ਲੋਕ ਸਭਾ ਚੋਣਾਂ 2019 : ਸੂਬੇ ''ਚ 215 ਪੈਰਾਮਿਲਟਰੀ ਕੰਪਨੀਆਂ ਸਣੇ 1 ਲੱਖ ਪੁਲਸ ਮੁਲਾਜ਼ਮ ਤਾਇਨਾਤ

05/19/2019 1:01:53 AM

ਚੰਡੀਗੜ੍ਹ,(ਭੁੱਲਰ) : ਦੇਸ਼ ਦੀਆਂ ਲੋਕਸਭਾ ਚੋਣਾਂ ਦੇ ਆਖਰੀ ਪੜਾਅ 'ਚ ਪੰਜਾਬ 'ਚ 13 ਲੋਕਸਭਾ ਹਲਕਿਆਂ ਲਈ 19 ਮਈ ਨੂੰ ਪੈਣ ਵਾਲੀਆਂ ਵੋਟਾਂ 'ਚ ਰਾਜ ਦੇ 2,07,81,211 ਵੋਟਰ 278 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਕਰਨਗੇ। ਇਨ੍ਹਾਂ ਵੋਟਰਾਂ 'ਚ ਪੁਰਸ਼ ਵੋਟਰ 1,09,50,735, ਮਹਿਲਾ ਵੋਟਰ 9,82,916 ਤੇ ਥਰਡ ਜੈਂਡਰ ਦੇ 560 ਵੋਟਰ ਹਨ। ਇਨ੍ਹਾਂ 'ਚੋਂ 3,94,780 ਵੋਟਰ ਪਹਿਲੀ ਵਾਰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜ਼ਿਕਰਯੋਗ ਹੈ ਕਿ ਚੋਣ ਲੜ ਰਹੇ ਕੁੱਲ 278 ਉਮੀਦਵਾਰਾਂ 'ਚ 24 ਮਹਿਲਾ ਉਮੀਦਵਾਰ ਚੋਣ ਮੈਦਾਨ 'ਚ ਹਨ। ਵੋਟਾਂ ਪੈਣ ਤੋਂ ਪਹਿਲਾਂ ਅੱਜ ਰਾਜ 'ਚ ਵੋਟਿੰਗ ਮਸ਼ੀਨਾਂ ਤੇ ਹੋਰ ਚੋਣ ਸਮੱਗਰੀ ਲੈ ਕੇ ਚੋਣ ਅਮਲਾ ਪੋਲਿੰਗ ਸਟੇਸ਼ਨਾਂ 'ਤੇ ਪਹੁੰਚਿਆ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣੀਆਂ ਹਨ। ਚੋਣ ਅਮਲ ਨੂੰ ਨੇਪਰੇ ਚਾੜਨ ਲਈ 1.25 ਲੱਖ ਮੁਲਾਜ਼ਮ ਡਿਊਟੀ 'ਤੇ ਬੁਲਾਏ ਗਏ ਹਨ, ਜਦਕਿ ਪੰਜਾਬ ਪੁਲਸ ਦੇ 1 ਲੱਖ ਮੁਲਾਜ਼ਮਾਂ ਤੋਂ ਇਲਾਵਾ ਪੈਰਾਮਿਲਟਰੀ ਫੋਰਸ ਦੀਆਂ 215 ਕੰਪਨੀਆਂ ਅਮਨ ਕਾਨੂੰਨ ਕਾਇਮ ਰੱਖਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਕੁੱਲ 23,213 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਇਨ੍ਹਾਂ 'ਚ 719 ਸੰਵੇਦਨਸ਼ੀਲ ਤੇ 509 ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ।

ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਮੁਤਾਬਕ ਜਿਹੜੇ ਵੋਟਰ 6 ਵਜੇ ਤੱਕ ਲਾਇਨ 'ਚ ਲੱਗੇ ਹੋਣਗੇ, ਉਨ੍ਹਾਂ ਦੀਆਂ ਵੋਟਾਂ ਦਾ ਭੁਗਤਾਨ 6 ਵਜੇ ਤੋਂ ਬਾਅਦ ਵੀ ਕਰਵਾਇਆ ਜਾਵੇਗਾ। ਪੰਜਾਬ 'ਚ ਮੁੱਖ ਤੌਰ 'ਤੇ ਕਾਂਗਰਸ, ਅਕਾਲੀ-ਭਾਜਪਾ ਗਠਜੋੜ, ਆਮ ਆਦਮੀ ਪਾਰਟੀ ਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰਾਂ 'ਚ ਮੁੱਖ ਤੌਰ 'ਤੇ ਮੁਕਾਬਲਾ ਹੈ। ਕੁੱਝ ਸੀਟਾਂ 'ਤੇ ਭਾਵੇਂ ਤ੍ਰਿਕੋਣੀ ਮੁਕਾਬਲੇ ਹਨ ਪਰ ਜ਼ਿਆਦਾਤਰ ਸੀਟਾਂ 'ਤੇ ਕਾਂਗਰਸ ਤੇ ਅਕਾਲੀ-ਭਾਜਪਾ ਗਠਜੋੜ ਵਿਚਕਾਰ ਸਿੱਧੀ ਟੱਕਰ ਹੈ। ਹੌਟ ਸੀਟਾਂ 'ਚ ਬਠਿੰਡਾ, ਗੁਰਦਾਸਪੁਰ, ਫਿਰੋਜ਼ਪੁਰ, ਸੰਗਰੂਰ ਤੇ ਪਟਿਆਲਾ 'ਚ ਕਈ ਦਿੱਗਜ ਸਿਆਸੀ ਚਿਹਰਿਆਂ ਦਾ ਭਵਿੱਖ ਦਾਅ 'ਤੇ ਲੱਗਿਆ ਹੋਇਆ ਹੈ। ਜਿਥੇ ਅਕਾਲੀ ਦਲ ਲਈ ਬਠਿੰਡਾ ਤੇ ਫਿਰੋਜ਼ਪੁਰ ਸੀਟਾਂ ਇੱਜ਼ਤ ਦਾ ਸਵਾਲ ਬਣਿਆ ਹੋਇਆ ਹੈ ਤੇ ਕਾਂਗਰਸ ਲਈ ਗੁਰਦਾਸਪੁਰ ਤੇ ਪਟਿਆਲਾ ਸੀਟਾਂ ਹਰ ਹਾਲਤ 'ਚ ਜਿੱਤਣ ਦੀ ਵੱਡੀ ਚੁਣੌਤੀ ਹੈ। ਇਸੇ ਤਰ੍ਹਾਂ ਸੰਗਰੂਰ ਸੀਟ ਕਬਜ਼ੇ 'ਚ ਰੱਖਣੀ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਹੈ।

ਫਿਰੋਜ਼ਪੁਰ ਤੇ ਬਠਿੰਡਾ ਸੀਟਾਂ ਤੋਂ ਚੋਣ ਮੈਦਾਨ 'ਚ ਉਤਰੇ ਦਿੱਗਜ ਚਿਹਰਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਬਾਦਲ, ਗੁਰਦਾਸਪੁਰ ਤੋਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ, ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਅਤੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸ਼ਾਮਲ ਹਨ। ਪਟਿਆਲਾ ਹਲਕੇ ਤੋਂ ਡੈਮੋਕ੍ਰੇਟਿਕ ਅਲਾਇੰਸ ਦੇ ਡਾ. ਧਰਮਵੀਰ ਗਾਂਧੀ, ਲੁਧਿਆਣਾ ਤੋਂ ਸਿਮਰਜੀਤ ਸਿੰਘ ਬੈਂਸ ਅਤੇ ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ ਨੂੰ ਪੈਣ ਵਾਲੀਆਂ ਵੋਟਾਂ 'ਤੇ ਵੀ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਕਿਉਂਕਿ ਇਹ ਤਿੰਨੇ ਉਮੀਦਵਾਰਾਂ ਆਪਣੇ ਵਿਰੋਧੀਆਂ ਨੂੰ ਤਕੜੀ ਚੁਣੌਤੀ ਦੇ ਰਹੇ ਹਨ।


Related News