ਅਕਾਲੀ ਦਲ ਹਰਿਆਣਾ ''ਚ ਇਕੱਲਿਆਂ ਲੜੇਗਾ 2019 ਦੀਆਂ ਲੋਕ ਸਭਾ ਚੋਣਾਂ

Friday, Jul 20, 2018 - 07:32 AM (IST)

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ 2019 ਵਿਚ ਆ ਰਹੀਆਂ ਲੋਕ ਸਭਾ ਚੋਣਾਂ ਹਰਿਆਣਾ ਵਿਚ ਇਕੱਲੇ ਤੌਰ 'ਤੇ ਲੜੇਗਾ ਅਤੇ ਇਸ ਸਬੰਧ 'ਚ ਪਾਰਟੀ ਵੱਲੋਂ ਪਹਿਲੀ ਚੋਣ ਰੈਲੀ 19 ਅਗਸਤ ਨੂੰ ਪਿੱਪਲੀ ਵਿਖੇ ਰੱਖ ਲਈ ਗਈ ਹੈ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਇਕ ਪ੍ਰੈੱਸ ਬਿਆਨ ਵਿਚ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਤਿਆਰੀ ਆਰੰਭ ਕਰ ਦਿੱਤੀ ਹੈ। ਅੱਜ ਇਸ ਸਬੰਧੀ ਪਾਰਟੀ ਵੱਲੋਂ ਹਰਿਆਣਾ ਵਿਚ ਜ਼ਿਲਾਵਾਰ ਨਿਯੁਕਤ ਕੀਤੇ ਆਬਜ਼ਰਵਰਾਂ ਨਾਲ ਪਾਰਟੀ ਦੇ ਮੁੱਖ ਦਫਤਰ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਹਰਿਆਣਾ ਸਟੇਟ ਯੂਨਿਟ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਅਤੇ ਇਸਤਰੀ ਅਕਾਲੀ ਦਲ ਹਰਿਆਣਾ ਦੀ ਪ੍ਰਧਾਨ ਬੀਬੀ ਰਵਿੰਦਰ ਕੌਰ ਅਜਰਾਣਾ ਨੇ ਆਪਣੀ ਰਿਪੋਰਟ ਪੇਸ਼ ਕੀਤੀ। ਇਸੇ ਦੌਰਾਨ ਸੁਖਬੀਰ ਨੇ ਕਿਹਾ ਕਿ ਰਾਜਸਥਾਨ ਸਟੇਟ ਵਿਚ ਵੀ ਪਾਰਟੀ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਲਈ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਨੂੰ ਪਹਿਲਾਂ ਹੀ ਰਾਜਸਥਾਨ ਦੇ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ, ਨੂੰ ਸਹਾਇਕ ਆਬਜ਼ਰਵਰ ਲਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ। ਜਿਨ੍ਹਾਂ ਆਗੂਆਂ ਨੂੰ ਰਾਜਸਥਾਨ ਦਾ ਸਹਾਇਕ ਆਬਜ਼ਰਵਰ ਲਾਇਆ ਗਿਆ ਹੈ, ਉਨ੍ਹਾਂ ਵਿਚ ਮਨਤਾਰ ਸਿੰਘ ਬਰਾੜ, ਤੇਜਿੰਦਰ ਸਿੰਘ ਮਿੱਡੂਖੇੜਾ, ਹਰਦੀਪ ਸਿੰਘ ਡਿੰਪੀ ਗਿੱਦੜਬਾਹਾ ਅਤੇ ਰਣਜੀਤ ਸਿੰਘ ਖੰਨਾ ਦੇ ਨਾਂ ਸ਼ਾਮਲ ਹਨ।


Related News