ਪੈਟਰੋਲ ਪੰਪ ''ਤੇ ਹਥਿਆਰਾਂ ਦੀ ਨੋਕ ''ਤੇ ਲੁੱਟ
Thursday, Jun 28, 2018 - 07:55 AM (IST)
ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ/ਜਗਸੀਰ)- ਹਲਕਾ ਨਿਹਾਲ ਸਿੰਘ ਵਾਲਾ ਵਿਖੇ ਲੁੱਟਖੋਹ ਦੀਆਂ ਘਟਨਾਵਾਂ ਠੱਲਣ ਦਾ ਨਾਮ ਨਹੀਂ ਲੈ ਰਹੀਆਂ। ਬੀਤੀ ਰਾਤ ਹਲਕੇ ਦੇ ਪਿੰਡ ਮਾਣੂੰਕੇ ਵਿਖੇ ਅਣਪਛਾਤੇ ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਨਗਦੀ ਲੁੱਟੇ ਜਾਣ ਦਾ ਸਮਾਚਾਰ ਹੈ। ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਣੂੰਕੇ ਵਿਖੇ ਬਾਘਾ ਪੁਰਾਣਾ ਰੋਡ 'ਤੇ ਸਥਿਤ ਦਵਿੰਦਰਾ ਪੈਟਰੋਲ ਪੰਪ 'ਤੇ ਅਣਪਛਾਤੇ ਚੋਰਾਂ ਵੱਲੋਂ ਹਥਿਆਰਾਂ ਦੀ ਨੋਕ 'ਤੇ ਨਗਦ ਰਾਸ਼ੀ ਅਤੇ ਹੋਰ ਸਮਾਨ ਲੁੱਟ ਲਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਮਾਲਕ ਸੋਨੀ ਅਰੋੜਾ ਨੇ ਦੱਸਿਆ ਕਿ ਬੀਤੀ ਰਾਤ ਦੋ ਮੋਟਰਸਾਈਕਲਾਂ 'ਤੇ ਸਵਾਰ ਚਾਰ ਹਥਿਆਰਬੰਦ ਨੌਜਵਾਨ 2 ਵਜੇ ਦੇ ਕਰੀਬ ਆਏ ਅਤੇ ਪੈਟਰੋਲ ਪੰਪ 'ਤੇ ਸੁੱਤੇ ਪਏ ਮੁਲਾਜ਼ਮਾਂ ਨੂੰ ਉਠਾ ਕੇ 45000 ਹਜ਼ਾਰ ਰੁਪਏ ਨਗਦ, ਤਿੰਨ ਮੋਬਾਇਲ ਅਤੇ ਦੋਵੇਂ ਮੋਟਰਸਾਈਕਲਾਂ 'ਚ 1700 ਰੁਪਏ ਦਾ ਤੇਲ ਪੁਆ ਕੇ ਬਾਘਾ ਪੁਰਾਣਾ ਰੋਡ 'ਤੇ ਫਰਾਰ ਹੋ ਗਏ।
ਲੁੱਟ ਦੀ ਵਾਰਦਾਤ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਸ ਥਾਣਾ ਮੁਖੀ ਦਿਲਬਾਗ ਸਿੰਘ ਦੀ ਅਗਵਾਈ ਵਿਚ ਘਟਨਾ ਸਥਾਨ 'ਤੇ ਪਹੁੰਚ ਗਈ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।
