ਪੰਜਾਬ 'ਚ ਫ਼ਿਲਮ 'ਡੌਲੀ ਕੀ ਡੋਲੀ' ਜਿਹੇ ਗਿਰੋਹ ਦਾ ਪਰਦਾਫਾਸ਼, 'ਲੁਟੇਰੀ ਦੁਲਹਨ' ਦਾ ਕਾਰਾ ਹੈਰਾਨ ਕਰ ਦੇਵੇਗਾ

Friday, Aug 21, 2020 - 11:02 AM (IST)

ਪੰਜਾਬ 'ਚ ਫ਼ਿਲਮ 'ਡੌਲੀ ਕੀ ਡੋਲੀ' ਜਿਹੇ ਗਿਰੋਹ ਦਾ ਪਰਦਾਫਾਸ਼, 'ਲੁਟੇਰੀ ਦੁਲਹਨ' ਦਾ ਕਾਰਾ ਹੈਰਾਨ ਕਰ ਦੇਵੇਗਾ

ਚੰਡੀਗੜ੍ਹ (ਰਮਨਜੀਤ) : ਸਾਲ 2015 'ਚ ਇਕ ਫਿਲਮ ਆਈ ਸੀ ‘ਡੌਲੀ ਕੀ ਡੋਲੀ’। ਇਸ ਦੀ ਕਹਾਣੀ ਇਕ ਅਜਿਹੇ ਗਿਰੋਹ ’ਤੇ ਆਧਾਰਿਤ ਸੀ, ਜੋ ਵਿਆਹ ਦੇ ਨਾਮ ’ਤੇ ਲੋਕਾਂ ਨੂੰ ਫਸਾਉਂਦਾ ਸੀ ਅਤੇ ਵਿਆਹ ਕਰਵਾਉਣ ਤੋਂ ਬਾਅਦ ਕੁੱਝ ਦਿਨਾਂ ਦੇ ਅੰਦਰ ਦੁਲਹਨ ਗਹਿਣੇ ਅਤੇ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੀ ਸੀ। ਇੰਝ ਹੀ ਇਕ ਗਿਰੋਹ ਨੂੰ ਪੰਜਾਬ ਪੁਲਸ ਨੇ ਧਰ ਦਬੋਚਿਆ ਹੈ। ਹੁਣ ਤੱਕ ਦੀ ਜਾਂਚ 'ਚ 6-7 ਮਹੀਨੇ ਦੇ ਅੰਦਰ ਇਕ ਹੀ ਕੁੜੀ ਦੇ ਤਿੰਨ ਵਿਆਹ ਕਰਵਾਏ ਜਾਣ ਅਤੇ ਲੱਖਾਂ ਰੁਪਏ ਡਕਾਰਨ ਦਾ ਪਤਾ ਲੱਗਿਆ ਹੈ। ਪੁਲਸ ਦੀ ਜਾਂਚ ਦਾ ਦਾਇਰਾ ਪੰਜਾਬ ਅਤੇ ਹਰਿਆਣਾ ਦੇ ਇਲਾਕੇ 'ਚ ਫੈਲ ਗਿਆ ਹੈ।

ਇਹ ਵੀ ਪੜ੍ਹੋ : ਕਲਯੁਗੀ ਮਾਂ ਦੀ ਸ਼ਰਮਨਾਕ ਕਰਤੂਤ, ਢਿੱਡੋਂ ਜਨਮੀ ਮਰੀ ਬੱਚੀ ਨੂੰ ਹਸਪਤਾਲ ਛੱਡ ਹੋਈ ਫ਼ਰਾਰ

ਪੁਲਸੀਆ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਗਿਰੋਹ ਦੀ ਮੈਂਬਰ ਵੱਲੋਂ ਕਈ ਲੋਕਾਂ ਨੂੰ ‘ਡ੍ਰੀਮ ਗਰਲ’ ਦੀ ਤਰ੍ਹਾਂ ਫ਼ੋਨ ’ਤੇ ਆਪਣੀਆਂ ਗੱਲਾਂ ਦੇ ਜਾਲ 'ਚ ਫਸਾਇਆ ਜਾਂਦਾ ਸੀ ਅਤੇ ਫਿਰ ਮੁਲਾਕਾਤ ਹੁੰਦੇ ਹੀ ‘ਜਬਰ-ਜ਼ਿਨਾਹ’ ਦਾ ਰੌਲਾ ਪਾ ਕੇ ਪੈਸੇ ਲਏ ਜਾਂਦੇ ਸਨ। ਗਿਰੋਹ ਖਿਲਾਫ਼ ਥਾਣਾ ਬੋਹਾ 'ਚ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਸ ਕੋਲ ਹੁਣ ਤੱਕ ਇਸ ਗਿਰੋਹ ਵੱਲੋਂ ‘ਜਬਰ-ਜ਼ਿਨਾਹ’ ਦੇ ਨਾਮ ’ਤੇ ਲੁੱਟੇ 6 ਲੋਕ ਆਪਣੀ ਸ਼ਿਕਾਇਤ ਅਤੇ ਆਪਣੀ-ਆਪਣੀ ਲੁੱਟ ਦੀ ਕਹਾਣੀ ਲੈ ਕੇ ਪਹੁੰਚ ਚੁੱਕੇ ਹਨ। ਫਿਲਹਾਲ ਗਿਰੋਹ ਦੀ ਮੁਖੀ ਸਮੇਤ ਹੁਣ ਤੱਕ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ 'ਚੋਂ ‘ਦੁਲਹਨ’ ਅਤੇ ਉਸ ਦਾ ‘ਚਾਚਾ’ ਪੁਲਸ ਰਿਮਾਂਡ ’ਤੇ ਹਨ, ਜਦੋਂ ਕਿ ਬਾਕੀ ਕਾਨੂੰਨੀ ਹਿਰਾਸਤ 'ਚ।

ਇਹ ਵੀ ਪੜ੍ਹੋ : ਹੁਣ 'ਮੋਬਾਇਲ-ਪਾਸਪੋਰਟ' ਗੁੰਮਣ 'ਤੇ ਨਹੀਂ ਜਾਣਾ ਪਵੇਗਾ 'ਥਾਣੇ', ਸਰਕਾਰ ਨੇ ਦਿੱਤੀ ਖ਼ਾਸ ਸਹੂਲਤ

ਫ਼ਿਲਮੀ ਕਹਾਣੀ ਦੀ ਤਰ੍ਹਾਂ ਹੀ ਹੁੰਦਾ ਸੀ ਗਿਰੋਹ ਆਪਰੇਟ
ਜ਼ਿਲ੍ਹਾ ਮਾਨਸਾ ਦੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਗਿਰੋਹ ਨੂੰ ਰਤੀਆ ਦੀ ਰਹਿਣ ਵਾਲੀ ਜਨਾਨੀ ਜਸਪਾਲ ਕੌਰ ਉਰਫ਼ ਰੇਲਨ ਚਲਾਉਂਦੀ ਸੀ। ਉਸ ਦਾ ਸਾਥ ਗੁਰਮੀਤ ਸਿੰਘ ਵੱਲੋਂ ਦਿੱਤਾ ਜਾ ਰਿਹਾ ਸੀ। ਇਹ ਦੋਵੇਂ ਟਾਰਗੇਟ ਤੈਅ ਕਰਨ ਤੋਂ ਲੈ ਕੇ ਬਾਅਦ 'ਚ ਮਾਮਲਾ ਨਜਿੱਠਣ ਲਈ ਪੈਸੇ ਤੈਅ ਕਰਨ ਤੱਕ ਦਾ ਕੰਮ ਕਰਦੇ ਸਨ। ਗਿਰੋਹ 'ਚ ‘ਦੁਲਹਨ’ ਦੇ ਤੌਰ ’ਤੇ ਕੰਮ ਕਰਦੀ ਸੀ ਬੁਢਲਾਡਾ ਦੀ ਰਹਿਣ ਵਾਲੀ ਕੋਮਲਪ੍ਰੀਤ (ਬਦਲਿਆ ਹੋਇਆ ਨਾਮ) ਜਦੋਂ ਕਿ ਤਰਸੇਮ ਕੁਮਾਰ ਸ਼ਰਮਾ ਉਰਫ਼ ਮੰਗੂ ਕਦੇ ਉਸ ਦੇ ਪਿਤਾ ਜਾਂ ਫਿਰ ਕਦੇ ਉਸ ਦੇ ਚਾਚਾ ਦਾ ਰੋਲ ਨਿਭਾਉਂਦਾ ਸੀ। ਬੁਢਲਾਡਾ ਦੀ ਰਹਿਣ ਵਾਲੀ ਜਸਪਾਲ ਕੌਰ ਵਿਚੋਲਣ ਦਾ ਕੰਮ ਕਰਦੀ ਸੀ ਅਤੇ ਇਕ ਹੋਰ ਸਾਥੀ ਬਲਕਾਰ ਸਿੰਘ ਵਾਸੀ ਸਤੀਕੇ ਉਸ ਦੇ ਪਤੀ ਦਾ।

ਇਹ ਵੀ ਪੜ੍ਹੋ : 'ਕੋਰੋਨਾ' ਦਰਮਿਆਨ ਨਵੀਂ ਆਫ਼ਤ ਕਾਰਨ ਜਵਾਨ ਮੁੰਡੇ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
ਗੈਂਗਰੇਪ ਦੀ ਸ਼ਿਕਾਇਤ ਡੂੰਘਾਈ ਨਾਲ ਪਰਖਣ ’ਤੇ ਹੋਇਆ ਖੁਲਾਸਾ
ਐੱਸ. ਐੱਸ. ਪੀ. ਲਾਂਬਾ ਦੇ ਮੁਤਾਬਕ ਜਿਸ ਤਰੀਕੇ ਨਾਲ ਇਹ ਗਿਰੋਹ ਫ਼ਿਲਮੀ ਕਹਾਣੀ ਦੀ ਤਰ੍ਹਾਂ ਕੰਮ ਕਰ ਰਿਹਾ ਸੀ, ਉਸ ਦਾ ਖੁਲਾਸਾ ਵੀ ਉਸੇ ਤਰ੍ਹਾਂ ਹੋਇਆ। ਉਨ੍ਹਾਂ ਕਿਹਾ ਕਿ ਥਾਣਾ ਬੋਹਾ 'ਚ ਹੀ ਕੁੱਝ ਦਿਨ ਪਹਿਲਾਂ ਇਕ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਲੋਕਾਂ ਖਿਲਾਫ਼ ਸਮੂਹਿਕ ਜਬਰ-ਜ਼ਿਨਾਹ ਦਾ ਕੇਸ ਦਰਜ ਹੋਇਆ ਸੀ। ਐੱਸ. ਐੱਚ. ਓ. ਬੋਹਾ ਇੰਸਪੈਕਟਰ ਸੰਦੀਪ ਸਿੰਘ ਵੱਲੋਂ ਉਨ੍ਹਾਂ ਨਾਲ ਕੇਸ ਡਿਸਕਸ ਕੀਤਾ ਗਿਆ ਅਤੇ ਡੂੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਫ਼ੋਨ ’ਤੇ ਗੱਲਬਾਤ ਹੋਣ ਤੋਂ ਬਾਅਦ ਹੀ ਸਬੰਧਿਤ ਮੁਲਜ਼ਮ ਦੇ ਘਰ ਗਈ ਸੀ। ਹੋਰ ਡੂੰਘੀ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਸ਼ਿਕਾਇਤ ਕਰਤਾ ਵੱਲੋਂ ਆਪਣਾ ਨਾਮ ਵੀ ਗਲਤ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸ਼ੱਕ ਹੋਣ ’ਤੇ ਉਸ ਬਾਰੇ ਪੂਰੀ ਛਾਣਬੀਣ ਕੀਤੀ ਗਈ ਅਤੇ ਪਤਾ ਲੱਗਿਆ ਕਿ ਅਸਲ 'ਚ ਉਹ ਇਕ ਗਿਰੋਹ ਦੀ ਮੈਂਬਰ ਹੈ, ਜਿਸ ਦਾ ਕੰਮ ਲੋਕਾਂ ਨੂੰ ਫ਼ੋਨ ’ਤੇ ਆਪਣੇ ਜਾਲ 'ਚ ਫਸਾਉਣਾ, ਉਨ੍ਹਾਂ ਤੋਂ ਪੈਸੇ ਠੱਗਣਾ ਹੈ ਅਤੇ ਪੈਸਾ ਨਾ ਮਿਲਣ ਦੀ ਹਾਲਤ 'ਚ ਜਬਰ-ਜ਼ਿਨਾਹ ਦਾ ਪਰਚਾ ਦਰਜ ਕਰਵਾਉਣਾ ਸੀ। ਫਿਰ ਕੜੀ ਨਾਲ ਕੜੀ ਜੁੜੀ ਅਤੇ ਪਤਾ ਲੱਗਿਆ ਕਿ ਜਿਸ ਲੜਕੀ ਵੱਲੋਂ ਜਬਰ-ਜ਼ਿਨਾਹ ਦੀ ਸ਼ਿਕਾਇਤ ਦਿੱਤੀ ਗਈ ਹੈ, ਉਸ ਨੇ ਪਿਛਲੇ 6-7 ਮਹੀਨਿਆਂ ਦੌਰਾਨ ਤਿੰਨ ਜਗ੍ਹਾ ਵਿਆਹ ਕੀਤਾ ਹੈ ਅਤੇ ਉੱਥੋਂ ਗਹਿਣੇ ਅਤੇ ਕੀਮਤੀ ਸਮਾਨ ਸਮੇਤ ਭੱਜ ਗਈ। ਇਕ-ਇਕ ਕਰਕੇ ਗਿਰੋਹ ਦੇ ਮੈਂਬਰਾਂ ਨੂੰ ਲੱਭ ਕੇ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ 'ਚ ਗਿਰੋਹ ਸਰਗਨਾ ਜਸਪਾਲ ਕੌਰ ਉਰਫ਼ ਰੇਲਨ, ਬਲਕਾਰ ਸਿੰਘ ਵਾਸੀ ਸਤੀਕੇ, ਜਸਪਾਲ ਕੌਰ ਵਾਸੀ ਬੁਢਲਾਡਾ ਕਾਨੂੰਨੀ ਹਿਰਾਸਤ 'ਚ ਹਨ, ਜਦੋਂ ਕਿ ਕੋਮਲਪ੍ਰੀਤ ਅਤੇ ਤਰਸੇਮ ਸ਼ਰਮਾ ਪੁਲਸ ਰਿਮਾਂਡ ’ਤੇ ਹਨ।

ਇਹ ਵੀ ਪੜ੍ਹੋ : ਪਟਿਆਲਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਜਨਾਨੀ ਦਾ ਗਲਾ ਵੱਢ ਕੇ ਕਤਲ
ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਇਤ ਤੋਂ ਬਾਅਦ ਹਰਿਆਣਾ 'ਚ ਕੀਤਾ ਵਿਆਹ
ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਥਾਣਾ ਬੋਹਾ 'ਚ ਸਮੂਹਿਕ ਜਬਰ-ਜ਼ਿਨਾਹ ਦੀ ਸ਼ਿਕਾਇਤ ਦੇਣ ਤੋਂ ਬਾਅਦ ਕੁੱਝ ਦਿਨ ਕੋਮਲਪ੍ਰੀਤ ਗਾਇਬ ਰਹੀ। ਸ਼ੱਕ ਦੇ ਆਧਾਰ ’ਤੇ ਐੱਸ. ਐੱਚ. ਓ. ਸੰਦੀਪ ਸਿੰਘ ਵੱਲੋਂ ਕੀਤੀ ਜਾ ਰਹੀ ਜਾਂਚ ਦੌਰਾਨ ਹੀ ਪਤਾ ਲੱਗਿਆ ਕਿ 9 ਅਗਸਤ, 2020 ਨੂੰ ਉਸ ਨੇ ਹਰਿਆਣਾ ਦੇ ਜੱਝਰ ਪਿੰਡ ਬੇਰੋੜ ਨਿਵਾਸੀ ਸੰਜੈ ਕੁਮਾਰ ਨਾਲ ਵਿਆਹ ਕਰ ਲਿਆ ਹੈ। ਬਾਅਦ 'ਚ ਜਾਂਚ ਦੌਰਾਨ ਹੀ ਇਹ ਵੀ ਖੁਲਾਸਾ ਹੋਇਆ ਕਿ ਤਾਲਾਬੰਦੀ ਦੌਰਾਨ ਹੀ ਕੋਮਲਪ੍ਰੀਤ ਦਾ ਇਕ ਵਿਆਹ ਬੁਢਲਾਡਾ ਦੇ ਹੀ ਨਜ਼ਦੀਕੀ ਪਿੰਡ ਬੀਰੋਕੇ ਕਲਾਂ ਵਾਸੀ ਬਲਵਿੰਦਰ ਸਿੰਘ ਉਰਫ਼ ਬਿੰਦੀ ਨਾਲ ਵੀ ਹੋਇਆ ਸੀ, ਜਿੱਥੇ ਵਿਆਹ ਤੋਂ 8 ਦਿਨ ਬਾਅਦ ਹੀ ਉਹ ਭੱਜ ਗਈ ਸੀ। ਇੰਝ ਹੀ ਲਗਭਗ 6-7 ਮਹੀਨੇ ਪਹਿਲਾਂ ਭਿਵਾਨੀ ਦੇ ਬਾਲਟਾ ਪਿੰਡ ਵਾਸੀ ਸੁਰਿੰਦਰ ਕੁਮਾਰ ਨਾਲ ਵੀ ਵਿਆਹ ਕੀਤਾ ਸੀ। ਵਿਆਹ ਲਈ ਅਜਿਹੇ ਲਾੜਿਆਂ ਦੀ ਚੋਣ ਕੀਤੀ ਜਾਂਦੀ ਸੀ, ਜਿਨ੍ਹਾਂ ਲਈ ਰਿਸ਼ਤੇ ਮੁਸ਼ਕਿਲ ਨਾਲ ਮਿਲਦੇ ਹੋਣ। ਫਿਰ ਵਿਚੋਲਣ ਜਸਪਾਲ ਕੌਰ ‘ਦੁਲਹਨ’ ਦਿਵਾਉਣ ਬਦਲੇ ਪੈਸੇ ਲੈਂਦੀ ਸੀ। ਵਿਆਹ ਤੋਂ ਬਾਅਦ ‘ਸਹੁਰੇ-ਘਰ’ 'ਚ ਦੁਲਹਨ ਦੀ ਮਦਦ ਲਈ ਉਸ ਦਾ ਚਾਚਾ ਜਾਂ ਪਿਤਾ ਬਣਕੇ ਨਾਲ ਗਏ ਤਰਸੇਮ ਸ਼ਰਮਾ ਦੀ ਜ਼ਿੰਮੇਵਾਰੀ ਉਸ ਨੂੰ ਕੁਝ ਦਿਨਾਂ ਅੰਦਰ ਗਹਿਣਿਆਂ ਅਤੇ ਕੀਮਤੀ ਸਮਾਨ ਸਮੇਤ ਭੱਜਣ 'ਚ ਮਦਦ ਕਰਨਾ ਹੁੰਦਾ ਸੀ।
ਸੁਪਾਰੀ ਲੈ ਕੇ ਵੀ ਕਰਦੇ ਸਨ ਜਬਰ-ਜ਼ਿਨਾਹ ਦੀ ਸ਼ਿਕਾਇਤ
ਐੱਸ. ਐੱਸ. ਪੀ. ਲਾਂਬਾ ਨੇ ਦੱਸਿਆ ਕਿ ਜਾਂਚ ਦੌਰਾਨ ਇਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਿਰੋਹ ਵੱਲੋਂ ਮਾਨਸਾ ਦੇ ਹੀ ਪਿੰਡ ਰਿਓਂਦ ਕਲਾਂ ਦੇ ਇਕ ਸਾਬਕਾ ਸਰਪੰਚ ਸਿਕੰਦਰ ਸਿੰਘ ਤੋਂ ‘ਸੁਪਾਰੀ’ ਲੈ ਕੇ ਪਿੰਡ ਦੇ ਹੀ ਇੰਦਰਜੀਤ ਸਿੰਘ ਨੂੰ ਟਾਰਗੇਟ ਕੀਤਾ ਗਿਆ ਸੀ ਅਤੇ ਉਸ ਤੋਂ ਜਬਰ-ਜ਼ਿਨਾਹ ਕੇਸ 'ਚ ਨਾ ਫਸਾਉਣ ਦੇ ਬਦਲੇ ’ਚ 7 ਲੱਖ ਰੁਪਏ ਵਸੂਲੇ ਗਏ ਸਨ। ਇਹ ਮਾਮਲਾ ਇਕ ਸਾਲ ਪਹਿਲਾਂ ਦਾ ਹੈ।
ਇਹ ਵੀ ਹੋਏ ਸ਼ਿਕਾਰ
ਹੁਣ ਤੱਕ ਪੁਲਸ ਕੋਲ ਉਕਤ ਗਿਰੋਹ ਵੱਲੋਂ ਲੁਟੇ ਗੁਰਦੀਪ ਸਿੰਘ ਉਰਫ਼ ਚੰਨੀ (60 ਹਜ਼ਾਰ) ਵਾਸੀ ਆਂਡਿਆਂਵਾਲੀ, ਬਿੰਦਰ ਸਿੰਘ (ਰੇਪ ਕੇਸ), ਜਸਬੀਰ ਸਿੰਘ (25 ਹਜ਼ਾਰ) ਵਾਸੀ ਰਿਓਂਦ ਕਲਾਂ, ਮਨਜੀਤ ਸਿੰਘ (7 ਲੱਖ) ਵਾਸੀ ਰਿਓਂਦ ਕਲਾਂ ਵੀ ਸਾਹਮਣੇ ਆ ਚੁੱਕੇ ਹਨ।




 


author

Babita

Content Editor

Related News