ਭਾਜਪਾ ਲੀਡਰਾਂ ਨੇ ਮੀਟਿੰਗ 'ਚੋਂ ਬਾਹਰ ਕੀਤੇ ਅਕਾਲੀ!
Tuesday, Apr 16, 2019 - 06:57 PM (IST)

ਬਠਿੰਡਾ (ਅਮਿਤ) : ਅਕਾਲੀ-ਭਾਜਪਾ ਗਠਜੋੜ ਦੇ ਨਹੁੰ-ਮਾਸ ਵਾਲੇ ਰਿਸ਼ਤੇ 'ਚ ਉਸ ਵੇਲੇ ਦਰਾਰ ਨਜ਼ਰ ਆਈ ਜਦੋਂ ਬਠਿੰਡਾ ਵਿਚ ਮੀਟਿੰਗ ਦੌਰਾਨ ਭਾਜਪਾ ਲੀਡਰਾਂ ਨੇ ਅਕਾਲੀ ਆਗੂਆਂ ਨੂੰ ਮੀਟਿੰਗ ਹਾਲ 'ਚੋਂ ਇਹ ਆਖ ਕੇ ਬਾਹਰ ਚਲੇ ਜਾਣ ਲਈ ਆਖ ਦਿੱਤਾ ਕਿ ਇਹ ਅਕਾਲੀ ਦਲ ਨਹੀਂ ਸਗੋਂ ਭਾਜਪਾ ਦੀ ਮੀਟਿੰਗ ਹੈ। ਭਾਜਪਾ ਆਗੂਆਂ ਵਲੋਂ ਇਹ ਆਖਣ 'ਤੇ ਨਿਰਾਸ਼ ਅਕਾਲੀ ਵਰਕਰ ਮੀਟਿੰਗ ਹਾਲ 'ਚੋਂ ਬਾਹਰ ਚਲੇ ਗਏ। ਮਾਮਲਾ ਭੱਖਦਾ ਦੇਖ ਭਾਜਪਾ ਆਗੂਆਂ ਨੇ ਇਸ ਹਰਕਤ ਲਈ ਅਕਾਲੀ ਵਰਕਰਾਂ ਤੋਂ ਬਾਅਦ ਵਿਚ ਮੁਆਫੀ ਮੰਗ ਲਈ।
ਇਸ ਸੰਬੰਧੀ ਜਦੋਂ ਹਰਸਿਮਰਤ ਕੌਰ ਬਾਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ 'ਤੇ ਜ਼ਿਆਦਾ ਕੁਝ ਤਾਂ ਨਹੀਂ ਬੋਲੇ ਪਰ ਉਨਾਂ ਨੇ ਮੀਡੀਆ ਅੱਗੇ ਹੀ ਭਾਜਪਾ ਲੀਡਰਾਂ ਤੋਂ ਸਪੱਸ਼ਟੀਕਰਨ ਜ਼ਰੂਰ ਮੰਗ ਲਿਆ। ਇਹ ਗਲਤੀ ਸੀ ਜਾਂ ਜਾਣ-ਬੁੱਝ ਕੇ ਕੀਤੀ ਗਈ ਹਰਕਤ, ਭਾਵੇਂ ਕੁਝ ਵੀ ਹੋਵੇ ਪਰ ਅਜਿਹੇ ਮਾਮਲੇ ਚੋਣਾਂ ਦੇ ਮੌਸਮ 'ਚ ਦੋਵਾਂ ਪਾਰਟੀਆਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ।