ਨੀਟੂ ਸ਼ਟਰਾਂ ਵਾਲੇ ਤੋਂ ਬਾਅਦ ਇਕ ਹੋਰ ਪਾਰਟੀ ਨੇ EVM ਮਸ਼ੀਨਾਂ 'ਤੇ ਚੁੱਕੇ ਸਵਾਲ
Saturday, May 25, 2019 - 04:38 PM (IST)

ਫਰੀਦਕੋਟ (ਜਗਤਾਰ)— ਲੋਕ ਸਭਾ ਦੀਆਂ ਚੋਣਾਂ ਦੌਰਾਨ ਈ. ਵੀ. ਐੱਮ. ਮਸ਼ੀਨਾਂ ਨਾਲ ਛੇੜਛਾੜ ਹੋਣਾ ਤਕਰੀਬਨ ਆਮ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਆ ਰਹੀਆਂ ਹਨ। ਜਲੰਧਰ ਦੇ ਨੀਟੂ ਸ਼ਟਰਾਂ ਵਾਲੇ ਵੱਲੋਂ ਈ.ਵੀ.ਐੱਮ. ਮਸ਼ੀਨਾਂ ਨਾਲ ਛੇੜਛਾੜ ਕਰਨ ਦੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਹੁਣ ਲੋਕ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ ਸਿੰਘ ਸਫਰੀ ਨੇ ਫਰੀਦਕੋਟ ਲੋਕ ਸਭਾ ਹਲਕੇ 'ਚ ਈ. ਵੀ, ਐੱਮ. ਮਸ਼ੀਨਾਂ 'ਚ ਘਪਲੇਬਾਜ਼ੀ ਹੋਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਕਿਸੇ ਉਮੀਦਵਾਰ ਨੂੰ ਉਨ੍ਹਾਂ ਦੇ ਪਰਿਵਾਰ ਦੀਆਂ ਵੋਟਾਂ ਹੀ ਨਾ ਪੈਣੀਆਂ ਸਿੱਧੇ ਤੌਰ 'ਤੇ ਈ. ਵੀ. ਐੱਮ. ਮਸ਼ੀਨਾਂ ਨਾਲ ਗੜਬੜੀ ਕਰਨ ਦੀ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਓਧਰ ਵੋਟਾਂ ਪਾਉਣ ਵਾਲੇ ਲੋਕਾਂ ਨੇ ਖੁਦ ਮੀਡੀਆ ਸਾਹਮਣੇ ਆ ਕੇ ਵੋਟਾਂ ਪਾਉਣ ਦੀ ਗੱਲ ਕਹੀ ਅਤੇ ਫਿਰ ਵੀ ਵੋਟਾਂ ਨਾ ਨਿਕਲਣਾ ਕਿਤੇ ਨਾ ਕਿਤੇ ਵੋਟਾਂ ਪਾਉਣ ਸਮੇਂ ਹੋਈ ਘਪਲੇਬਾਜੀ ਦੀ ਸਿਧੇ ਤੌਰ 'ਤੇ ਸਰਕਾਰਾਂ ਦੇ ਜ਼ੋਰ 'ਤੇ ਹੋਣ ਦੀ ਉਂਗਲ ਉੱਠਦੀ ਨਜ਼ਰ ਆ ਰਹੀ ਹੈ।ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਨ ਸਮੇਂ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਟਰੈਕਟਰ ਚੋਣ ਨਿਸ਼ਾਨ 'ਤੇ ਮੋਰਾਂ ਲਗਾਈਆਂ ਹਨ ਪਰ ਸਾਡੇ ਬੂਥਾਂ 'ਤੇ ਸਾਡੇ ਉਮੀਦਵਾਰ ਨੂੰ ਸਾਡੀਆਂ ਵੋਟਾਂ ਨਾ ਪੈਣੀਆਂ ਹੈਰਾਨੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਮਸ਼ੀਨਾਂ ਨਾਲ ਛੇੜਛਾੜ ਕੀਤੀ ਹੈ ਸਾਡੀ ਮੰਗ ਹੈ ਇਸ ਦੀ ਜਾਂਚ ਕੀਤੀ ਜਾਵੇ।
ਇਸ ਮੌਕੇ ਲੋਕ ਜਨ ਸ਼ਕਤੀ ਪਾਰਟੀ ਸੈਕੂਲਰ ਦੇ ਪੰਜਾਬ ਪ੍ਰਧਾਨ ਪ੍ਰੇਮ ਸਿੰਘ ਸਫਰੀ ਨੇ ਕਿਹਾ ਕਿ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਨ੍ਹਾਂ ਦੀ ਪਤਨੀ ਉਮੀਦਵਾਰ ਵਜੋ ਖੜੀ ਸੀ। ਉਨ੍ਹਾਂ ਕਿਹਾ ਕਿ ਉਸ ਦਾ ਚੋਣ ਨਿਸ਼ਾਨ ਟਰੈਕਟਰ ਸੀ ਪਰ ਜਦੋਂ ਉਸ ਨੂੰ ਉਸ ਦੇ ਰਿਸ਼ਤੇਦਾਰਾਂ, ਆਪਣਿਆਂ ਅਤੇ ਖਾਸ ਵੋਟਰਾਂ ਬਾਰੇ ਬੂਥਾਂ ਤੋਂ ਵੋਟਾਂ ਨਾ ਪੈਣ ਬਾਰੇ ਪੱਤਾ ਲੱਗਾ ਤਾਂ ਉਸ ਦੇ ਸਮਰੱਥਕ ਸਹੁੰ ਖਾਣ ਦੀ ਗੱਲ ਕਰਨ ਲੱਗੇ। ਉਨ੍ਹਾਂ ਮੀਡੀਆ ਸਾਹਮਣੇ ਆ ਕੇ ਆਪਣਾ ਵੋਟ ਦਾ ਇਸਤੇਮਾਲ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਮਸ਼ੀਨਾਂ ਰਾਹੀਂ ਉਨ੍ਹਾਂ ਦੇ ਹੱਕਾਂ ਦਾ ਘਾਣ ਕੀਤਾ ਹੈ। ਸਫਰੀ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਤਾਂ ਪਾਈਆਂ ਸਨ ਸਗੋਂ ਉਨ੍ਹਾਂ ਨੂੰ ਚੋਣ ਖਰਚੇ ਲਈ ਫੰਡ ਵੀ ਦਿੱਤ ਸੀ। ਉਨ੍ਹਾਂ ਕਿਹਾ ਕਿ ਉਹ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਹਨ ਕਿ ਇਸ ਦੀ ਜਾਂਚ ਕਰਕੇ ਇਨਸਾਫ ਦਿਵਾਇਆ ਜਾਵੇ।