ਲੌਂਗੋਵਾਲ ਵੈਨ ਹਾਦਸੇ ਦੇ ਪੀੜਤਾਂ ਨੇ ਕੀਤੀ ਅਪੀਲ, ਕਿਹਾ 'ਨਾ ਕਰੋ ਸਿਆਸਤ'
Friday, Feb 21, 2020 - 05:21 PM (IST)
ਸੰਗਰੂਰ (ਬੇਦੀ,ਹਰਜਿੰਦਰ) : ਲੌਂਗੋਵਾਲ 'ਚ ਸਕੂਲ ਵੈਨ ਨੂੰ ਅੱਗ ਲੱਗਣ ਨਾਲ ਮਰਨ ਵਾਲੇ ਬੱਚਿਆਂ ਦੇ ਪਰਿਵਾਰਕਾਂ ਮੈਂਬਰਾਂ ਨੇ ਅੱਜ ਸਥਾਨਕ ਰੈਸਟ ਹਾਊਸ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ 'ਤੇ ਕੋਈ ਸਿਆਸਤ ਨਾ ਕੀਤੀ ਜਾਵੇ। ਮ੍ਰਿਤਕ ਬੱਚਿਆਂ ਦੇ ਪਿਤਾ ਕੁਲਵੰਤ ਸਿੰਘ, ਜਸਵੀਰ ਸਿੰਘ ਅਤੇ ਕੁਲਦੀਪ ਸਿੰਘ ਨੇ ਕਿਹਾ ਕਿ ਸਕੂਲ ਦੀ ਲਾਹਪ੍ਰਵਾਹੀ ਕਾਰਨ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋਈ ਹੈ ਪਰ ਕੁਝ ਲੋਕ ਉਸ 'ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਨਾਮ ਦੇ ਕਾਂਗਰਸੀ ਆਗੂ ਬੀਬੀ ਦਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਬਾਜਵਾ ਨੇ ਜੋ ਸਰਕਾਰੀ ਮਦਦ ਸਾਡੀ ਕੀਤੀ ਹੈ, ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਵੱਲੋਂ ਮੁਆਵਜੇ ਦੀ ਕੋਈ ਮੰਗ ਨਹੀਂ ਸੀ ਕੀਤੀ ਗਈ, ਉਨ੍ਹਾਂ ਦੀ ਬੱਸ ਇੱਕੋ ਮੰਗ ਸੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸ਼ਜਾ ਦਿੱਤੀ ਜਾਵੇ ਅਤੇ ਸਕੂਲੀ ਵੈਨਾਂ ਦੀ ਜਾਂਚ ਸਮੇਂ ਸਿਰ ਕੀਤੀ ਜਾਵੇ ਤਾਂ ਜੋ ਕਿ ਕਿਸੇ ਹੋਰ ਬੱਚੇ ਦੀ ਜਾਨ ਨਾ ਜਾਵੇ।
ਉਨ੍ਹਾਂ ਦੱਸਿਆ ਕਿ ਕੁਝ ਲੋਕ ਉਨ੍ਹਾਂ ਲਈ ਮੁਆਵਜੇ ਦੀ ਮੰਗ ਕਰਕੇ ਮੀਡੀਆਂ ਵਿਚ ਗਲਤ ਪ੍ਰਚਾਰ ਕਰ ਰਹੇ ਹਨ, ਜਿਸ ਦੀ ਉਨ੍ਹਾਂ ਵੱਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਂਦੀ ਹੈ। ਸਾਨੂੰ ਕਿਸੇ ਮੁਅਵਜੇ ਦੀ ਲੋੜ ਨਹੀਂ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਕਾਂਗਰਸੀ ਆਗੂ ਦਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਨੇ ਕਿਹਾ ਕਿ ਜੋ ਬਹਾਦਰ ਲੜਕੀ ਨੇ ਵੈਨ ਵਿਚ ਬੈਠੇ ਬੱਚਿਆਂ ਦੀ ਜਾਨ ਬਚਾਈ ਹੈ, ਉਸ 'ਤੇ ਵੀ ਕੁਝ ਲੋਕ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 6-7 ਵਿਅਕਤੀ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਨੇ ਅੱਗ ਲੱਗੀ ਵੈਨ ਵਿਚੋਂ ਬੱਚਿਆਂ ਨੂੰ ਬਾਹਰ ਕੱਢਿਆ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਕਿੰਨੇ ਸ਼ਰਮਵਾਲੀ ਗੱਲ ਹੈ ਕਿ 6-7 ਵਿਅਕਤੀ ਵੈਨ ਵਿਚੋਂ 4 ਮਾਸੂਮਾਂ ਨੂੰ ਬਾਹਰ ਨਹੀਂ ਕੱਢ ਸਕੇ। ਆਗੂਆ ਨੇ ਕਿਹਾ ਕਿ ਸਾਨੂੰ ਬੱਚਿਆਂ ਦੀ ਮੌਤ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਸਗੋਂ ਸਕੂਲ ਦੀ ਲਾਹਪ੍ਰਵਾਹੀ ਕਾਰਨ ਅੱਗ ਦੀ ਭੇਂਟ ਚੱੜੇ ਬੱਚਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਰੱਖਣੀ ਚਾਹੀਦੀ ਹੈ। ਇਸ ਮੌਕੇ ਹਾਦਸੇ ਵਿਚ ਮਾਰੇ ਗਏ ਬੱਚਿਆਂ ਦੇ ਮਾਤਾ ਪਿਤਾ ਜਸਵੀਰ ਸਿੰਘ, ਜਗਸੀਰ ਸਿੰਘ, ਕੁਲਵੰਤ ਸਿੰਘ, ਸਤਪਾਲ ਕੁਮਾਰ, ਨਵਜੋਤ ਕੌਰ, ਸੁਖਜੀਤ ਕੌਰ, ਸਿਮਰਨਜੀਤ ਸਿੰਘ ਮੌਜੂਦ ਸਨ।