ਪੰਜਾਬੀਆਂ ਦੀ ਜ਼ੁਬਾਨ ''ਤੇ ਕੇਜਰੀਵਾਲ ਤੇ ਸਿੱਧੂ ਦਾ ਨਾਂ !
Thursday, Jan 09, 2020 - 09:31 AM (IST)
ਲੁਧਿਆਣਾ (ਮੁੱਲਾਂਪੁਰੀ) : ਪੰਜਾਬ ਵਿਚ ਤਿੰਨ ਸਾਲ ਪਹਿਲਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਰੌਲਾ ਪਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੱਲੇ ਪੰਜਾਬੀਆਂ ਨੇ ਕੇਵਲ 20 ਸੀਟਾਂ ਦੇ ਕੇ ਨਿਰਾਸ਼ਾ ਪਾਈ ਸੀ, ਜਿਸ ਦੇ ਕਈ ਕਾਰਨ ਸਨ ਤੇ ਕਈ 'ਆਪ' ਦੀਆਂ ਵੱਡੀਆਂ ਗਲਤੀਆਂ, ਜਿਨ੍ਹਾਂ ਵਿਚ ਮੁੱਖ ਮੰਤਰੀ ਦਾ ਨਾਂ ਪੇਸ਼ ਨਾ ਕਰਨਾ ਤੇ ਦਿੱਲੀ ਵਾਲਿਆਂ ਦਾ ਪੰਜਾਬ 'ਤੇ ਮਨੀ ਪਾਵਰ ਮਸਲ ਪਾਵਰ ਦਾ ਡੰਡਾ ਆਦਿ ਸਨ ਪਰ ਹੁਣ ਹਾਲਾਤ ਬਹੁਤ ਬਦਲ ਚੁੱਕੇ ਹਨ।
ਹੁਣ ਪੂਰੇ ਪੰਜ ਸਾਲ ਦਿੱਲੀ ਵਿਚ ਰਾਜ ਕਰਨ ਕਾਰਨ ਕੇਜਰੀਵਾਲ ਦੀ ਦਿੱਲੀ ਵਿਚ ਚੜ੍ਹਤ ਤੇ ਕੀਤੇ ਕੰਮਾਂ ਦੀ ਫੀਡਬੈਕ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹੈ। ਸਾਰਾ ਮੀਡੀਆ ਦੂਜੀ ਵਾਰ ਕੇਜਰੀਵਾਲ ਦੇ ਦਿੱਲੀ ਵਿਚ ਮੁੱਖ ਮੰਤਰੀ ਬਣਨ ਦੀਆਂ ਕਿਆਸਅਰਾਈਆਂ ਲਾ ਕੇ ਲੋਕਾਂ ਦੀ ਗੱਲ ਕਰ ਰਿਹਾ ਹੈ। ਇਹ ਸਭ ਕੁਝ ਦੇਖ ਕੇ ਹੁਣ ਇਕ ਵਾਰ ਫਿਰ ਪੰਜਾਬੀਆਂ ਦੀ ਜ਼ੁਬਾਨ 'ਤੇ ਕੇਜਰੀਵਾਲ ਦਾ ਨਾਂ ਆ ਰਿਹਾ ਹੈ। ਜੇਕਰ ਉਹ ਦਿੱਲੀ ਵਿਚ ਦੂਜੀ ਵਾਰ ਜਿੱਤ ਗਿਆ ਤੇ ਪੰਜਾਬ ਆ ਕੇ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਨੂੰ ਇਕਮੁੱਠ ਕਰਨ ਦਾ ਜੇਕਰ ਹੋਕਾ ਦੇ ਗਿਆ ਤਾਂ ਪੰਜਾਬ ਦੀ ਸਿਆਸੀ ਫਿਜ਼ਾ ਦੇਖਦੇ ਹੀ ਦੇਖਦੇ ਬਦਲ ਵੀ ਸਕਦੀ ਹੈ, ਕਿਉਂਕਿ ਅੱਜ ਕੱਲ ਸਿੱਧੂ ਦਾ ਨਾਂ ਹਰ ਇਕ ਦੀ ਜ਼ੁਬਾਨ 'ਤੇ ਹੈ।
ਪੰਜਾਬ ਵਿਚ ਮੌਜੂਦਾ ਰਾਜ ਕਰਦੀ ਕਾਂਗਰਸ ਪਾਰਟੀ ਦੀ ਸਰਕਾਰ ਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੋਂ ਜੋ 2022 ਦੇ ਜਲਵੇ ਦਾ ਇੰਤਜ਼ਾਰ ਸੀ, ਉਹ ਹੁਣ ਹਵਾ ਵਿਚ ਲਟਕ ਗਿਆ ਹੈ ਤੇ ਆਮ ਆਦਮੀ ਤਾਂ ਛੱਡੋ ਵਿਧਾਇਕ, ਮੰਤਰੀ, ਐੱਮ. ਪੀ. ਵੀ ਨਾਰਾਜ਼ ਹਨ। ਵਰਕਰਾਂ ਨੂੰ ਥਾਂ-ਥਾਂ ਫਿਟਕਾਰਾਂ ਪੈ ਰਹੀਆਂ ਹਨ। ਬਾਕੀ ਸੀਨੀਅਰ ਅਕਾਲੀ ਨੇਤਾ ਢੀਂਡਸਾ ਵਰਗਿਆਂ ਦੇ ਪਾਰਟੀ ਵਿਚੋਂ ਨਿਕਲ ਜਾਣ 'ਤੇ ਅਕਾਲੀ ਦਲ ਦੇ ਹਾਸ਼ੀਏ 'ਤੇ ਆਉਣ ਵਰਗੇ ਆਸਾਰ ਦਿਖਾਈ ਦੇਣ ਲੱਗ ਪਏ ਹਨ।