1 ਕਰੋੜ ਦੀ ਲੁੱਟ ਦੇ ਮਾਮਲੇ ’ਚ ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ
Monday, Jun 13, 2022 - 06:00 PM (IST)
ਮੋਹਾਲੀ (ਪਰਦੀਪ) : ਮੋਹਾਲੀ ਪੁਲਸ ਨੇ 10 ਜੂਨ ਨੂੰ ਡੇਰਾਬੱਸੀ ਸ਼ਹਿਰ ਵਿਚ ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਪਾਸੋਂ 1 ਕਰੋੜ ਰੁਪਏ ਦੀ ਲੁੱਟ ਖੋਹ ਦੇ ਮਾਮਲੇ ਵਿਚ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਪ੍ਰੈੱਸ ਕਾਨਫਰੰਸ ਰਾਹੀਂ ਦੱਸਿਆ ਕਿ ਇਸ ਵਾਰਦਾਤ ਦੇ ਜ਼ਿੰਮੇਵਾਰ ਮੁਲਜ਼ਮਾਂ ਨੂੰ ਟਰੇਸ ਕਰਨ ਲਈ ਗੁਰਬਖਸ਼ੀਸ਼ ਸਿੰਘ ਉਪ ਕਪਤਾਨ ਪੁਲਸ ਸਬ. ਡਵੀਜ਼ਨ ਡੇਰਾਬੱਸੀ, ਕੁਲਜਿੰਦਰ ਸਿੰਘ ਡੀ. ਐੱਸ. ਪੀ. (ਤਫਤੀਸ਼) ਮੁੱਖ ਅਫਸਰ ਥਾਣਾ ਡੇਰਾਬੱਸੀ, ਮੁੱਖ ਅਫਸਰ ਥਾਣਾ ਹੰਡੇਸਰਾ, ਮੁੱਖ ਅਫਸਰ ਥਾਣਾ ਲਾਲੜੂ ਅਤੇ ਇੰਚਾਰਜ ਸੀ. ਆਈ. ਏ. ਸਟਾਫ ਮੋਹਾਲੀ ਦੀ ਅਗਵਾਈ ਵਿਚ ਵੱਖ-ਵੱਖ ਪੁਲਸ ਟੀਮਾਂ ਬਣਾਈਆਂ ਗਈਆਂ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ ਟਰੇਸ ਕਰਕੇ ਹੁਣ ਤਕ ਲੁਟੇਰਾ ਗਿਰੋਹ ਦੇ ਤਿੰਨ ਮੈਂਬਰਾਂ ਰਣਯੋਧ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਪਿੰਡ ਝੰਡੀਆ ਕਲਾਂ, ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਫਲੈਟ ਨੰਬਰ-700, ਪਲਾਕ ਡੀ-6, ਪੈਂਟਾ ਹੋਮਜ਼ ਜ਼ੀਰਕਪੁਰ, ਮਨਿੰਦਰਜੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਪਿੰਡ ਬਡਾਲਾ ਜੋਹਲ ਤਹਿ ਅਤੇ ਜ਼ਿਲਾ ਅੰਮ੍ਰਿਤਸਰ ਅਤੇ ਸੌਰਵ ਸ਼ਰਮਾ ਪੁੱਤਰ ਰਾਜਵੀਰ ਸਿੰਘ ਵਾਸੀ # 56 ਵਾਰਡ ਨੰਬਰ-13 ਵਿਸ਼ਨੂੰ ਨਗਰ ਸਿਟੀ ਗੋਹਾਣਾ ਜ਼ਿਲਾ ਗੋਹਾਣਾ ਨੂੰ ਗਿ੍ਰਫਤਾਰ ਕੀਤਾ ਸੀ। ਉਕਤ ਮੁਲਜ਼ਮਾਂ ਵਿਰੁੱਧ ਧਾਰਾ-307, 397, 120ਬੀ ਭ: ਦ: ਅਤੇ 25 ਅਸਲਾ ਐਕਟ ਅਧੀਨ ਥਾਣਾ ਡੇਰਾਬੱਸੀ ਵਿਖੇ ਮਾਮਲਾ ਦਰਜ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ 68 ਲੱਖ ਰੁਪਏ ਭਾਰਤੀ ਕਰੰਸੀ ਅਤੇ ਇਕ ਹੋਂਡਾ ਸਿਟੀ ਕਾਰ ਵੀ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਨਿੰਦਰਜੀਤ ਸਿੰਘ ਅਤੇ ਸੌਰਵ ਸ਼ਰਮਾ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਦਕਿ ਰਣਜੋਧ ਸਿੰਘ ਪਹਿਲਾਂ ਹੀ 5 ਦਿਨ ਦੇ ਪੁਲਸ ਰਿਮਾਂਡ ’ਤੇ ਚੱਲ ਰਿਹਾ ਹੈ।