ਪੰਜਾਬ ''ਚ ਕਾਂਗਰਸੀਆਂ ਦਾ ਰੱਬ ਰਾਖਾ, ਵਿਰੋਧੀ ਕਰਨ ਲੱਗੇ ਟਕੋਰਾਂ!
Saturday, Nov 30, 2019 - 09:14 AM (IST)

ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਸੱਤਾ ਵਿਚ ਆਏ ਹੋਏ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ। ਅਜੇ ਤੱਕ ਕਾਂਗਰਸੀ ਨੇਤਾ ਇਕ ਦੂਜੇ ਵੱਲ ਵੇਖ ਰਹੇ ਹਨ ਪਰ ਲੰਘੇ ਦਿਨੀਂ ਜੋ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਬਿਆਨ ਆ ਗਿਆ ਕਿ ਖਜ਼ਾਨਾ ਖਾਲੀ ਹੈ। ਸਰਕਾਰ ਦੀ ਮਾੜੀ ਹਾਲਤ ਬਾਰੇ ਚਰਚਾ ਕੀਤੀ ਤਾਂ ਕਾਂਗਰਸੀ ਨੇਤਾਵਾਂ ਜਿਨ੍ਹਾਂ 'ਚ ਸਰਪੰਚ, ਕੌਂਸਲਰ, ਮੈਂਬਰ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਕਾਂਗਰਸ ਦੇ ਸੀਨੀਅਰ ਮੈਂਬਰਾਂ ਨੂੰ ਇੰਝ ਲੱਗਾ ਕਿ ਉਨ੍ਹਾਂ 'ਤੇ ਰਾਜਸੀ ਬਿਜਲੀ ਡਿੱਗ ਗਈ ਹੋਵੇ ਕਿਉਂਕਿ ਉਨ੍ਹਾਂ ਨੂੰ ਆਸ ਸੀ ਕਿ ਹੁਣ ਸਰਕਾਰ ਗ੍ਰਾਂਟਾਂ ਦੇਣ ਲਈ ਖਜ਼ਾਨੇ ਦਾ ਮੂੰਹ ਖੋਲ੍ਹ ਦੇਵੇਗੀ ਪਰ ਹੋਇਆ ਉਸ ਦੇ ਉਲਟ।
ਬਾਕੀ ਹੱਦ ਉਦੋਂ ਹੋ ਗਈ ਜਦੋਂ ਤਿੰਨ ਸੀਨੀਅਰ ਕਾਂਗਰਸੀ ਵਿਧਾਇਕਾਂ ਨੇ ਮੀਡੀਆ ਵਿਚ ਬਿਆਨ ਦੇ ਕੇ ਸ਼ਰੇਆਮ ਆਖ ਦਿੱਤਾ ਕਿ ਸਾਡੀ ਅਫਸਰਸ਼ਾਹੀ ਸੁਣਦੀ ਨਹੀਂ, ਸਾਡੇ ਹੱਥ ਖੜ੍ਹੇ ਹਨ। ਸਾਡੇ ਫੋਨ ਅਧਿਕਾਰੀ ਟੈਪ ਕਰ ਰਹੇ ਹਨ। ਬਸ, ਫਿਰ ਕੀ ਸੀ ਇਹ ਹੇਠਲੇ ਪੱਧਰ ਦੇ ਨੇਤਾ ਜੋ ਪਿਛਲੇ 3 ਸਾਲਾਂ ਤੋਂ ਇਹ ਹੀ ਪਿੱਟਦੇ ਆ ਰਹੇ ਸਨ ਕਿ ਉਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਸੁਣਦਾ ਨਹੀਂ ਪਰ ਆਪਣੀ ਸਰਕਾਰ ਹੋਣ ਕਾਰਣ ਉਨ੍ਹਾਂ ਨੂੰ ਲਗਦਾ ਸੀ ਕਿ ਚੁੱਪ ਰਹਿਣ ਵਿਚ ਫਾਇਦਾ ਹੈ ਕਿਉਂਕਿ ਝੱਗਾ ਚੁੱਕਣ 'ਤੇ ਢਿੱਡ ਤਾਂ ਆਪਣਾ ਹੀ ਨੰਗਾ ਹੋਵੇਗਾ ਪਰ ਜਦੋਂ ਵਿਧਾਇਕਾਂ ਨੇ ਰੋਣਾ ਰੋ ਦਿੱਤਾ ਤਾਂ ਇਨ੍ਹਾਂ ਆਗੂਆਂ ਦਾ ਫਿਰ ਰੱਬ ਹੀ ਰਾਖਾ ਸੀ।
ਹੁਣ ਪੰਜਾਬ ਦੇ ਦੂਜੇ, ਤੀਜੇ ਅਤੇ ਚੌਥੇ ਨੰਬਰ ਦੇ ਕਾਂਗਰਸੀ ਨੇਤਾਵਾਂ ਦਾ ਇਹ ਹਾਲ ਹੈ ਕਿ ਉਹ ਭੋਗਾਂ, ਸੋਗਾਂ ਤੇ ਵਿਆਹਾਂ 'ਤੇ ਵਿਰੋਧੀਆਂ ਦੀਆਂ ਟਕੋਰਾਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਨਮੋਸ਼ੀ ਦੇ ਆਲਮ 'ਚੋਂ ਗੁਜ਼ਰ ਰਹੇ ਹਨ ਕਿਉਂਕਿ ਵਿਰੋਧੀ ਆਖਣ ਲੱਗ ਪਏ ਹਨ ਕਿ ਕਿੱਥੇ ਗਈ ਤੁਹਾਡੀ ਸਰਕਾਰ, ਤੁਹਾਡੇ ਤਾਂ ਵਿਧਾਇਕਾਂ ਦੀ ਕੋਈ ਸੁਣਦਾ ਨਹੀਂ, ਤੁਹਾਨੂੰ ਕੌਣ ਪੁੱਛਦਾ ਹੋਵੇਗਾ। ਇਨ੍ਹਾਂ ਗੱਲਾਂ ਨੂੰ ਸੁਣ ਕੇ ਖਾਮੋਸ਼ ਹਨ। ਜਦੋਂਕਿ ਪੰਜਾਬ ਵਿਚ ਇਸ ਗੱਲ ਦਾ ਰੌਲਾ ਪਿਆ ਹੈ ਕਿ ਕੈਪਟਨ ਅਤੇ ਸੁਖਬੀਰ ਫ੍ਰੈਂਡਲੀ ਮੈਚ ਖੇਡ ਰਹੇ ਹਨ ਜਿਸ ਕਾਰਣ ਅੱਜ ਕਾਂਗਰਸੀਆਂ ਦਾ ਇਹ ਹਾਲ ਹੈ। ਇਕ ਪੁਰਾਣੇ ਕਾਂਗਰਸੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬੀਆਂ ਨੇ ਇਸ ਕਰ ਕੇ ਦੂਜੀ ਵਾਰ ਮੌਕਾ ਦਿੱਤਾ ਸੀ। ਉਸ ਨੇ 2002 ਤੋਂ 2007 ਤੱਕ ਵੱਡੇ ਕਾਰਜ ਅਤੇ ਅਕਾਲੀਆਂ ਨੂੰ ਆਪਣੇ ਹੱਥ ਦਿਖਾਏ ਹਨ ਪਰ ਪਤਾ ਨਹੀਂ ਹੁਣ ਕੈਪਟਨ ਸਾਹਿਬ ਅੱਜ-ਕੱਲ ਆਪਣੇ ਹੱਥ ਕਿਹੜੇ ਪੰਡਤ ਨੂੰ ਦਿਖਾ ਰਹੇ ਹਨ।