ਸ੍ਰੀ ਆਨੰਦਪੁਰ ਸਾਹਿਬ ਹਲਕੇ ਲਈ ਉਮੀਦਵਾਰ ''ਤੇ ਵਿਸ਼ਲੇਸ਼ਣ ਕਰ ਰਹੀ ਹੈ ਕਾਂਗਰਸ
Sunday, Apr 07, 2019 - 04:47 PM (IST)
ਨੂਰਪੁਰ ਬੇਦੀ (ਕੁਲਦੀਪ)— ਸ੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਜਿੱਥੇ ਬਾਕੀ ਰਾਜਨੀਤਕ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕੇ ਚੋਣ ਮੁਹਿੰਮ ਨੂੰ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਇਸ ਸੀਟ ਨੂੰ ਲੈ ਕੇ ਹਿੰਦੂ ਸਿੱਖ ਉਮੀਦਵਾਰ ਨੂੰ ਲੈ ਕੇ ਸ਼ਸ਼ੋਪੰਜ 'ਚ ਹੈ। ਇਸ ਸੀਟ 'ਤੇ ਕਾਂਗਰਸ ਦੇ ਚਾਰ ਮੁੱਖ ਦਾਅਵੇਦਾਰ ਹਨ, ਜਿਨ੍ਹਾਂ 'ਚ ਸਾਬਕਾ ਕੇਂਦਰੀ ਮੰਤਰੀ ਮੁਨੀਸ਼ ਤਿਵਾੜੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਕਮਲਪ੍ਰੀਤ ਸਿੰਘ ਲਾਲੀ, ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਤੇ ਸਲਾਹਕਾਰ ਸੰਦੀਪ ਸੰਧੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਨਾਮ ਵੀ ਸੁਣਨ ਨੂੰ ਮਿਲ ਰਿਹਾ ਹੈ। ਇਸ ਹਲਕੇ ਤੋਂ ਪਹਿਲਾਂ ਚੋਣ ਲੜ ਚੁੱਕੀ ਕਾਂਗਰਸ ਦੀ ਸੀਨੀਅਰ ਆਗੂ ਮੈਡਮ ਅੰਬਿਕਾ ਸੋਨੀ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਨੂੰ ਚੋਣ ਲੜਾਉਣ ਦੀ ਇੱਛੁਕ ਹੈ। ਇਸ ਸਬੰਧੀ ਉਨ੍ਹਾਂ ਨੇ ਹਾਈ ਕਮਾਂਡ ਨੂੰ ਆਪਣੀ ਲਿਖਤੀ ਤੌਰ 'ਤੇ ਵੀ ਰਾਏ ਦੇ ਦਿੱਤੀ ਹੈ।
ਮੁਨੀਸ਼ ਤਿਵਾੜੀ ਨੂੰ ਕੈਪਟਨ ਦੇ ਨਾਲ-ਨਾਲ ਹਾਈ ਕਮਾਂਡ ਦੇ ਕੁਝ ਸੀਨੀਅਰ ਸਾਬਕਾ ਮੰਤਰੀਆਂ ਦਾ ਵੀ ਸਮਰਥਨ ਪ੍ਰਾਪਤ ਹੈ। ਕੈਪਟਨ ਸੰਦੀਪ ਸੰਧੂ ਨੇ ਆਪਣੇ ਨਾਮ ਅਪਲਾਈ ਕਰਕੇ ਇਹ ਗੱਲ ਹੁਣ ਕਾਂਗਰਸ ਹਾਈ ਕਮਾਂਡ 'ਤੇ ਛੱਡ ਦਿੱਤੀ ਹੈ। ਜੇਕਰ ਕਾਂਗਰਸ ਹਾਈ ਕਮਾਂਡ ਦਾ ਕਿਸੇ ਹਿੰਦੂ ਚਿਹਰੇ ਨੂੰ ਚੋਣ ਲੜਾਉਣ ਦਾ ਮੂਡ ਨਹੀਂ ਬਣਦਾ ਤਾਂ ਉਹ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਨਿਰਾਸ਼ ਡਾ. ਨਵਜੋਤ ਕੌਰ ਸਿੱਧੂ ਨੂੰ ਵੀ ਚੋਣ ਲੜਾ ਸਕਦੀ ਹੈ। ਤਾਜ਼ਾ ਸੂਤਰਾਂ ਅਨੁਸਾਰ ਹਿੰਦੂ ਸਿੱਖ ਚੱਕਰਾਂ 'ਚ ਪਈ ਕਾਂਗਰਸ ਹਾਈ ਕਮਾਂਡ ਉਮੀਦਵਾਰ ਐਲਾਨਣ ਲਈ ਹਾਲੇ ਹੋਰ ਕੁਝ ਦਿਨ ਲਗਾ ਸਕਦੀ ਹੈ, ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਆਪਣੇ ਉਮੀਦਵਾਰਾਂ ਦੀ ਮੁਹਿੰਮ ਨੂੰ ਲੈ ਕੇ ਪੱਬਾਂ ਭਾਰ ਹੋਈ ਬੈਠੇ ਹਨ, ਉਥੇ ਹੀ ਕਾਂਗਰਸ ਦੇ ਵਰਕਰ ਅਤੇ ਆਗੂ ਉਮੀਦਵਾਰ ਦੇ ਐਲਾਨ ਦੀ ਉਡੀਕ ਕਰ ਰਹੇ ਨਿਰਾਸ਼ ਬੈਠੇ ਹਨ।