ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਟਕਸਾਲੀਆਂ ਨੇ ਪੈਰ ਖਿੱਚੇ ਪਛਾਂਹ (ਵੀਡੀਓ)

Sunday, Mar 17, 2019 - 06:23 PM (IST)

ਲੁਧਿਆਣਾ  : ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਗੱਠਜੋੜ ਦੀ ਗੱਲਬਾਤ ਲਗਭਗ ਖਤਮ ਹੋ ਗਈ ਹੈ। ਇਸ ਦਾ ਖੁਲਾਸਾ ਖੁਦ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸੇਵਾ ਸਿੰਘ ਸੇਖਵਾਂ ਨੇ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਧਿਰ ਨਾਲ ਗਠਜੋੜ ਹੋਵੇ ਜਾਂ ਨਾ ਹੋਵੇ ਪਰ ਬੀਰ ਦਵਿੰਦਰ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਰਹਿਣਗੇ। ਇਸ ਦੇ ਨਾਲ ਹੀ ਇਹ ਸਾਫ ਹੋ ਗਿਆ ਹੈ ਕਿ ਹੁਣ ਅਕਾਲੀ ਦਲ ਟਕਸਾਲੀ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਨਹੀਂ ਹੋਵੇਗਾ। 
ਅੱਗੇ ਬੋਲਦੇ ਹੋਏ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਹੁਣ ਅਕਾਲੀ ਦਲ ਟਕਸਾਲੀ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਖਡੂਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਮੈਦਾਨ ਵਿਚ ਉਤਾਰ ਦਿੱਤੇ ਗਏ ਹਨ ਅਤੇ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਜਲਦ ਹੀ ਮੀਟਿੰਗ ਕਰਕੇ ਇਸ ਗੱਲ ਦਾ ਐਲਾਨ ਕਰਨਗੇ ਕਿ ਹੋਰ ਕਿਹੜੀਆਂ ਸੀਟਾਂ 'ਤੇ ਪਾਰਟੀ ਚੋਣ ਲੜੇਗੀ। ਇਸ ਦੇ ਨਾਲ ਹੀ ਸੇਖਵਾਂ ਨੇ ਸਾਫ ਕੀਤਾ ਕਿ ਅਕਾਲੀ ਦਲ ਟਕਸਾਲੀ ਲੋਕ ਸਭਾ ਚੋਣਾਂ 'ਚ ਡੇਰਿਆਂ ਤੋਂ ਸਮਰਥਨ ਨਹੀਂ ਲਵੇਗਾ।


Gurminder Singh

Content Editor

Related News