ਲੁਟੇਰੇ ਆਸਟਰੇਲੀਆ ਤੋਂ ਆਈ ਔਰਤ ਦਾ ਪਰਸ ਝਪਟ ਕੇ ਫਰਾਰ (ਵੀਡੀਓ)

Tuesday, Oct 03, 2017 - 02:10 PM (IST)

ਅੰਮ੍ਰਿਤਸਰ (ਸੰਜੀਵ) - ਸ੍ਰੀ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਆਈ ਆਸਟਰੇਲੀਆ ਦੀ ਰਹਿਣ ਵਾਲੀ ਗੁਰਜੀਤ ਕੌਰ ਦਾ ਦੋ ਅਣਪਛਾਤੇ ਲੁਟੇਰੇ ਪਰਸ ਝਪਟ ਫਰਾਰ ਹੋ ਗਏ ਜਿਸ ਵਿਚ 5 ਹਜ਼ਾਰ ਆਸਟਰੇਲੀਅਨ ਅਤੇ 500 ਅਮਰੀਕਨ ਡਾਲਰਾਂ ਦੇ ਇਲਾਵਾ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਸੀ। ਡਾਲਰਾਂ ਦੀ ਕੀਮਤ ਕਰੀਬ 3.25 ਲੱਖ ਰੁਪਏ ਬਣਦੀ ਹੈ। ਵਾਰਦਾਤ ਉਸ ਸਮੇਂ ਹੋਈ ਜਦੋਂ ਗੁਰਜੀਤ ਕੌਰ ਬਾਅਦ ਦੁਪਹਿਰ 3 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸਾਰਾਗੜ੍ਹੀ ਪਾਰਕਿੰਗ ਵਿਚ ਸੈਲਫੀ ਲੈ ਰਹੀ ਸੀ ਅਤੇ ਅਚਾਨਕ ਪਿੱਛੇ ਤੋਂ ਆਏ ਲੁਟੇਰੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। 
ਮਾਮਲੇ ਦੀ ਜਾਣਕਾਰੀ ਤੁਰੰਤ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ ਗਈ ਜਦੋਂ ਕਿ ਇਸ ਗੰਭੀਰ ਮਾਮਲੇ ਵਿਚ ਪੁਲਸ ਦੀ ਭੂਮਿਕਾ ਕੁਝ ਠੀਕ ਨਹੀਂ ਰਹੀ। ਪੀੜਤਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਰਦੀ ਰਹੀ ਜਦੋਂ ਕਿ ਪੁਲਸ ਉਸ ਨੂੰ ਲੁੱਟ ਨੂੰ ਚੋਰੀ ਦਾ ਕਹਿ ਕੇ ਉਲਝਾਉਣ ਵਿਚ ਜੁਟੀ ਰਹੀ। ਇਸ ਉਲਝਣ ਵਿਚ ਪੁਲਸ ਨੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ ਦੋ ਘੰਟੇ ਦਾ ਸਮਾਂ ਕੱਢ ਦਿੱਤਾ। ਜਦੋਂ ਗੁਰਜੀਤ ਆਪਣੀ ਗੱਲ 'ਤੇ ਅੜੀ ਰਹੀ ਤਾਂ ਪੁਲਸ ਨੇ ਉਸ ਨੂੰ ਸ਼ਿਕਾਇਤ ਦਰਜ ਕਰਨ ਦਾ ਭਰੋਸਾ ਦਿੱਤਾ।
ਜਾਣਕਾਰੀ  ਅਨੁਸਾਰ ਗੁਰਜੀਤ ਕੌਰ ਨਿਵਾਸੀ ਮੋਹਾਲੀ ਪਿਛਲੇ ਕਈ ਸਾਲਾਂ ਤੋਂ ਆਸਟਰੇਲੀਆ ਵਿਚ ਰਹਿ ਰਹੀ ਹੈ। ਪਿਛਲੀ ਰਾਤ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਅੰਮ੍ਰਿਤਸਰ ਆਈ ਸੀ। ਅੱਜ ਸਵੇਰੇ ਗੁਰਜੀਤ ਕੌਰ ਆਪਣੇ ਰਿਸ਼ਤੇਦਾਰ ਕੁਨਾਲ ਕਪੂਰ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਈ, ਜਿਥੇ ਉਹ ਮੋਬਾਇਲ 'ਤੇ  ਸਾਰਾਗੜ੍ਹੀ ਪਾਰਕਿੰਗ ਦੇ ਫੁੱਟਪਾਥ 'ਤੇ ਬੈਠ ਕੇ ਫੋਟੋ ਖਿੱਚ ਰਹੀ ਸੀ ਤਾਂ ਉਸੇ ਸਮੇਂ ਅਣਪਛਾਤੇ ਲੁਟੇਰੇ ਉਸ ਦਾ ਪਰਸ ਉਡਾ ਲੈ ਗਏ। ਘਟਨਾ ਦੇ ਤੁਰੰਤ ਬਾਅਦ ਗੁਰਜੀਤ ਕੌਰ ਜ਼ੋਰ-ਜ਼ੋਰ ਨਾਲ ਰੌਲਾ ਪਾਉਣ ਲੱਗੀ ਪਰ ਲੁਟੇਰੇ ਭੀੜ ਦਾ ਫਾਇਦਾ ਉਠਾ ਮੌਕੇ ਤੋਂ ਭੱਜ ਨਿਕਲੇ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਪੁਲਸ ਮੌਕੇ 'ਤੇ ਤਾਂ ਪਹੁੰਚੀ ਪਰ ਠੀਕ ਤਰ੍ਹਾਂ ਕਾਰਵਾਈ ਨਹੀਂ ਕੀਤੀ ਗਈ। ਜਦੋਂ ਇਸ ਬਾਰੇ ਵਿਚ ਪੁਲਸ ਕਮਿਸ਼ਨਰ ਐੱਸ.ਐੱਸ.  ਸ਼੍ਰੀਵਾਸਤਵ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੂੰ ਘਟਨਾ ਸਬੰਧੀ ਕੋਈ ਜਾਣਕਾਰੀ ਨਹੀਂ ਸੀ। ਇਥੇ ਇਹ ਵਰਣਨਯੋਗ ਹੈ ਕਿ ਸ਼ਹਿਰ ਦੇ ਕਿਸੇ ਵੀ ਖੇਤਰ ਵਿਚ ਹੋਣ ਵਾਲੀ ਘਟਨਾ ਨੂੰ ਤੁਰੰਤ ਥਾਣਾ ਮੁਖੀ ਪੁਲਸ ਕਮਿਸ਼ਨਰ ਨੂੰ ਸੂਚਿਤ ਕੀਤਾ ਜਾਂਦਾ ਹੈ ਜਦੋਂ ਕਿ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਥਾਣੇ ਦੇ ਅਧੀਨ ਖੇਤਰ ਵਿਚ ਹੋਈ ਕਈ ਵਾਰਦਾਤਾਂ ਨੂੰ ਦੱਸਣ ਦੀ ਬਜਾਏ ਛੁਪਾਇਆ ਜਾ ਰਿਹਾ ਹੈ ।  
ਕਿਵੇਂ ਉਲਝਾਇਆ ਜਾ ਰਿਹਾ ਸੀ ਆਸਟਰੇਲੀਅਨ ਮਹਿਲਾ ਨੂੰ 
ਘਟਨਾ ਸਬੰਧੀ ਸ਼ਿਕਾਇਤ ਕਰਨ ਲਈ ਜਦੋਂ ਗੁਰਜੀਤ ਕੌਰ ਥਾਣੇ ਪਹੁੰਚੀ ਤਾਂ ਪੁਲਸ ਕਰਮਚਾਰੀ ਉਸ ਨੂੰ ਇਹ ਕਹਿ ਕੇ ਉਲਝਾ ਰਹੇ ਸਨ ਕਿ ਜੇਕਰ ਉਹ ਲੁੱਟ ਦੀ ਸ਼ਿਕਾਇਤ ਕਰਦੀ ਹੈ ਤਾਂ ਉਨ੍ਹਾਂ ਨੂੰ ਆਸਟਰੇਲੀਆ ਤੋਂ ਲੁਟੇਰਿਆਂ ਦੀ ਪਛਾਣ ਕਰਨ ਲਈ ਇੰਡੀਆ ਆਉਣਾ ਪਵੇਗਾ। ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖਤਰਨਾਕ ਅਪਰਾਧੀ ਕਈ ਵਾਰ ਦੁਸ਼ਮਣੀ ਕੱਢਣ ਲਈ ਨੁਕਸਾਨ ਵੀ ਕਰ ਜਾਂਦੇ ਹਨ। ਇਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੁਲਸ ਲੁੱਟ ਦੀ ਇਸ ਵਾਰਦਾਤ 'ਤੇ ਆਪਣੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੀ ਸੀ।  ਦੂਜੇ ਪਾਸੇ ਥਾਣਾ ਕੋਤਵਾਲੀ ਵੱਧ ਰਹੇ ਅਪਰਾਧਿਕ ਗਰਾਫ ਨੂੰ ਠੀਕ ਰੱਖਣ ਲਈ ਇਸ ਨੂੰ ਚੋਰੀ ਵਿਚ ਤਬਦੀਲ ਕਰ ਰਹੀ ਸੀ।  
ਕੀ ਕਹਿਣਾ ਹੈ ਥਾਣਾ ਮੁਖੀ ਦਾ? 
ਥਾਣਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਪੀੜਤ ਔਰਤ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਲੁੱਟ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਨੇ ਉਸ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।


Related News