ਹਾਈਵੇਅ ''ਤੇ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਸੁਰੱਖਿਆ ਮੁਲਾਜ਼ਮ ਨੂੰ ਮਾਰੀ ਗੋਲੀ

Saturday, Jul 25, 2020 - 09:39 AM (IST)

ਹਾਈਵੇਅ ''ਤੇ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਸੁਰੱਖਿਆ ਮੁਲਾਜ਼ਮ ਨੂੰ ਮਾਰੀ ਗੋਲੀ

ਮਲਸੀਆਂ (ਤ੍ਰੇਹਨ) : ਬੀਤੀ ਰਾਤ ਮਲਸੀਆਂ-ਨਕੋਦਰ ਹਾਈਵੇਅ ’ਤੇ ਸਥਿਤ ਨਰਸਰੀ ਦੇ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਬੈਂਕ ਦੀ ਡਿਊਟੀ ’ਤੇ ਜਾ ਰਹੇ ਸੁਰੱਖਿਆ ਮੁਲਾਜ਼ਮ ਨੂੰ ਗੋਲੀ ਮਾਰ ਕੇ ਉਸ ਕੋਲੋਂ 1500 ਰੁਪਏ ਲੁੱਟ ਲਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਡੀਸ਼ਨਲ ਐੱਸ. ਐੱਚ. ਓ. ਸ਼ਾਹਕੋਟ ਬਲਵਿੰਦਰ ਸਿੰਘ ਅਤੇ ਚੌਂਕੀ ਇੰਚਾਰਜ ਮਲਸੀਆਂ ਸੰਜੀਵਨ ਸਿੰਘ ਨੇ ਦੱਸਿਆ ਕਿ ਹਰਦੀਪ ਚੰਦ (30) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਨਵਾਂ ਪਿੰਡ ਅਕਾਲੀਆਂ ਬੀਤੀ ਰਾਤ ਕਰੀਬ 10.00 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਇੰਡਸਇੰਡ ਬੈਂਕ ਨਕੋਦਰ ਵਿਖੇ ਸੁਰੱਖਿਆ ਮੁਲਾਜ਼ਮ ਦੀ ਡਿਊਟੀ ਲਈ ਜਾ ਰਿਹਾ ਸੀ।

ਰਾਹ ’ਚ ਪਿੰਡ ਕਾਂਗਣਾ ਵਿਖੇ ਤਿੰਨ ਹਥਿਆਰਬੰਦ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਘੇਰ ਲਿਆ। ਹਰਦੀਪ ਚੰਦ ਵੱਲੋਂ ਵਿਰੋਧ ਕਰਨ ’ਤੇ ਉਨ੍ਹਾਂ ਹਰਦੀਪ ਚੰਦ ’ਤੇ ਗੋਲੀ ਚਲਾ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ 1500 ਰੁਪਏ ਲੁੱਟ ਕੇ ਮਲਸੀਆਂ ਵੱਲ ਨੂੰ ਫਰਾਰ ਹੋ ਗਏ। ਗੋਲੀ ਉਸ ਦੀ ਲੱਤ ’ਚ ਲੱਗੀ। ਉਨ੍ਹਾਂ ਦੱਸਿਆ ਕਿ ਹਰਦੀਪ ਚੰਦ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਨਕੋਦਰ ਵਿਖੇ ਲੈ ਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੀਆਂ ਥਾਵਾਂ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਦੇਖੇ ਜਾ ਰਹੇ ਹਨ।


author

Babita

Content Editor

Related News