ਚੋਣ ਕਮਿਸ਼ਨ ਦੇ ਨਵੇਂ ਨਿਯਮ ਨੇ ਖੋਲ੍ਹੇ ਸੁਖਬੀਰ ਬਾਦਲ ਦੀ ਪ੍ਰਾਪਰਟੀ ਦੇ ਵੱਡੇ ਰਾਜ਼
Friday, Apr 26, 2019 - 07:58 PM (IST)
ਜਲੰਧਰ : ਚੋਣ ਕਮਿਸ਼ਨ ਵਲੋਂ ਲਾਗੂ ਕੀਤੇ ਗਏ ਨਵੇਂ ਨਿਯਮ ਦੇ ਚੱਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਉਸ ਜਾਇਦਾਦ ਦੇ ਵੇਰਵਾ ਦੇਣ ਲਈ ਮਜਬੂਰ ਹੋਏ ਹਨ, ਜਿਸ ਦਾ ਵੇਰਵਾ ਉਨ੍ਹਾਂ 2017 ਦੀ ਜਲਾਲਾਬਾਦ ਵਿਧਾਨ ਸਭਾ ਚੋਣ ਦੌਰਾਨ ਚੋਣ ਕਮਿਸ਼ਨ ਕੋਲ ਦਿੱਤੇ ਗਏ ਐਫੀਡੇਵਿਟ ਵਿਚ ਨਹੀਂ ਦਿੱਤਾ ਸੀ। ਮਜ਼ੇ ਦੀ ਗੱਲ ਇਹ ਹੈ ਕਿ ਜਿਹੜੀ ਜਾਣਕਾਰੀ ਸੁਖਬੀਰ ਬਾਦਲ ਦੇ ਨਵੇਂ ਐਫੀਡੇਵਿਟ ਵਿਚ ਸਾਹਮਣੇ ਆਈ ਹੈ, ਇਸ ਮੁਤਾਬਕ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਇਸ ਪਰਿਵਾਰ ਵਲੋਂ ਸਥਾਪਤ ਕੀਤੇ ਗਏ ਐੱਚ. ਯੂ. ਐੱਫ. (ਹਿੰਦੂ ਅਨਡੀਵਾਈਡਿਡ ਫੈਮਿਲੀ) ਦੇ ਵਿਚ ਜ਼ਿਆਦਾ ਜਾਇਦਾਦ ਹੈ। ਸੁਖਬੀਰ ਨੇ ਫਿਰੋਜ਼ਪੁਰ ਤੋਂ ਬਤੌਰ ਲੋਕ ਸਭਾ ਮੈਂਬਰ ਨਾਮਜ਼ਦਗੀ ਪੱਤਰ ਦਾਇਰ ਕਰਨ ਵੇਲੇ ਦਿੱਤੇ ਗਏ ਐਫੀਡੇਵਿਟ ਵਿਚ ਆਪਣੀ ਜਾਇਦਾਦ ਤੋਂ ਇਲਾਵਾ ਹਰਸਿਮਰਤ ਦੀ ਜਾਇਦਾਦ ਅਤੇ ਪਰਿਵਾਰ ਦੇ ਉਤੇ ਕਰਜ਼ ਦਾ ਵੀ ਬਿਓਰਾ ਦਿੱਤਾ ਹੈ।
ਚੋਣ ਕਮਿਸ਼ਨ ਤੋਂ ਮਿਲੇ ਵੇਰਵਿਆਂ ਅਨੁਸਾਰ ਸੁਖਬੀਰ ਕੋਲ ਕੁੱਲ ਕੈਸ਼ 33, 936, ਹਰਸਿਮਰਤ ਕੌਰ ਕੋਲ 16424 ਰੁਪਏ ਹੈ ਜਦਕਿ ਐੱਚ. ਯੂ. ਐਫ. ਕੋਲ 109810 ਹੈ। ਇਸ ਤੋਂ ਇਲਾਵਾ ਸੁਖਬੀਰ ਦੀ 23,12,35,763 ਦੀ ਜਾਇਦਾਦ ਹੈ, ਜਦਕਿ ਹਰਸਿਮਰਤ ਦੀ ਜਾਇਦਾਦ 24,17,98,952 ਦਰਸਾਈ ਗਈ ਹੈ। ਇਸ ਤੋਂ ਇਲਾਵਾ ਐੱਚ. ਯੂ. ਐਫ. ਕੋਲ ਸਭ ਤੋਂ ਵੱਧ 52,99,16,334 ਦੀ ਜਾਇਦਾਦ ਨਸਰ ਕੀਤੀ ਗਈ ਹੈ। ਇਸ ਤੋਂ ਇਲਾਵਾ 142, 38, 946 ਰੁਪਏ ਦੀ ਖੇਤੀ ਯੋਗ ਜ਼ਮੀਨ ਸੁਖਬੀਰ ਦੇ ਨਾਂ ਬੋਲਦੀ ਹੈ ਜਦਕਿ 3,5494,000 ਦੀ ਖੇਤੀ ਯੋਗ ਜ਼ਮੀਨ ਹਰਸਿਮਰਤ ਦੇ ਨਾਂ ਹੈ ਅਤੇ 45 ਕਰੋੜ ਦੀ ਜਾਇਦਾਦ ਐੱਚ. ਯੂ. ਐਫ. ਦੇ ਨਾਂ ਬੋਲਦੀ ਹੈ। ਇਸ ਤੋਂ ਇਲਾਵਾ ਸੁਖਬੀਰ ਕੋਲ 5,84,54,840 ਗੈਰੀ ਖੇਤੀਬਾੜੀ ਯੋਗ ਜ਼ਮੀਨ ਹੈ ਜਦਕਿ 12,35,48,562 ਗੈਰ ਖੇਤੀਬਾੜੀ ਯੋਗ ਜ਼ਮੀਨ ਹਰਸਿਮਰਤ ਦੇ ਨਾਂ ਦਰਸਾਈ ਗਈ ਹੈ। 36,63,23,630 ਰੁਪਏ ਦੀ ਰਿਹਾਇਸ਼ ਯੋਗ ਜ਼ਮੀਨ ਸੁਖਬੀਰ ਦੇ ਨਾਂ ਹੈ ਜਦਕਿ 3,23,17,062 ਐੱਚ. ਯੂ. ਐਫ. ਦੇ ਨਾਂ ਹੈ। ਇਸ ਤੋਂ ਇਲਾਵਾ ਸੁਖਬੀਰ ਬਾਦਲ 43,67,11,161 ਦੇ ਦੇਣਦਾਰ ਹਨ ਜਦਕਿ ਐੱਚ. ਯੂ. ਐੱਫ. ਨੂੰ 51,81,41,439 ਰੁਪਏ ਦਾ ਦੇਣਦਾਰ ਦਰਸਾਇਆ ਗਿਆ ਹੈ।
ਕੀ ਹੈ ਐੱਚ. ਯੂ. ਐੱਫ.
ਐੱਚ. ਯੂ. ਐੱਫ. ਯਾਨੀ ਹਿੰਦੂ ਅਨਡੀਵਾਈਡਿਡ ਫੈਮਿਲੀ। ਐੱਚ. ਯੂ. ਐੱਫ. ਵਿਚ ਸਾਂਝੇ ਪਰਿਵਾਰ ਦਾ ਖਾਤਾ ਹੈ। ਇਨਕਮ ਟੈਕਸ ਵਿਭਾਗ ਐੱਚ. ਯੂ. ਐੱਫ. ਨੂੰ ਸਾਡੀ-ਤੁਹਾਡੇ ਵਾਂਗ ਇਕ ਵੱਖਰੀ ਇਕਾਈ ਦੇ ਤੌਰ 'ਤੇ ਦੇਖਦਾ ਹੈ ਅਤੇ ਇਸ ਦੀ ਇਨਕਮ ਗਣਨਾ ਪਰਿਵਾਰ ਦੇ ਮੈਂਬਰਾਂ ਦੀ ਇਨਕਮ ਗਿਣਤੀ ਤੋਂ ਵੱਖ ਹੁੰਦੀ ਹੈ। 80 ਸੀ ਦੇ ਤਹਿਤ ਮਿਲਣ ਵਾਲੀ 1.5 ਲੱਖ ਦੀ ਛੋਟ ਨੂੰ ਵੀ ਐੱਚ. ਯੂ. ਐੱਫ. ਦੇ ਅਧੀਨ ਪ੍ਰਾਪਤ ਕੀਤਾ ਜਾ ਸਕਦਾ ਹੈ। ਮਤਲਬ ਜੇਕਰ ਤੁਸੀਂ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਸ਼ਾਮਲ ਕਰਕੇ ਇਕ ਐੱਚ. ਯੂ. ਐੱਫ. ਬਣਾਇਆ ਹੈ ਤਾਂ ਤੁਹਾਡੇ ਚਾਰਾਂ ਦੇ ਨਾਲ-ਨਾਲ ਐੱਚ. ਯੂ. ਐੱਫ. ਨੂੰ ਵੀ 80 ਸੀ ਦੇ ਤਹਿਤ ਛੋਟ ਪ੍ਰਾਪਤ ਹੋਵੇਗੀ ਅਤੇ ਇਸ ਦਾ ਪੈਨ ਕਾਰਡ ਵੀ ਵੱਖਰਾ ਹੋਵੇਗਾ।