ਪਹਿਲੀ ਵਾਰ ਲੋਕ ਸਭਾ ਚੋਣਾਂ ''ਚ ਨਿੱਤਰੇ ਰਾਜਾ ਵੜਿੰਗ, ਜਾਣੋ ਕੀ ਹੈ ਪਿਛੋਕੜ
Sunday, Apr 21, 2019 - 06:36 PM (IST)

ਜਲੰਧਰ/ਬਠਿੰਡਾ (ਗੁਰਮਿੰਦਰ ਸਿੰਘ) : ਅਕਾਲੀ ਉਮੀਦਵਾਰ ਦੀ ਕਈ ਦਿਨਾਂ ਤੋਂ ਉਡੀਕ ਕਰਨ ਤੋਂ ਬਾਅਦ ਆਖਿਰਕਾਰ ਬਠਿੰਡਾ ਤੋਂ ਕਾਂਗਰਸ ਨੇ ਤੇਜ਼-ਤਰਾਰ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂ ਦਾ ਐਲਾਨ ਕਰ ਦਿੱਤਾ। ਰਾਜਾ ਵੜਿੰਗ ਦਾ ਮੁੱਖ ਮਕਾਬਲਾ ਅਕਾਲੀ ਦਲ ਦੀ ਲੀਡਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਮੰਨਿਆ ਜਾ ਰਿਹਾ ਹੈ ਪਰ ਪੀ. ਡੀ. ਏ. ਵਲੋਂ ਸੁਖਪਾਲ ਸਿੰਘ ਖਹਿਰਾ ਵੀ ਮੈਦਾਨ ਵਿਚ ਹਨ, ਅਜਿਹੇ 'ਚ ਬਠਿੰਡਾ ਸੀਟ 'ਤੇ ਸਮੀਕਰਨ ਬਦਲਣਾ ਲਗਭਗ ਤੈਅ ਹੈ। ਅਕਾਲੀ ਦਲ ਵਲੋਂ ਪਿਛਲੇ ਕਈ ਦਿਨਾਂ ਤੋਂ ਅੰਦਰਖਾਤੇ ਬਠਿੰਡਾ 'ਚ ਚੋਣ ਸਰਗਰਮੀਆਂ ਵਿੱਢੀਆਂ ਹੋਈਆਂ ਹਨ ਅਤੇ ਹਰਸਿਮਰਤ ਦਾ ਨਾਂ ਲਗਭਗ ਤੈਅ ਹੀ ਮੰਨਿਆ ਜਾ ਰਿਹਾ ਹੈ, ਜਿਸ ਦਾ ਰਸਮੀ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ।
ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿਛੋਕੜ
ਰਾਜਾ ਵੜਿੰਗ ਦਾ ਜਨਮ 29 ਨਵੰਬਰ, 1977 ਨੂੰ ਪਿਤਾ ਕੁਲਦੀਪ ਸਿੰਘ ਦੇ ਘਰ ਮਾਤਾ ਮਲਕੀਤ ਕੌਰ ਬਰਾੜ ਦੀ ਕੁੱਖੋਂ ਪਿੰਡ ਵੜਿੰਗ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਅਮਰਿੰਦਰ ਸਿੰਘ ਜਿਨ੍ਹਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਮੇਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਪੈਂਦੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ਰਾਜਾ ਵੜਿੰਗ ਨੇ ਪਹਿਲੀ ਚੋਣ 2012 'ਚ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਤੋਂ ਕਾਂਗਰਸ ਦੀ ਟਿਕਟ 'ਤੇ ਲੜੀ ਸੀ। ਜਿਸ ਵਿਚ ਉਹ ਅਕਾਲੀ ਦਲ ਦੇ ਸੰਤ ਸਿੰਘ ਬਰਾੜ ਅਤੇ ਪੀ. ਪੀ. ਪੀ. ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੂੰ ਹਰਾ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਮੁੜ ਰਾਜਾ ਵੜਿੰਗ ਨੂੰ ਗਿੱਦੜਬਾਹਾ ਤੋਂ ਚੋਣ ਮੈਦਾਨ ਵਿਚ ਉਤਾਰਿਆ ਅਤੇ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ 16212 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਇਸ ਤੋਂ ਇਲਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ ਅਤੇ ਉਹ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਕਰੀਬੀਆਂ 'ਚੋਂ ਮੰਨੇ ਜਾਂਦੇ ਹਨ।