ਲੌਂਗੋਵਾਲ ਵੈਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪੁੱਜੇ ਸੁਖਬੀਰ ਬਾਦਲ
Wednesday, Feb 26, 2020 - 11:30 PM (IST)
ਲੌਂਗੋਵਾਲ,(ਵਸ਼ਿਸ਼ਟ)- ਬੀਤੇ ਦਿਨੀਂ ਇੱਥੇ ਵਾਪਰੇ ਸਕੂਲ ਵੈਨ ਅਗਨੀਕਾਂਡ ਦੌਰਾਨ ਮਾਰੇ ਗਏ ਚਾਰ ਮਾਸੂਮ ਬੱਚਿਆਂ (ਸਿਮਰਜੀਤ ਸਿੰਘ , ਨਵਜੋਤ ਕੌਰ, ਸੁਖਜੀਤ ਕੌਰ ਅਤੇ ਅਰਾਧਿਆ) ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਬੁੱਧਵਾਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੀੜਤ ਪਰਿਵਾਰਾਂ ਦੇ ਘਰ ਪੁੱਜੇ । ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਇਸ ਖ਼ਬਰ ਬਾਰੇ ਪਤਾ ਲੱਗਾ ਤਾਂ ਮਨ ਨੂੰ ਬਹੁਤ ਹੀ ਦੁੱਖ ਪੁੱਜਿਆ। ਉਨ੍ਹਾਂ ਪਰਿਵਾਰਾਂ ਨੂੰ ਦਿਲਾਸਾ ਦਿੰਦਿਆ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਪੀੜਤ ਪਰਿਵਾਰਾ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਉਹ ਕੱਲ ਇਨ੍ਹਾਂ ਬੱਚਿਆਂ ਦੇ ਭੋਗ 'ਤੇ ਆਉਣਾ ਚਾਹੁੰਦੇ ਸਨ ਪਰ ਰੁਝੇਵਿਆਂ ਕਾਰਨ ਨਹੀ ਆ ਸਕੇ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਨਿਯਮਾਂ ਨੂੰ ਲਾਗੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਸ ਮਾਮਲੇ 'ਚ ਸਰਕਾਰ ਦੀ ਨਲਾਇਕੀ ਸਪੱਸ਼ਟ ਰੂਪ ਵਿੱਚ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਸਿਰਫ ਕੁਝ ਦਿਨਾਂ ਦੀ ਚੈਕਿੰਗ ਨਾਲ ਸਾਰਾ ਕੁਝ ਦਰੁਸਤ ਨਹੀਂ ਹੋ ਜਾਣਾ। ਇਸ ਲਈ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸਰਕਾਰ ਨੂੰ ਲਗਾਤਾਰ ਸਖਤੀ ਕਰਨੀ ਹੋਵੇਗੀ। ਸੁਖਬੀਰ ਨੇ ਕਿਹਾ ਕਿ ਸਕੂਲੀ ਵਾਹਨਾਂ ਸਬੰਧੀ ਹੋਰ ਸਖਤ ਕਾਨੂੰਨ ਬਣਾਉਣ ਦੀ ਲੋੜ ਹੈ। ਇਸ ਮੰਦਭਾਗੀ ਘਟਨਾ ਦੌਰਾਨ ਬਰਨਿੰਗ ਵੈਨ 'ਚੋਂ ਚਾਰ ਬੱਚਿਆਂ ਨੂੰ ਬਚਾ ਕੇ ਕੱਢਣ ਵਾਲੀ ਨੌਵੀ ਜਮਾਤ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਬਹਾਦਰੀ ਦੀ ਵੀ ਸੁਖਬੀਰ ਸਿੰਘ ਬਾਦਲ ਨੇ ਸ਼ਲਾਘਾ ਕੀਤੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਝੂੰਦਾਂ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ, ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ, ਵਿਨਰਜੀਤ ਸਿੰਘ ਗੋਲਡੀ, ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ, ਬੀਬੀ ਪਰਮਜੀਤ ਕੌਰ ਵਿਰਕ, ਬਿੰਦਰ ਸਿੰਘ ਠੇਕੇਦਾਰ, ਸਰਪੰਚ ਸੁਖਵਿੰਦਰ ਸਿੰਘ, ਹਰਬੰਸ ਸਿੰਘ ਮੌੜ, ਮੱਖਣ ਸਿੰਘ ਸ਼ਾਹਪੁਰ, ਕੁਲਵੰਤ ਸਿੰਘ ਕਾਂਤੀ ਅਤੇ ਅਵਤਾਰ ਸਿੰਘ ਦੁੱਲਟ ਕੌਂਸਲਰ ਹਾਜ਼ਰ ਸਨ।