ਲਵਲੀ ਆਟੋਜ਼ 'ਚ ਕੁੜੀ ਨੂੰ ਗੋਲੀਆਂ ਮਾਰਨ ਵਾਲੇ ਮਨਪ੍ਰੀਤ ਦੇ ਪਰਿਵਾਰ ਦਾ ਸੁਣੋ ਬਿਆਨ
Wednesday, May 08, 2019 - 05:37 PM (IST)

ਜਲੰਧਰ (ਜ.ਬ.)— ਬੀਤੇ ਦਿਨੀਂ ਨਕੋਦਰ ਚੌਕ ਸਥਿਤ ਲਵਲੀ ਆਟੋਜ਼ ਦੀ ਦੂਜੀ ਮੰਜ਼ਿਲ ਦੀ ਕੰਟੀਨ 'ਚ ਕੁੜੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਮਨਪ੍ਰੀਤ ਉਰਫ ਵਿੱਕੀ ਪੁੱਤਰ ਸੰਤੋਖ ਸਿੰਘ ਵਾਸੀ ਮੁਸਤਫਾਪੁਰ, ਕਰਤਾਰਪੁਰ ਦੀ ਲਾਸ਼ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤੀ ਹੈ। ਪਰਿਵਾਰ ਵਾਲਿਆਂ ਨੇ ਦੇਰ ਸ਼ਾਮ ਨੂੰ ਆਪਣੇ ਪਿੰਡ 'ਚ ਮਨਪ੍ਰੀਤ ਦਾ ਅੰਤਿਮ ਸਸਕਾਰ ਕਰ ਦਿੱਤਾ।
ਦੁਖੀ ਮਨ ਨਾਲ ਮਨਪ੍ਰੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਮਨਪ੍ਰੀਤ ਇਕ ਵਧੀਆ ਲੜਕਾ ਸੀ, ਜੋ ਕ੍ਰਿਕਟ ਦਾ ਖਿਡਾਰੀ ਸੀ ਅਤੇ ਇੰਨਾ ਹਸਮੁੱਖ ਸੀ ਕਿ ਸਾਰਾ ਦਿਨ ਪਰਿਵਾਰ ਅਤੇ ਦੋਸਤਾਂ ਨੂੰ ਹਸਾਉਂਦਾ ਰਹਿੰਦਾ ਸੀ। ਮਨਪ੍ਰੀਤ ਵੱਲੋਂ ਇੰਨਾ ਖਤਰਨਾਕ ਕਦਮ ਉਠਾਉਣ ਜਾਣ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਕੀ ਪਤਾ ਸੀ ਕਿ ਜਵਾਨ ਬੇਟੇ ਦਾ ਅੰਤ ਇਸ ਤਰ੍ਹਾਂ ਦੇਖਣਾ ਪਵੇਗਾ। ਮਨਪ੍ਰੀਤ ਦੇ ਚਾਚਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸੰਤੋਖ ਸਿੰਘ ਪ੍ਰਾਪਰਟੀ ਡੀਲਰ ਹਨ। ਉਸ ਦਾ ਛੋਟਾ ਭਰਾ ਵਿਆਹਿਆ ਹੋਇਆ ਹੈ, ਜੋ ਵਿਦੇਸ਼ 'ਚ ਰਹਿੰਦਾ ਹੈ।
ਚਾਚੇ ਨੇ ਦੱਸਿਆ ਮਨਪ੍ਰੀਤ ਸਵੇਰ ਤੋਂ ਕਹਿ ਰਿਹਾ ਸੀ ਕਿ ਉਸ ਨੂੰ ਪੱਥਰੀ ਦੀ ਦਰਦ ਹੋ ਰਹੀ ਹੈ, ਜਿਸ ਦੀ ਦਵਾਈ ਲੈਣ ਸਬੰਧੀ ਉਹ ਘਰ 'ਚ ਕਹਿ ਕੇ ਬਾਹਰ ਨਿਕਲਿਆ ਸੀ। ਅਸੀਂ ਤਾਂ ਖੁਦ ਹੈਰਾਨ ਹਾਂ ਕਿ ਉਸ ਨੇ ਇਹ ਕਦਮ ਕਿਵੇਂ ਉਠਾ ਲਿਆ, ਉਹ ਤਾਂ ਕਹਿੰਦਾ ਸੀ ਜਲਦੀ ਹੀ ਵਿਆਹ ਕਰ ਲਵੇਗਾ। ਦੂਜੇ ਪਾਸੇ ਪਰਿਵਾਰ ਦੇ ਕਿਸੇ ਮੈਂਬਰ ਕੋਲ ਰਿਵਾਲਵਰ ਨਹੀਂ ਹੈ। ਰਿਵਾਲਵਰ ਮਨਪ੍ਰੀਤ ਕੋਲ ਕਿਥੋਂ ਆਈ, ਉਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
ਸਿੰਮੀ ਦੇ ਦਿਮਾਗ ਨੇ ਕੰਮ ਕਰਨਾ ਕੀਤਾ ਬੰਦ, ਦਿਲ ਧੜਕ ਰਿਹੈ : ਡਾਕਟਰ
ਘਟਨਾ ਤੋਂ ਬਾਅਦ ਸਿੰਮੀ ਨੂੰ ਗੰਭੀਰ ਹਾਲਤ 'ਚ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਦੂਜੇ ਦਿਨ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਉਥੇ ਦੂਜੇ ਪਾਸੇ ਸਾਰਾ ਦਿਨ ਸਿੰਮੀ ਦੀ ਮੌਤ ਦੀਆਂ ਅਫਵਾਹਾਂ ਚਲਦੀਆਂ ਰਹੀਆਂ। ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦਿਆਂ ਡਾਕਟਰਾਂ ਨੇ ਦੱਸਿਆ ਕਿ ਸਿੰਮੀ ਦੀ ਹਾਲਤ ਨਾਜ਼ੁਕ ਹੈ। ਉਸ ਦੇ ਦਿਮਾਗ 'ਚ ਗੋਲੀ ਲੱਗਣ ਕਾਰਨ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ, ਜਦਕਿ ਉਸ ਦੀ ਦਿਲ ਦੀ ਧੜਕਣ ਚੱਲ ਰਹੀ ਹੈ। ਡਾਕਟਰਾਂ ਦੀ ਟੀਮ ਵੱਲੋਂ ਵਾਰ-ਵਾਰ ਉਸ ਦੇ ਪੈਰਾਂ ਵਲੋਂ ਪੇਨ ਚੈੱਕ ਕੀਤੀ ਜਾ ਰਹੀ ਹੈ।
ਕਪੂਰਥਲਾ ਦੇ ਗੰਨ ਹਾਊਸ 'ਚ ਜਮ੍ਹਾ ਸੀ ਹਥਿਆਰ, ਮਾਲਕ ਫਰਾਰ
ਸੂਤਰਾਂ ਅਨੁਸਾਰ ਜਲੰਧਰ ਪੁਲਸ ਨੂੰ ਰਿਵਾਲਵਰ ਸਬੰਧੀ ਪਤਾ ਚੱਲ ਗਿਆ ਹੈ। ਉਕਤ ਰਿਵਾਲਵਰ ਕਪੂਰਥਲਾ ਦੇ ਇਕ ਗੰਨ ਹਾਊਸ 'ਚ ਜਮ੍ਹਾ ਸੀ ਪਰ ਗੰਨ ਹਾਊਸ ਤੋਂ ਬਾਹਰ ਕਿਵੇਂ ਨਿਕਲੀ ਪਤਾ ਲਾਇਆ ਜਾ ਰਿਹਾ ਹੈ। ਜਾਣਕਾਰੀ ਮਿਲਦਿਆਂ ਹੀ ਜਲੰਧਰ ਪੁਲਸ ਨੇ ਕਪੂਰਥਲਾ ਦੇ ਗੰਨ ਹਾਊਸ 'ਚ ਛਾਪੇਮਾਰੀ ਕੀਤੀ, ਉਸ ਤੋਂ ਪਹਿਲਾਂ ਹੀ ਗੰਨ ਹਾਊਸ ਸਟਾਫ ਤੇ ਮਾਲਕ ਉਥੋਂ ਭੱਜ ਨਿਕਲੇ। ਪੁਲਸ ਆਪਣੇ ਟੀਚੇ ਦੇ ਬਿਲਕੁਲ ਸਾਹਮਣੇ ਹੈ। ਪੁਲਸ ਨੇ ਹਰ ਜਗ੍ਹਾ ਟੀਮਾਂ ਬਣਾ ਕੇ ਭੇਜੀਆਂ ਹਨ ਪਰ ਪੁਲਸ ਅਧਿਕਾਰਕ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕਰ ਰਹੀ। ਪੁਲਸ ਦਾ ਕਹਿਣਾ ਹੈ ਕਿ ਹਥਿਆਰ ਦਾ ਲਾਇਸੈਂਸ ਜਲੰਧਰ 'ਚ ਨਹੀਂ ਬਣਿਆ ਹੈ, ਬਾਹਰੀ ਸ਼ਹਿਰ ਦਾ ਹੈ, ਜਿਸ ਕਾਰਨ ਪਤਾ ਲਾਉਣ 'ਚ ਸਮਾਂ ਲੱਗ ਰਿਹਾ ਹੈ। ਸਾਰੇ ਵਿਭਾਗਾਂ ਨੂੰ ਚਿੱਠੀਆਂ ਤੇ ਮੇਲ ਕੀਤੀ ਹੈ, ਜਲਦ ਹੀ ਪਤਾ ਚੱਲ ਜਾਵੇਗਾ।