ਤਿਉਹਾਰ ਮੌਕੇ ਘਰ ''ਚ ਪਏ ਕੀਰਨੇ, ਕਰਜ਼ੇ ਤੋਂ ਦੁਖੀ ਕਿਸਾਨ ਜੋੜੇ ਨੇ ਚੁੱਕਿਆ ਖ਼ੌਫ਼ਨਾਕ ਕਦਮ

Monday, Nov 16, 2020 - 09:24 AM (IST)

ਲੌਂਗੋਵਾਲ (ਵਿਜੇ): ਖੁਸ਼ੀਆਂ ਵੰਡਣ ਵਾਲਾ ਦੀਵਾਲੀ ਦਾ ਸਾਲਾਨਾ ਤਿਉਹਾਰ ਨੇੜਲੇ ਪਿੰਡ ਲੋਹਾਖੇੜਾ ਨਿਵਾਸੀਆਂ ਲਈ ਉਸ ਵੇਲੇ ਗਮੀ 'ਚ ਬਦਲ ਗਿਆ ਜਦੋ ਕਰਜ਼ੇ ਦੀ ਮਾਰ ਹੇਠ ਆਏ ਇਕ ਕਿਸਾਨ ਪਰਿਵਾਰ ਦੇ ਮੁੱਖੀ ਅਤੇ ਉਸਦੀ ਪਤਨੀ ਵਲੋਂ ਜ਼ਹਿਰੀਲੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਿੰਡ ਲੋਹਾਖੇੜਾ ਨਿਵਾਸੀ ਕਿਸਾਨ ਅਤੇ ਉਸ ਦੀ ਧਰਮ ਪਤਨੀ ਵੱਲੋਂ ਕੀਤੀ ਗਈ ਖੁਦਕੁਸ਼ੀ ਦੇ ਸਬੰਧ ਵਿਚ ਥਾਣਾ ਲੌਂਗੋਵਾਲ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ। ਕਿਸਾਨ ਜੋੜੇ ਵੱਲੋਂ ਕਰਜ਼ੇ ਦੀ ਮਾਰ ਹੇਠ ਆ ਕੇ ਕੀਤੀ ਗਈ। ਸਮੂਹਿਕ ਖੁਦਕੁਸ਼ੀ ਨੂੰ ਲੈ ਕੇ ਸਮੁੱਚੇ ਇਲਾਕੇ ਅੰਦਰ ਖੌਫ ਦਾ ਮਾਹੌਲ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ : ਦੀਵਾਲੀ ਮੌਕੇ ਘਰ 'ਚ ਪਏ ਕੀਰਨੇ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਮਾਪਿਆਂ ਦਾ ਜਵਾਨ ਪੁੱਤ

ਜਾਣਕਾਰੀ ਦਿੰਦਿਆਂ ਪਿੰਡ ਲੋਹਾਖੇੜਾ ਦੇ ਸਰਪੰਚ ਜਗਸੀਰ ਸਿੰਘ ਜੱਗੀ ਅਤੇ ਥਾਣਾ ਲੌਂਗੋਵਾਲ ਵਿਖੇਂ ਆਏ ਨਵੇਂ ਥਾਣਾ ਮੁਖੀ ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਗਮੇਲ ਸਿੰਘ (49) ਪੁੱਤਰ ਬਹਾਦਰ ਸਿੰਘ ਦੇ ਪਰਿਵਾਰ ਦੇ ਸਿਰ 17-18 ਲੱਖ ਰੁਪਏ ਦਾ ਆੜ੍ਹਤੀਆਂ ਅਤੇ ਬੈਂਕਾ ਦਾ ਕਰਜ਼ਾ ਸੀ। ਇਸ ਕਰਜ਼ੇ ਨੂੰ ਲੈ ਕੇ ਮ੍ਰਿਤਕ ਕਿਸਾਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੀ ਤਿੰਨ ਏਕੜ ਜ਼ਮੀਨ 'ਚੋਂ ਇਕ ਏਕੜ ਜ਼ਮੀਨ ਨੂੰ ਵੇਚ ਵੀ ਦਿੱਤਾ ਸੀ ਪਰ ਕਰਜ਼ੇ ਦੀ ਪੰਡ ਨੂੰ ਭਾਰੀ ਮੰਨਕੇ ਮਾਨਸਿਕ ਤਨਾਅ ਵਧ ਜਾਣ ਕਾਰਣ ਕਿਸਾਨ ਜਗਮੇਲ ਸਿੰਘ ਨੇ ਜ਼ਹਿਰੀਲੀਆਂ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਜਗਮੇਲ ਸਿੰਘ ਵੱਲੋਂ ਕੀਤੀ ਗਈ ਖੁਦਕੁਸ਼ੀ ਦੀ ਜਾਣਕਾਰੀ ਜਦੋ ਉਸ ਦੀ ਪਤਨੀ ਮਲਕੀਤ ਕੌਰ (43) ਨੂੰ ਮਿਲੀ ਤਾਂ ਪਤੀ ਦੀ ਮੌਤ ਦਾ ਸਦਮਾ ਸਹਿਣ ਨਾ ਕਰਦੀ ਹੋਈ, ਪਤੀ ਵੱਲੋਂ ਲਿਆਂਦੀਆਂ ਗਈਆਂ ਬਾਕੀ ਰਹਿੰਦੀਆਂ ਜ਼ਹਿਰੀਲੀਆਂ ਗੋਲੀਆਂ ਖਾ ਕੇ ਮਲਕੀਤ ਕੌਰ ਨੇ ਵੀ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਕਿਸਾਨ ਜੋੜਾ ਆਪਣੇ ਪਿੱਛੇ ਇਕ ਵਿਆਹੁਤਾ ਬੇਟੀ ਅਤੇ ਇਕ ਬੇਟਾ ਛੱਡ ਗਏ। ਥਾਣਾ ਮੁੱਖੀ ਜਰਨੈਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਜਰਨੈਲ ਸਿੰਘ ਅਤੇ ਉਸ ਦੀ ਪਤਨੀ ਮਲਕੀਤ ਕੌਰ ਦੀ ਹੋਈ ਮੌਤ ਦੇ ਸਬੰਧ ਵਿਚ ਥਾਣਾ ਲੌਂਗੋਵਾਲ ਵਿਖੇਂ ਧਾਰਾ 174 ਅਧੀਨ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹਾ ਦਾ ਪੋਸਟਮਾਟਰਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਪਿੰਡ ਲੋਹਾਖੇੜਾ ਵਿਖੇ ਵਾਪਰੀ ਇਸ ਦਿਲਕੰਬਾਊ ਘਟਨਾ ਨੂੰ ਲੈ ਕੇ ਸਰਪੰਚ ਜਗਸੀਰ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਅਤੇ ਮਾਲੀ ਮੱਦਦ ਵੀ ਕੀਤੀ ਜਾਵੇ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦੀਵਾਲੀ ਮੌਕੇ ਵੱਡੀ ਵਾਰਦਾਤ, ਚੌਕੀਦਾਰ ਨੇ ਗੋਲੀਆਂ ਨਾਲ ਭੁੰਨ੍ਹੀ ਪਤਨੀ


Baljeet Kaur

Content Editor

Related News