ਪਿਸਤੌਲ ਵਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲੇ 2 ਲੁਟੇਰਿਆਂ ਦੇ ਪੁਲਸ ਵੱਲੋਂ ਸਕੈੱਚ ਜਾਰੀ
Monday, Aug 10, 2020 - 03:23 PM (IST)
ਸੁਲਤਾਨਪੁਰ ਲੋਧੀ (ਸੋਢੀ)— ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ’ਚ ਪਿਸਤੌਲ ’ਤੇ ਦਾਤਰ ਨਾਲ ਡਰਾ ਕੇ ਵੱਖ-ਵੱਖ ਥਾਵਾਂ ਤੋਂ ਲੁੱਟ ਦੀਆਂ ਵਾਰਦਾਤਾਂ ਕਰਨ ਵਾਲਾ ਤਿੰਨ ਮੈਂਬਰੀ ਲੁਟੇਰਾ ਗਿਰੋਹ ਪੁਲਸ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਲੁੱਟ-ਖੋਹ ਦੀਆਂ ਵਾਰਦਾਤਾਂ ਸੀ. ਸੀ. ਟੀ. ਵੀ. ’ਚ ਕੈਦ ਹੋਣ ਤੋਂ ਬਾਅਦ ਸ਼ੋਸ਼ਲ ਮੀਡੀਆ ’ਤੇ ਘੁੰਮ ਰਹੀਆਂ ਹਨ ਅਤੇ ਲੋਕ ਪੁਲਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਕਰ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ ਦੇ ਨੇੜੇ ਹੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਪਰਿਵਾਰ ਦੇ ਉੱਡੇ ਹੋਸ਼
ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਇੰਸਪੈਕਟਰ ਸਰਬਜੀਤ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਅਤੇ ਹੋਰ ਥਾਵਾਂ ’ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਦੇ ਸਕੈੱਚ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਵੱਖ-ਵੱਖ ਵਟਸਐਪ ਗਰੁੱਪਾਂ ’ਚ ਸ਼ੇਅਰ ਕਰਕੇ ਥਾਣਾ ਮੁਖੀ ਨੇ ਲੋਕਾਂ ਨੂੰ ਇਹਨਾਂ ਦੀ ਸੂਚਨਾ ਮੋਬਾਇਲ ਨੰਬਰ 82890 26262 ’ਤੇ ਪੁਲਸ ਨੂੰ ਦੇਣ ਦੀ ਅਪੀਲ ਕੀਤੀ ਹੈ।
ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਅਤੇ ਇੰਸਪੈਕਟਰ ਸਰਬਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਤਿੰਨ ’ਚੋਂ ਦੋ ਲੁਟੇਰਿਆਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ’ਚੋਂ ਇਕ ਦਾ ਨਾਮ ਸੁਖਵਿੰਦਰ ਸਿੰਘ ਹੈ ਅਤੇ ਦੂਜੇ ਦਾ ਨਾਮ ਲਖਵਿੰਦਰ ਸਿੰਘ ਹੈ। ਦੋਵੇਂ ਪਿੰਡ ਨੱਥੁਪੁਰ ਦੇ ਨਿਵਾਸੀ ਹਨ ਜੋ ਕਿ ਵਾਰਦਾਤ ਤੋਂ ਬਾਅਦ ਫਰਾਰ ਹਨ ।
ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦਾ ਮੁੜ ਧਮਾਕਾ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
ਦੱਸਣਯੋਗ ਹੈ ਕਿ ਮਿਤੀ 7 ਅਗਸਤ ਦੀ ਰਾਤ ਨੂੰ ਸੁਲਤਾਨਪੁਰ ਲੋਧੀ ਦੇ ਮੁਹੱਲਾ ਅਰੋੜਾ ਰਸਤਾ ’ਚ ਪੰਤਜਲੀ ਸੈਂਟਰ ’ਚ ਹੋਈ ਲੁੱਟ ਦੀ ਵਾਰਦਾਤ ਨੂੰ ਮੀਡੀਆ ਤੋਂ ਛੁਪਾਉਣ ਲਈ ਥਾਣਾ ਮੁਖੀ ਪੱਤਰਕਾਰਾਂ ਨੂੰ ਇਹ ਕਹਿ ਕੇ ਗੁੰਮਰਾਹ ਕਰਦਾ ਰਿਹਾ ਕਿ ਦੁਕਾਨਦਾਰ ਦੇ ਲੜਕੇ ਦੀ ਤਿੰਨ ਲੜਕਿਆਂ ਨਾਲ ਮਾਮੂਲੀ ਲੜ੍ਹਾਈ ਹੋਈ ਹੈ ਅਤੇ ਸਵੇਰੇ ਦੋਵਾਂ ਧਿਰਾਂ ਦਾ ਰਾਜੀਨਾਮਾ ਹੋ ਜਾਵੇਗਾ ਪਰ ਖਬਰ ਨਾਂ ਲਗਾਇਓ। ਜਦਕਿ ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਵੇਖ ਕੇ ਹਰ ਇਕ ਵਿਅਕਤੀ ਡਰ ਗਿਆ ਕਿ ਕਿਵੇਂ ਪਿਸਤੌਲ ਤਾਣ ਕੇ ਇਕ ਲੁਟੇਰੇ ਨੇ ਨਰੇਸ਼ ਸੇਠੀ ਦੇ ਬੇਟੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਦੂਜੇ ਨੇ ਤੇਜ਼ਧਾਰ ਦਾਤਰ ਲਹਿਰਾ ਕੇ ਡਰਾਇਆ ਅਤੇ 4 -5 ਮਿੰਟ ’ਚ ਸਾਰੀ ਨਕਦੀ ਤਕਰੀਬਨ 22 ਹਜਾਰ ਰੁਪਏ ਦੁਕਾਨ ਦੇ ਗੱਲੇ ਚੋਂ ਕੱਢ ਕੇ ਬੇਖੌਫ ਫਰਾਰ ਹੋ ਗਏ । ਇਸ ਬਾਰੇ ਸਮਾਜ ਸੇਵੀ ਆਗੂਆਂ ਵੱਲੋਂ ਵੱਖ-ਵੱਖ ਵਟਸਐਪ ਗਰੁੱਪਾਂ ਚ ਵਾਰਦਾਤ ਦੀ ਲਾਈਵ ਵੀਡੀਓ ਪਾਉਣ ਤੋਂ ਬਾਅਦ ਪੁਲਸ ਹਰਕਤ ਵਿੱਚ ਆ ਗਈ ਹੈ ਤੇ ਵੱਖ ਵੱਖ ਸ਼ੜਕਾਂ ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਕੇ ਲੁਟੇਰਿਆਂ ਦਾ ਸੁਰਾਗ ਲਗਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਉੱਧਰ ਮੁਹੱਲਾ ਅਰੋੜਾ ਰਸਤਾ ਮੁਹੱਲੇ ਦਾ ਨਿਵਾਸੀ ਦੁਕਾਨਦਾਰ ਨਰੇਸ਼ ਕੁਮਾਰ ਸੇਠੀ ਦਾ ਪਰਿਵਾਰ ਹਾਲੇ ਵੀ ਇਸ ਘਟਨਾ ਨੂੰ ਲੈ ਕੇ ਕਾਫੀ ਘਬਰਾਇਆ ਹੋਇਆ ਹੈ ।
ਇਹ ਵੀ ਪੜ੍ਹੋ: ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ
ਇੱਕੋ ਦਿਨ ’ਚ ਤਿੰਨ-ਚਾਰ ਥਾਵਾਂ ’ਤੇ ਕੀਤੀਆਂ ਲੁੱਟ ਦੀਆਂ ਵਾਰਦਾਤਾਂ
ਪ੍ਰਾਪਤ ਜਾਣਕਾਰੀ ਮੁਤਾਬਕ ਲੁਟੇਰਾ ਗਿਰੋਹ ਵੱਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਖੀਰਾਂਵਾਲੀ ’ਚ ਇਕ ਕਰਿਆਨਾ ਮਰਚੈਂਟ ਨੂੰ ਲੁੱਟਿਆ ਗਿਆ, ਜਿੱਥੇ ਦੁਕਾਨਦਾਰ ਨੇ ਬੜੀ ਦਲੇਰੀ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਗੁੱਥਮਗੁੱਥੀ ਹੋਣ ਤੋਂ ਬਾਅਦ ਲੁਟੇਰੇ ਮੋਟਰ ਸਾਈਕਲ ’ਤੇ ਫਰਾਰ ਹੋਣ ’ਚ ਸਫਲ ਹੋ ਗਏ।
ਇਹ ਵੀ ਪੜ੍ਹੋ: ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ
ਇਸੇ ਤਰ੍ਹਾਂ ਹੀ ਫੱਤੂਢੀਘਾ ਦੀ ਇਕ ਬੈਂਕ ’ਚ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਉਪਰੰਤ ਸ਼ਾਮ 8 ਵਜੇ ਕਰੀਬ ਸੁਲਤਾਨਪੁਰ ਲੋਧੀ ਦੇ ਸੰਘਣੀ ਆਬਾਦੀ ਵਾਲੇ ਖੇਤਰ ਮੁਹੱਲਾ ਅਰੋੜਾ ਰਸਤਾ ’ਚ ਪੰਤਜਲੀ ਸੈਂਟਰ ’ਚੋਂ ਕਰੀਬ 20 ਹਜ਼ਾਰ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ, ਇਸ ਤੋਂ 10 ਮਿੰਟ ਬਾਅਦ ਹੀ ਲੁਟੇਰਾ ਗਿਰੋਹ ਨੇ ਪਿੰਡ ਪੰਡੋਰੀ ਜਗੀਰ ਦੇ ਪੈਟਰੋਲ ਪੰਪ ਤੋਂ ਮੋਟਰ ਸਾਈਕਲ ਪੈਟਰੋਲ ਪਵਾਇਆ। ਪੈਟਰੋਲ ਪੰਪ ਮਾਲਕ ਰਵਿੰਦਰ ਸਿੰਘ ਬਬਰਾ ਨੇ ਦੱਸਿਆ ਕਿ ਪੈਟਰੋਲ ਪਾਉਣ ਉਪਰੰਤ ਜਦ ਪੰਪ ਦੇ ਕਰਮਚਾਰੀ ਨੇ ਪੈਸੇ ਮੰਗੇ ਤਾਂ ਇਕ ਲੁਟੇਰੇ ਨੇ ਪਿਸਤੋਲ ਕੱਢ ਕੇ ਤਾਣ ਦਿੱਤੀ ਤੇ ਜਿਨ੍ਹਾਂ ਵੀ ਕੈਸ਼ ਹੈ ਉਹ ਦੇਣ ਦੀ ਮੰਗ ਕੀਤੀ, ਜਿਸ ’ਤੇ ਪੰਪ ਕਰਮਚਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਕੈਸ਼ ਨਹੀ ਹੈ ਤਾਂ ਲੁਟੇਰੇ ਮੋਟਰ ਸਾਈਕਲ ਭਜਾ ਕੇ ਪੈਟਰੋਲ ਦੇ ਬਿਨਾਂ ਪੈਸੇ ਦਿੱਤੇ ਧਮਕੀਆਂ ਦਿੰਦੇ ਫਰਾਰ ਹੋ ਗਏ।
ਸਾਰੀਆਂ ਵਾਰਦਾਤਾਂ ਦੀ ਸੀ. ਸੀ. ਟੀ. ਵੀ. ’ਚ ਕੈਦ ਹੋਈ ਰਿਕਾਰਡਿੰਗ ਦੇ ਕਲਿੱਪ ਸ਼ੋਸ਼ਲ ਮੀਡੀਆ ’ਤੇ ਲਗਾਤਾਰ ਲੋਕਾਂ ਵੱਲੋਂ ਇਕ-ਦੂਜੇ ਨੂੰ ਫਾਰਵਰਡ ਕਰਕੇ ਸਾਵਧਾਨ ਕੀਤਾ ਜਾ ਰਿਹਾ ਹੈ। ਡੀ. ਐੱਸ. ਪੀ. ਸਰਵਣ ਸਿੰਘ ਬੱਲ ਨੇ ਦਾਅਵਾ ਕੀਤਾ ਹੈ ਕਿ ਬਹੁਤ ਜਲਦੀ ਸਾਰੇ ਦੋਸ਼ੀ ਗ੍ਰਿਫ਼ਤਾਰ ਹੋ ਜਾਣਗੇ ।