ਸੁਖ਼ਨਾ ਝੀਲ 'ਤੇ ਜਲੰਧਰ ਦੀ ਕੁੜੀ ਦੇ ਕਤਲ ਦਾ ਖ਼ੌਫ਼ਨਾਕ ਸੱਚ ਆਇਆ ਸਾਹਮਣੇ, ਕਾਤਲ ਪ੍ਰੇਮੀ ਨੇ ਰਚੀ ਸੀ ਵੱਡੀ ਸਾਜ਼ਿਸ਼
Tuesday, Nov 01, 2022 - 01:07 PM (IST)
ਚੰਡੀਗੜ੍ਹ (ਸੁਸ਼ੀਲ) : ਸੁਖਨਾ ਝੀਲ ’ਤੇ ਜਲੰਧਰ ਦੇ ਨੂਰਮਹਿਲ ਦੀ ਰਹਿਣ ਵਾਲੀ 22 ਸਾਲਾ ਅੰਜਲੀ ਦਾ ਕਤਲ ਕਰਨ ਵਾਲੇ ਫ਼ਰਾਰ ਪ੍ਰੇਮੀ ਨੂੰ ਸੈਕਟਰ-26 ਥਾਣਾ ਪੁਲਸ ਨੇ ਜੀ. ਐੱਮ. ਸੀ. ਐੱਚ.-32 ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜਗਰੂਪ ਸਿੰਘ ਵਾਸੀ ਸ਼ੇਰਪੁਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਪਿਤਾ ਦੀ ਜਗ੍ਹਾ ਪੰਜਾਬ ਪੁਲਸ 'ਚ ਕਾਂਸਟੇਬਲ ਦੀ ਨੌਕਰੀ ਮਿਲਣ ਤੋਂ ਬਾਅਦ ਮ੍ਰਿਤਕ ਅੰਜਲੀ ਉਸ 'ਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਉਹ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਅਤੇ ਕਈ ਵਾਰ ਸਮਝਾਇਆ ਪਰ ਅੰਜਲੀ ਹਰ ਦਿਨ ਦਬਾਅ ਬਣਾ ਰਹੀ ਸੀ। ਮੁਲਜ਼ਮ ਨੇ ਅੰਜਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਸੈਕਟਰ-26 ਥਾਣੇ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਕੁਲਬੀਰ ਰਾਮ ਦੀ ਸ਼ਿਕਾਇਤ ’ਤੇ ਕਾਤਲ ਜਗਰੂਪ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਐੱਸ. ਪੀ. ਸਿਟੀ ਸ਼ਰੂਤੀ ਅਰੋੜਾ ਨੇ ਦੱਸਿਆ ਕਿ 28 ਅਕਤੂਬਰ ਦੀ ਦੁਪਹਿਰ ਨੂੰ ਸੁਖ਼ਨਾ ਝੀਲ ਦੇ ਪਿੱਛੇ ਜੰਗਲ 'ਚੋਂ ਜਲੰਧਰ ਵਾਸੀ ਕੁੜੀ ਅੰਜਲੀ ਦੀ ਲਾਸ਼ ਮਿਲੀ ਸੀ।
ਇਹ ਵੀ ਪੜ੍ਹੋ : ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਰਾਹ 'ਚ ਵਾਪਰੀ ਅਣਹੋਣੀ, ਮਿੰਟਾਂ 'ਚ ਪੈ ਗਿਆ ਚੀਕ-ਚਿਹਾੜਾ (ਵੀਡੀਓ)
ਲਾਸ਼ ਕੋਲੋ ਨਕਦੀ ਨਾਲ ਭਰਿਆ ਪਰਸ ਅਤੇ ਬੈਗ 'ਚ ਕੱਪੜੇ ਤਾਂ ਮਿਲੇ ਪਰ ਉਸ ਦਾ ਮੋਬਾਇਲ ਗਾਇਬ ਸੀ। ਮੌਕੇ ’ਤੇ ਮਿਲੇ ਦਸਤਾਵੇਜ਼ਾਂ ਦੇ ਆਧਾਰ ’ਤੇ ਡੀ. ਐੱਸ. ਪੀ. ਨੇ ਮਾਮਲੇ ਦੀ ਜਾਂਚ ਲਈ ਮ੍ਰਿਤਕਾ ਦੇ ਵਾਰਸਾਂ ਨਾਲ ਸੰਪਰਕ ਕੀਤਾ। ਪਲਕ ਗੋਇਲ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਬਣਾਈ ਗਈ। ਸੈਕਟਰ-26 ਥਾਣਾ ਇੰਚਾਰਜ ਮਨਿੰਦਰ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਟੀਮ 'ਚ ਸਨ। ਜਦੋਂ ਪੁਲਸ ਨੇ ਅੰਜਲੀ ਦੇ ਮੋਬਾਇਲ ਦੀ ਡਿਟੇਲ ਚੈੱਕ ਕੀਤੀ ਤਾਂ ਜ਼ਿਆਦਾ ਗੱਲਬਾਤ ਜਗਰੂਪ ਸਿੰਘ ਨਾਲ ਹੀ ਪਾਈ ਗਈ। ਅੰਜਲੀ ਦੀ ਮੌਤ ਦਾ ਸ਼ੱਕ ਜਗਰੂਪ ’ਤੇ ਗਿਆ ਤਾਂ ਜਾਂਚ 'ਚ ਸਾਹਮਣੇ ਆਇਆ ਕਿ ਦੋਹਾਂ ਵਿਚਕਾਰ ਕਾਫੀ ਸਮੇਂ ਤੋਂ ਰਿਲੇਸ਼ਨ ਚੱਲ ਰਿਹਾ ਸੀ। ਟੀਮ ਨੇ ਮਾਮਲੇ ਦੇ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮ ਨੂੰ ਸੋਮਵਾਰ ਸ਼ਾਮ ਜੀ. ਐੱਮ. ਸੀ. ਐੱਚ.-32 ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿਛ ਦੌਰਾਨ ਜਗਰੂਪ ਨੇ ਦੱਸਿਆ ਕਿ ਅੰਜਲੀ ਵਲੋਂ ਵਿਆਹ ਦੇ ਦਬਾਅ ਕਾਰਨ ਹੀ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ।
ਇਹ ਵੀ ਪੜ੍ਹੋ : ਘੋੜੇ ਰੱਖਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਚੰਡੀਗੜ੍ਹ 'ਚ ਹੋਵੇਗੀ ਘੋੜਿਆਂ ਦੀ ਖੁੱਲ੍ਹੀ ਨਿਲਾਮੀ
ਪਿਤਾ ਦੀ ਥਾਂ ਨੌਕਰੀ ਮਿਲਣ ਤੋਂ ਬਾਅਦ ਬਣਾਇਆ ਸੀ ਜ਼ਿਆਦਾ ਦਬਾਅ
ਜਗਰੂਪ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਅੰਜਲੀ ਨਾਲ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਹੋਈ ਸੀ। ਉਸ ਦੇ ਪਿਤਾ ਪੰਜਾਬ ਪੁਲਸ 'ਚ ਹੈੱਡ ਕਾਂਸਟੇਬਲ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਪਿਤਾ ਦੀ ਥਾਂ ਉਸ ਨੂੰ ਕਾਂਸਟੇਬਲ ਦੀ ਨੌਕਰੀ ਮਿਲ ਗਈ। ਕੁੱਝ ਦਿਨ ਪਹਿਲਾਂ ਜੁਆਇਨਿੰਗ ਲੈਟਰ ਮਿਲਿਆ ਸੀ। ਜੁਆਇਨਿੰਗ ਲੈਟਰ ਮਿਲਦੇ ਹੀ ਅੰਜਲੀ ਨੇ ਵਿਆਹ ਲਈ ਦਬਾਅ ਪਾਇਆ। ਵਿਆਹ ਨਾ ਕਰਵਾਉਣ ’ਤੇ ਉਸ ਨੂੰ ਫਸਾਉਣ ਦੀ ਧਮਕੀ ਦੇ ਰਹੀ ਸੀ।
ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਫੈਕਟਰੀ 'ਚ ਗੈਸ ਲੀਕ ਹੋਣ 'ਤੇ ਬੇਹੋਸ਼ ਹੋਏ ਲੋਕ, ਪੂਰਾ ਇਲਾਕਾ ਕੀਤਾ ਗਿਆ ਸੀਲ (ਵੀਡੀਓ)
ਅੰਜਲੀ ਦੇ ਕਤਲ ਲਈ ਕੀਤੀ ਸੀ ਪੂਰੀ ਪਲਾਨਿੰਗ
ਐੱਸ. ਪੀ. ਸਿਟੀ ਸ਼ਰੂਤੀ ਅਰੋੜਾ ਨੇ ਦੱਸਿਆ ਕਿ ਅੰਜਲੀ ਨੂੰ ਮਾਰਨ ਦੀ ਸਾਰੀ ਪਲਾਨਿੰਗ ਜਗਰੂਪ ਨੇ ਹੀ ਕੀਤੀ ਸੀ। ਜਗਰੂਪ 27 ਅਕਤੂਬਰ ਦੀ ਸ਼ਾਮ ਨੂੰ ਜਲੰਧਰ ਬੱਸ ਅੱਡੇ ਤੋਂ ਅੰਜਲੀ ਨੂੰ ਲੈ ਕੇ ਸੈਕਟਰ-43 ਆਇਆ ਸੀ। ਉਥੋਂ ਉਹ ਸਿੱਧਾ ਸੁਖ਼ਨਾ ਝੀਲ ਗਿਆ। ਰਾਤ ਦੇ ਹਨ੍ਹੇਰੇ ਦਾ ਫ਼ਾਇਦਾ ਚੁੱਕ ਕੇ ਜਗਰੂਪ ਅੰਜਲੀ ਦਾ ਕਤਲ ਕਰ ਕੇ ਵਾਪਸ ਹੁਸ਼ਿਆਰਪੁਰ ਚਲਾ ਗਿਆ। ਪੁਲਸ ਨੇ ਦੱਸਿਆ ਕਿ ਜਗਰੂਪ ਬਹੁਤ ਸ਼ਾਤਿਰ ਸੀ। ਘਟਨਾ ਦੇ ਸਮੇਂ ਉਹ ਆਪਣਾ ਮੋਬਾਈਲ ਘਰ 'ਚ ਹੀ ਛੱਡ ਗਿਆ ਸੀ ਤਾਂ ਜੋ ਉਸ ਦੀ ਲੋਕੇਸ਼ਨ ਅੰਜਲੀ ਨਾਲ ਨਾ ਆ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ