਖਡੂਰ ਸਾਹਿਬ ਤੋਂ ਐੱਮ. ਪੀ. ਰਤਨ  ਸਿੰਘ ਅਜਨਾਲਾ ਨੇ ਅਕਾਲੀ ਦਲ ਖਿਲਾਫ ਬਗਾਵਤ ਦਾ ਝੰਡਾ ਬੁਲੰਦ ਕਰ ਲਿਆ ਹੈ ਅਤੇ ਪਟਿਆਲਾ  ਤੋਂ ਪਿਛਲੀ ਚੋਣ ਲੜਨ ਵਾਲੇ ਜਨਰਲ ਜੇ. ਜੇ. ਸਿੰਘ ਨੇ ਅਕਾਲੀ ਦਲ ਦਾ ਸਾਥ ਛੱਡ ਦਿੱਤਾ  ਹੈ। 

ਇਸੇ ਤਰ੍ਹਾਂ ਸੰਗਰੂਰ ਤੋਂ ਸਾਬਕਾ ਐੱਮ. ਪੀ. ਸੁਖਦੇਵ ਸਿੰਘ ਢੀਂਡਸਾ ਤੇ ਉਨ੍ਹਾਂ  ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ।ਇਹੀ ਗੱਲ ਪਿਛਲੀਆਂ ਚੋਣਾਂ 'ਚ ਲੁਧਿਆਣਾ ਤੋਂ ਉਮੀਦਵਾਰ ਰਹੇ ਮਨਪ੍ਰੀਤ ਸਿੰਘ ਇਆਲੀ ਸਬੰਧੀ ਵੀ ਸੁਣਨ ਨੂੰ ਮਿਲ ਰਹੀ ਹੈ। ਇਸ ਦੇ ਮੱਦੇਨਜ਼ਰ ਅਕਾਲੀ ਦਲ ਵਲੋਂ 8 ਸੀਟਾਂ 'ਤੇ ਨਵੇਂ ਚਿਹਰਿਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਤੇ ਫਰੀਦਕੋਟ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗਰਾਈਆਂ ਨੂੰ ਟਿਕਟ ਮਿਲਣ ਦੀ ਸਭ ਤੋਂ ਜ਼ਿਆਦਾ  ਸੰਭਾਵਨਾ ਹੈ ਪਰ ਕਈ ਥਾਈਂ ਮੌਜੂਦਾ ਵਿਧਾਇਕਾਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ 'ਚੋਂ ਪਵਨ ਟੀਨੂ ਨੇ ਪਿਛਲੀ ਵਾਰ ਜਲੰਧਰ ਤੋਂ ਚੋਣ ਲੜੀ ਸੀ ਅਤੇ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਢਿੱਲੋਂ ਪਹਿਲਾਂ ਲੁਧਿਆਣਾ ਦੇ ਐੱਮ. ਪੀ. ਰਹਿ ਚੁੱਕੇ ਹਨ। ਪਾਰਟੀ ਸੂਤਰਾਂ ਮੁਤਾਬਕ ਰਾਹੁਲ ਗਾਂਧੀ ਦੀ ਤਰ੍ਹਾਂ ਸੁਖਬੀਰ ਬਾਦਲ ਨੇ ਵੀ ਜਿੱਤ ਦੀ ਸੂਰਤ 'ਚ ਉਪ ਚੋਣ ਦੇ ਝੰਜਟ ਤੋਂ ਬਚਣ ਲਈ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਵਾਉਣ  ਤੋਂ ਤੌਬਾ ਕਰ ਲਈ ਹੈ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਪੰਜਾਬ 'ਚ ਅਜੇ ਤਿੰਨ ਸਾਲ ਕਾਂਗਰਸ ਦੀ ਸਰਕਾਰ ਹੈ  ਅਤੇ ਉਪ ਚੋਣ 'ਚ ਜ਼ਿਆਦਾਤਰ ਸੱਤਾਧਾਰੀ ਪਾਰਟੀ ਦੀ ਹੀ ਜਿੱਤ ਹੁੰਦੀ ਹੈ, ਜਦੋਂਕਿ ਅਕਾਲੀ ਦਲ ਕੋਲ ਪਹਿਲਾਂ ਹੀ ਸਿਰਫ 14 ਵਿਧਾਇਕ ਹਨ।

ਫਤਿਹਗੜ੍ਹ ਸਾਹਿਬ ਸੀਟ 'ਤੇ ਪੈਰਾਸ਼ੂਟ ਉਮੀਦਵਾਰਾਂ ਦਾ ਸਾਇਆ
ਫਤਿਹਗੜ੍ਹ ਸਾਹਿਬ ਸੀਟ 'ਤੇ ਪਿਛਲੀ ਵਾਰ ਅਕਾਲੀ ਦਲ ਦੀ ਟਿਕਟ 'ਤੇ ਚੋਣ ਲੜਨ  ਵਾਲੇ ਕੁਲਵੰਤ ਸਿੰਘ ਹੁਣ ਮੋਹਾਲੀ ਦੇ ਮੇਅਰ ਬਣ ਚੁੱਕੇ ਹਨ। ਅਜਿਹੇ 'ਚ ਅਕਾਲੀ ਦਲ ਨੂੰ  ਇਸ ਸੀਟ 'ਤੇ ਵੀ ਉਮੀਦਵਾਰ ਦੀ ਭਾਲ ਹੈ, ਜਿਨ੍ਹਾਂ ਵਿਚ ਲੋਕ ਸਭਾ ਦੇ ਸਾਬਕਾ ਡਿਪਟੀ  ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਉਹ ਅਤੇ ਉਨ੍ਹਾਂ  ਦਾ ਬੇਟਾ ਜਿਸ ਕੂੰਮਕਲਾਂ ਸੀਟ ਤੋਂ ਵਿਧਾਇਕ ਰਹੇ ਹਨ, ਉਹ ਇਲਾਕਾ ਹੁਣ ਫਤਿਹਗੜ੍ਹ  ਸਾਹਿਬ ਸੀਟ ਦੇ ਅਧੀਨ ਆ ਗਿਆ ਹੈ। ਇਸੇ ਤਰ੍ਹਾਂ ਖੰਨਾ ਤੋਂ ਵਿਧਾਇਕ ਰਹੇ ਅਤੇ ਰਾਏਕੋਟ  ਤੋਂ ਪਿਛਲੀ ਚੋਣ ਲੜਨ ਵਾਲੇ ਬਿਕਰਮਜੀਤ ਖਾਲਸਾ ਦਾ ਨਾਂ ਵੀ ਚਰਚਾ ਵਿਚ ਹੈ। ਇਸ ਤੋਂ  ਇਲਾਵਾ ਬੱਸੀ ਪਠਾਣਾਂ ਤੋਂ ਵਿਧਾਇਕ ਰਹੇ ਜਸਟਿਸ ਨਿਰਮਲ ਸਿੰਘ ਤੇ ਫਰੀਦਕੋਟ ਤੋਂ ਐੱਮ.  ਪੀ. ਰਹੀ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਗੁਲਸ਼ਨ ਦੇ ਨਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ  ਹੈ।


Baljeet Kaur

Content Editor

Related News