ਲੁਧਿਆਣਾ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ, ਇਸ ਰਿਪੋਰਟ ਨੂੰ ਪੜ੍ਹ ਕੇ ਉਡਣਗੇ ਹੋਸ਼
Wednesday, Oct 08, 2025 - 03:00 PM (IST)

ਲੁਧਿਆਣਾ (ਰਾਜ) : ਔਰਤਾਂ ਵਿਰੁੱਧ ਅਪਰਾਧਾਂ ’ਚ ਦੇਸ਼ ਦੇ 34 ਮਹਾਨਗਰਾਂ ’ਚੋਂ ਲੁਧਿਆਣਾ 23ਵੇਂ ਸਥਾਨ ’ਤੇ ਹੋ ਸਕਦਾ ਹੈ ਪਰ ਬੱਚਿਆਂ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਇਹ ਸ਼ਹਿਰ ਬਹੁਤ ਚਿੰਤਾਜਨਕ ਸਥਿਤੀ ਵਿਚ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਨੇ ਲੁਧਿਆਣਾ ਦੀ ਅਸਲੀਅਤ ਉਜਾਗਰ ਕੀਤੀ ਹੈ। ਬੱਚਿਆਂ ਵਿਰੁੱਧ ਅਪਰਾਧਾਂ ’ਚ ਲੁਧਿਆਣਾ ਦੇਸ਼ ’ਚ 15ਵੇਂ ਸਥਾਨ ’ਤੇ ਹੈ। ਸਾਲ ਭਰ ਸ਼ਹਿਰ ’ਚ ਕੁੱਲ 258 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ’ਚ ਨਾਬਾਲਿਗ ਕੁੜੀਆਂ ਨਾਲ ਜਿਣਸੀ ਸ਼ੋਸ਼ਣ ਦੇ 84 ਮਾਮਲੇ ਅਤੇ ਵਿਆਹ ਲਈ ਅਗਵਾ ਦੇ 93 ਮਾਮਲੇ ਸ਼ਾਮਲ ਹਨ। ਇਹ ਸਾਲ 2023 ਦਾ ਰਿਕਾਰਡ ਐੱਨ. ਸੀ. ਆਰ. ਬੀ. ਨੇ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਦੇਹਾਂਤ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਦੇਸ਼ ਦੇ ਹੋਰ ਮਹਾਨਗਰਾਂ ਦੇ ਮੁਕਾਬਲੇ ਲੁਧਿਆਣਾ ਦੀ ਸਥਿਤੀ ਚਿੰਤਾਜਨਕ
ਐੱਨ. ਸੀ. ਆਰ. ਬੀ. ਦੀ ਰਿਪੋਰਟ ਅਨੁਸਾਰ ਭੋਪਾਲ ’ਚ (1,188 ਮਾਮਲੇ) ਬੱਚਿਆਂ ਨਾਲ ਅਪਰਾਧਾਂ ਦੀ ਸੂਚੀ ’ਚ ਸਭ ਤੋਂ ਉੱਪਰ ਹੈ। ਇਸ ਤੋਂ ਬਾਅਦ ਵਸਈ-ਵਿਰਾਰ (792), ਫਰੀਦਾਬਾਦ (780), ਗਵਾਲੀਅਰ (603), ਰਾਏਪੁਰ (482), ਜੱਬਲਪੁਰ (463), ਔਰੰਗਾਬਾਦ ਅਤੇ ਜੋਧਪੁਰ (420-420), ਨਾਸਿਕ (396), ਦੁਰਗ (ਭਿਲਾਈਨਗਰ) (374), ਕੋਟਾ (357), ਵਿਜੇਵਾੜਾ (312), ਤ੍ਰਿਸੂਰ (310) ਅਤੇ ਚੰਡੀਗੜ੍ਹ (294) ਦਾ ਨੰਬਰ ਆਉਂਦਾ ਹੈ। ਇਸ ਤੋਂ ਬਾਅਦ ਲੁਧਿਆਣਾ ਆਉਂਦਾ ਹੈ, ਜਿਥੇ 258 ਮਾਮਲੇ ਦਰਜ ਕੀਤੇ ਗਏ ਸਨ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੇ ਦੇਹਾਂਤ ਨਾਲ ਪੰਜਾਬ 'ਚ ਸੋਗ, ਡਾ. ਗੁਰਪ੍ਰੀਤ ਕੌਰ ਨੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਆਈ. ਪੀ. ਸੀ. ਅਤੇ ਐੱਸ. ਐੱਲ. ਐੱਲ. ਦੇ ਤਹਿਤ ਦਰਜ ਅਪਰਾਧ
ਸਾਲ 2023 ’ਚ ਲੁਧਿਆਣਾ ’ਚ ਦਰਜ ਕੁੱਲ 258 ਮਾਮਲਿਆਂ ’ਚੋਂ 137 ਮਾਮਲੇ ਭਾਰਤੀ ਦੰਡ ਸੰਹਿਤਾ ਤਹਿਤ ਅਤੇ 121 ਮਾਮਲੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨਾਂ ਤਹਿਤ ਦਰਜ ਕੀਤੇ ਗਏ। ਐੱਸ. ਐੱਲ. ਐੱਲ. ’ਚ ਮੁੱਖ ਰੂਪ ਨਾਲ ਪੋਕਸੋ ਅਤੇ ਕਿਸ਼ੋਰ ਨਿਆਂ ਐਕਟ ਨਾਲ ਜੁੜੇ ਅਪਰਾਧ ਸ਼ਾਮਲ ਹਨ। ਆਈ. ਪੀ. ਸੀ. ਮਾਮਲਿਆਂ ਦੀ ਗੱਲ ਕਰੀਏ ਤਾਂ 2023 ’ਚ ਸ਼ਹਿਰ ’ਚ ਬੱਚਿਆਂ ਦੇ 4 ਕਤਲ ਹੋਏ, ਜਿਨ੍ਹਾਂ ’ਚ ਰੇਪ ਤੋਂ ਬਾਅਦ ਕਤਲ ਦਾ 1 ਮਾਮਲਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਛੇੜਛਾੜ ਦੇ 8 ਮਾਮਲੇ, ਮਾਰਕੁੱਟ ਦੇ 4 ਮਾਮਲੇ, ਗੰਭੀਰ ਸੱਟਾਂ ਦੇ 2 ਮਾਮਲੇ ਅਤੇ ਅਗਵਾ ਦੇ 97 ਮਾਮਲੇ ਦਰਜ ਕੀਤੇ ਗਏ। ਅਗਵਾ ਦੇ ਇਨ੍ਹਾਂ 97 ਮਾਮਲਿਆਂ ’ਚੋਂ 91 ਮਾਮਲੇ ਅਜਿਹੇ ਸਨ, ਜਿਨ੍ਹਾਂ ’ਚ 93 ਲੜਕੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਲਈ ਅਹਿਮ ਖ਼ਬਰ, ਸਰਕਾਰ ਨੇ ਦਿੱਤੀ ਜਾਣਕਾਰੀ
ਦੂਜੇ ਪਾਸੇ, ਬੱਚਿਆਂ ’ਤੇ ਅਪਰਾਧ ਦੀ ਐੱਸ. ਐੱਲ. ਐੱਲ. ਸ਼੍ਰੇਣੀ ਤਹਿਤ, ਅੰਕੜੇ ਇਕ ਡਰਾਉਣੀ ਤਸਵੀਰ ਪੇਸ਼ ਕਰਦੇ ਹਨ, ਕਿਉਂਕਿ 2023 ’ਚ 84 ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਹੋਇਆ। ਇਸ ਤੋਂ ਇਲਾਵਾ 16 ਲੜਕੀਆਂ ਅਤੇ 8 ਲੜਕਿਆਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ। ਇਸ ਤੋਂ ਇਲਾਵਾ ਬਾਲ ਪੋਰਨੋਗ੍ਰਾਫੀ ਦੇ ਉਪਯੋਗ ਦੀ ਸ਼੍ਰੇਣੀ ’ਚ 8 ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ ਕਿਸ਼ੋਰ ਨਿਆਂ ਐਕਟ ਦੀ ਧਾਰਾ ਅਧੀਨ 8 ਅਜਿਹੇ ਕੇਸ ਵੀ ਦਰਜ ਕੀਤੇ ਗਏ, ਜਿਨ੍ਹਾਂ ’ਚ ਅਪਰਾਧ ਕਿਸ਼ੋਰ ਗ੍ਰਹਿ ਦੇ ਕੇਅਰਟੇਕਰ ਜਾਂ ਮੁਖੀ ਵਲੋਂ ਕੀਤਾ ਗਿਆ ਸੀ। ਨਾਲ ਹੀ 2023 ’ਚ ਬਾਲ ਮਜ਼ਦੂਰੀ ਦਾ 1 ਕੇਸ ਵੀ ਦਰਜ ਕੀਤਾ ਗਿਆ। ਰਿਪੋਰਟ ’ਚ ਇਨ੍ਹਾਂ ਮਾਮਲਿਆਂ ਦੇ ਨਿਪਟਾਰੇ ਦਾ ਵੀ ਜ਼ਿਕਰ ਹੈ, ਜਿਸ ’ਚ ਦੱਸਿਆ ਗਿਆ ਹੈ ਕਿ ਸਾਲ 2023 ’ਚ ਪਿਛਲੇ ਸਾਲ 2022 ਦੀ ਪੁਲਸ ਜਾਂਚ ਦੇ ਪੈਂਡਿੰਗ ਮਾਮਲੇ 261 ਸਨ ਅਤੇ 258 ਨਵੇਂ ਮਾਮਲਿਆਂ ਨੂੰ ਜੋੜ ਕੇ ਕੁੱਲ ਪੈਂਡਿੰਗ ਮਾਮਲਿਆਂ ਦੀ ਗਿਣਤੀ 519 ਹੋ ਗਈ। 2023 ਦੇ ਅੰਤ ਤੱਕ ਪੁਲਸ 308 ਮਾਮਲਿਆਂ ਦਾ ਨਿਪਟਾਰਾ ਕਰ ਪਾਏਗੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ 8 ਅਜਿਹੇ ਮਾਮਲੇ ਸਨ, ਜਿਨ੍ਹਾਂ ’ਚ ਦੋਸ਼ ਸਹੀ ਹੋਣ ਦੇ ਬਾਵਜੂਦ ਸਬੂਤਾਂ ਦੀ ਘਾਟ ’ਚ ਨਿਆਂ ਨਹੀਂ ਹੋ ਪਾਇਆ, ਜਦੋਂਕਿ 70 ਅਜਿਹੇ ਮਾਮਲੇ ਸਮਾਪਤ ਹੋ ਗਏ, ਜਿਨ੍ਹਾਂ ’ਚ ਤਥਯਾਤਮਕ ਭੁੱਲ, ਕਾਨੂੰਨੀ ਭੁੱਲ ਜਾਂ ਦੀਵਾਨੀ ਵਿਵਾਦ ਸੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਨਗਰ ਕੀਰਤਨ ਦੌਰਾਨ ਵੱਡੀ ਘਟਨਾ, ਪੈ ਗਈਆਂ ਭਾਜੜਾਂ
12 ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ
2 ਸਤੰਬਰ, 2023 ਭਰੋਵਾਲ ਰੋਡ ਨਿਵਾਸੀ 12 ਸਾਲ ਦੀ ਸੰਧਿਆ ਤੇ ਉਸ ਦੇ ਚਚੇਰੇ ਭਰਾ 22 ਸਾਲਾ ਰਾਕੇਸ਼ ਕੁਮਾਰ ਨੇ ਕਿਸੇ ਗੱਲ ’ਤੇ ਕੁਲਹਾੜੀ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਰਾਕੇਸ਼ ਨੇ ਖੁਦਕਸ਼ੀ ਦੀ ਕੋਸ਼ਿਸ਼ ਕੀਤੀ। 4 ਸਤੰਬਰ, 2023 ’ਚ ਇਕ ਨਿੱਜੀ ਹਸਪਤਾਲ ’ਚ ਬੱਚੀ ਦੀ ਮੌਤ ਹੋ ਗਈ। ਸੰਧਿਆ ਘਰ ਹੀ ਸੀ, ਜਦੋਂ ਰਾਕੇਸ਼ ਨਾਲ ਉਸ ਦਾ ਝਗੜਾ ਹੋਇਆ ਸੀ। ਥੋੜ੍ਹੀ ਬਹਿਸ ਤੋਂ ਬਾਅਦ ਰਾਕੇਸ਼ ਨੇ ਕੁਲਹਾੜੀ ਚੱੁਕੀ ਅਤੇ ਸੰਧਿਆ ਦੇ ਸਿਰ ’ਤੇ ਵਾਰ ਕਰ ਦਿੱਤਾ। ਸੰਧਿਆ ਦੀ ਭੈਣ ਰੁਚਿਕਾ ਨੇ ਉਸ ਦੀ ਚੀਕ ਸੁਣੀ ਅਤੇ ਭੱਜ ਕੇ ਉਥੇ ਪਹੁੰਚੀ। ਉਸ ਨੇ ਰਾਕੇਸ਼ ਨੂੰ ਉਸ ’ਤੇ ਦੁਬਾਰਾ ਹਮਲਾ ਕਰਨ ਤੋਂ ਰੋਕਿਆ ਪਰ ਇਸੇ ਦੌਰਾਨ ਰਾਕੇਸ਼ ਨੇ ਚਾਕੂ ਨਾਲ ਆਪਣਾ ਗਲਾ ਕੱਟ ਲਿਆ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਦਿਨ-ਦਿਹਾੜੇ ਕਿਸਾਨ ਦਾ ਗੋਲ਼ੀਆਂ ਮਾਰ ਕੇ ਕਤਲ
ਰਿਪੋਰਟ ਮੁਤਾਬਕ ਦਰਜ ਰੇਪ ਦੇ ਮਾਮਲੇ
5 ਦਸੰਬਰ 2023 ਪੁਲਸ ਨੇ ਇਕ 35 ਸਾਲਾ ਵਿਅਕਤੀ ਨੂੰ ਗੁਅਾਂਢ ’ਚ ਰਹਿਣ ਵਾਲੀ 14 ਸਾਲਾ ਬੱਚੀ ਨਾਲ ਰੇਪ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਬੱਚੀ ਘਰ ’ਚ ਇਕੱਲੀ ਹੀ ਸੀ, ਜਦੋਂ ਮੁਲਜ਼ਮ ਉਸ ਦੇ ਕਮਰੇ ’ਚ ਵੜ੍ਹ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਪਿਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਕਿਹਾ ਕਿ ਉਹ ਸਵੇਰੇ ਲਗਭਗ 5 ਵਜੇ ਸਬਜ਼ੀ ਮੰਡੀ ਗਏ ਸਨ। ਦੁਪਹਿਰ 12 ਵਜੇ ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੀ ਬੇਟੀ ਨੂੰ ਘਰੇ ਰੋਂਦੇ ਹੋਏ ਪਾਇਆ। ਪੁੱਛਣ ’ਤੇ ਉਸ ਨੇ ਦੱਸਿਆ ਕਿ ਜਦੋਂ ਉਹ ਉਨ੍ਹਾਂ ਦੇ ਇਕ ਕਮਰੇ ਵਾਲੇ ਕਿਰਾਏ ਦੇ ਮਕਾਨ ’ਚ ਸੀ, ਉਸ ਸਮੇਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਸੀ।
6 ਅਕਤੂਬਰ, 2023-ਮੇਹਰਬਾਨ ਪੁਲਸ ਨੇ ਇਕ ਵਿਅਕਤੀ ਨੂੰ ਆਪਣੇ ਦੋਸਤ ਦੀ 13 ਸਾਲਾਂ ਬੇਟੀ ਦੇ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਦੋਸ਼ੀ ਨਾਬਾਲਿਗ ਲੜਕੀ ਨੂੰ ਮੇਲੇ ਲੈ ਕੇ ਜਾਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਮੁਲਜ਼ਮ ਉਨ੍ਹਾਂ ਦੇ ਘਰ ਆਇਆ ਅਤੇ ਕਿਹਾ ਕਿ ਉਹ ਮੇਲਾ ਘੁੰਮਣ ਜਾ ਰਹੇ ਹਨ ਅਤੇ ਉਸ ਨੇ ਆਪਣੇ ਦੋਸਤ ਨਾਲ ਬੇਟੀ ਨੂੰ ਨਾਲ ਭੇਜਣ ਨੂੰ ਕਿਹਾ। ਮੁਲਜ਼ਮ ਉਸ ਦੀ ਬੇਟੀ ਨੂੰ ਆਪਣੇ ਨਾਲ ਲੈ ਗਿਆ ਅਤੇ ਸ਼ਾਮ ਨੂੰ ਉਸ ਨੂੰ ਘਰ ਵਾਪਸ ਛੱਡ ਦਿੱਤਾ, ਜਿਸ ਤੋਂ ਬਾਅਦ ਉਸ ਨੇ ਆਪਣੀ ਆਪਬੀਤੀ ਸੁਣਾਈ। 1 ਜੁਲਾਈ, 2023-ਲੁਧਿਆਣਾ ਪੁਲਸ ਨੇ ਇਕ 47 ਸਾਲਾਂ ਵਿਅਕਤੀ ਨੂੰ ਆਪਣੀ 11 ਸਾਲਾਂ ਭਤੀਜੀ, ਜੋ ਵੱਡੇ ਭਰਾ ਦੀ ਬੇਟੀ ਹੈ, ਦੇ ਨਾਲ ਇਕ ਮਹੀਨੇ ਤੱਕ ਬਲਾਤਕਾਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਨਾਬਾਲਿਗ ਲੜਕੀ ਦਾ ਪਿਤਾ ਕੁੱਟਮਾਰ ਦੇ ਇਕ ਮਾਮਲੇ ’ਚ ਜੇਲ ’ਚ ਬੰਦ ਹੈ, ਜਦੋਂ ਉਸ ਦੀ ਮਾਂ ਦਾ ਬਹੁਤ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ। ਨਾਬਾਲਿਗ ਲੜਕੀ ਆਪਣੀ ਦਾਦੀ ਨਾਲ ਰਹਿੰਦੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e