ਚੋਣਾਂ ਤੋਂ ਪਹਿਲਾਂ ਪੈਰੋਕਾਰਾਂ ਦੀ ਸਿਆਸੀ ਨਬਜ਼ ਟੋਹਣ ਲੱਗਾ ਡੇਰਾ ਸਿਰਸਾ!
Sunday, Apr 07, 2019 - 06:24 PM (IST)
ਚੰਡੀਗੜ੍ਹ : ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਨੇ ਪੈਰੋਕਾਰਾਂ ਦੀ ਨਬਜ਼ ਟੋਹਣੀ ਸ਼ੁਰੂ ਕਰ ਦਿੱਤੀ ਹੈ। ਡੇਰਾ ਮੁਖੀ ਦੇ ਜੇਲ ਜਾਣ ਤੋਂ ਬਾਅਦ ਹੁਣ ਡੇਰੇ ਵਲੋਂ ਪੈਰੋਕਾਰਾਂ ਦਾ ਸਿਆਸੀ ਰੌਂਅ ਜਾਨਣ ਦੇ ਯਤਨ ਕੀਤੇ ਜਾ ਰਹੇ ਹਨ। ਡੇਰਾ ਮੁਖੀ ਦੇ ਜੇਲ ਜਾਣ ਤੋਂ ਬਾਅਦ ਇਹ ਪਹਿਲੀਆਂ ਲੋਕ ਸਭਾ ਚੋਣਾਂ ਹਨ ਅਤੇ ਡੇਰੇ ਵੱਲੋਂ ਸਿਆਸੀ ਤੌਰ 'ਤੇ ਵੀ ਨਵਾਂ ਫ਼ੈਸਲਾ ਲਿਆ ਜਾਣਾ ਹੈ। ਨਾਲ ਹੀ ਡੇਰਾ ਆਗੂ ਹੁਣ ਆਪਣਾ ਸਿਆਸੀ ਵਜ਼ਨ ਵੀ ਮਾਪਣਗੇ। ਡੇਰਾ ਸਿਰਸਾ ਦਾ ਆਧਾਰ ਪਹਿਲਾਂ ਹਰਿਆਣਾ ਦੇ ਨਾਲ ਲੱਗਦੇ ਜ਼ਿਲਿਆਂ ਵਿਚ ਰਿਹਾ ਹੈ ਜਿਸ ਨੂੰ ਵੱਡੀ ਸੱਟ ਡੇਰਾ ਮੁਖੀ ਨੂੰ ਸਜ਼ਾ ਹੋਣ ਮਗਰੋਂ ਵੱਜੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਡੇਰਾ ਹੁਣ ਰੂਹਾਨੀ ਸਥਾਪਨਾ ਮਹੀਨਾ ਮਨਾ ਰਿਹਾ ਹੈ, ਜਿਸ ਦੇ ਬਹਾਨੇ ਸਿਆਸੀ ਪਕੜ ਵੀ ਵੇਖੀ ਜਾਵੇਗੀ। ਆਖਿਆ ਇਹੋ ਜਾ ਰਿਹਾ ਹੈ ਕਿ ਇਸ ਮਹੀਨੇ ਵਿਚ ਮਾਨਵਤਾ ਦੀ ਭਲਾਈ ਜਿਵੇਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਕਿਤਾਬਾਂ ਕਾਪੀਆਂ ਦੀ ਵੰਡ ਕੀਤੀ ਜਾਣੀ ਹੈ। ਸੂਤਰਾਂ ਅਨੁਸਾਰ ਡੇਰਾ ਸਿਰਸਾ ਦੇ ਆਗੂਆਂ ਅਤੇ ਭੰਗੀਦਾਸਾਂ ਨੇ ਜਲਾਲਾਬਾਦ, ਅਬੋਹਰ, ਮੁਕਤਸਰ ਅਤੇ ਫਰੀਦਕੋਟ ਵਿਚ ਜ਼ਿਲਾ ਪੱਧਰੀ ਨਾਮ ਚਰਚਾਵਾਂ ਕੀਤੀਆਂ ਹਨ।
ਡੇਰਾ ਸਿਰਸਾ ਹੁਣ ਐਤਵਾਰ ਨੂੰ ਕਈ ਜ਼ਿਲਿਆਂ ਵਿਚ ਜ਼ਿਲਾ ਪੱਧਰੀ ਨਾਮ ਚਰਚਾਵਾਂ ਕਰ ਰਿਹਾ ਹੈ। ਬਠਿੰਡਾ ਜ਼ਿਲੇ ਦੀ ਨਾਮ ਚਰਚਾ ਇੱਥੋਂ ਦੇ ਮਲੋਟ ਰੋਡ ਵਾਲੇ ਨਾਮ ਚਰਚਾ ਘਰ ਵਿਚ ਹੋਣੀ ਹੈ। ਐਤਵਾਰ ਨੂੰ ਹੀ ਮੋਗਾ, ਬਰਨਾਲਾ, ਸੁਨਾਮ, ਧੂਰੀ ਅਤੇ ਪਟਿਆਲਾ ਦੇ ਨਾਮ ਚਰਚਾ ਘਰਾਂ ਵਿਚ ਵੀ ਨਾਮ ਚਰਚਾ ਹੋਣੀ ਹੈ। ਭੰਗੀਦਾਸਾਂ ਦੀ ਡਿਊਟੀ ਲਾਈ ਗਈ ਹੈ ਅਤੇ ਪੈਰੋਕਾਰਾਂ ਨੂੰ ਵਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ਪ੍ਰੋਗਰਾਮਾਂ ਵਿਚ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਆਗੂ ਵੀ ਪੁੱਜਣਗੇ। ਜੋ ਹੋਰ ਕਮੇਟੀਆਂ ਹਨ, ਉਨ੍ਹਾਂ ਦੇ ਨੁਮਾਇੰਦੇ ਵੀ ਪੁੱਜਣੇ ਹਨ। ਪਤਾ ਲੱਗਾ ਹੈ ਕਿ ਡੇਰਾ ਸਿਰਸਾ ਵੱਲੋਂ ਤਿੰਨ ਉੱਚ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਪੈਰੋਕਾਰਾਂ ਦੀ ਇੱਕਜੁਟਤਾ ਅਤੇ ਲਾਮਬੰਦੀ ਕੀਤੀ ਜਾਣੀ ਹੈ।