ਫੂਕ-ਫੂਕ ਕੇ ਕਦਮ ਰੱਖ ਰਹੀ ''ਆਪ'' ਲੁਧਿਆਣਾ ''ਚ ਨਵੇਂ ਚਿਹਰੇ ''ਤੇ ਖੇਡ ਸਕਦੀ ਦਾਅ

Friday, Apr 12, 2019 - 06:55 PM (IST)

ਫੂਕ-ਫੂਕ ਕੇ ਕਦਮ ਰੱਖ ਰਹੀ ''ਆਪ'' ਲੁਧਿਆਣਾ ''ਚ ਨਵੇਂ ਚਿਹਰੇ ''ਤੇ ਖੇਡ ਸਕਦੀ ਦਾਅ

ਲੁਧਿਆਣਾ : ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 11 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਆਮ ਆਦਮੀ ਪਾਰਟੀ ਇਸ ਵਾਰ ਲੁਧਿਆਣਾ ਵਿਚ ਨਵੇਂ ਚੇਹਰੇ 'ਤੇ ਦਾਅ ਖੇਡ ਸਕਦੀ ਹੈ। 2014 ਦੀਆਂ ਚੋਣਾਂ ਦੇ ਉਮੀਦਵਾਰ ਐੱਚ. ਐੱਸ. ਫੂਲਕਾ ਦੇ ਅਸਤੀਫ਼ੇ ਤੋਂ ਬਾਅਦ ਲੁਧਿਆਣਾ ਵਿਚ ਅਜੇ ਵੀ ਪਾਰਟੀ ਨੂੰ ਯੋਗ ਉਮੀਦਵਾਰ ਨਹੀਂ ਮਿਲ ਰਿਹਾ ਹੈ, ਜਿਸ ਕਾਰਨ 'ਆਪ' ਨਵੇਂ ਚੇਹਰੇ ਨੂੰ ਚੋਣ ਮੈਦਾਨ ਵਿਚ ਉਤਾਰੇਗੀ। ਇਸ ਲਈ ਪੈਨਲ ਵਿਚ ਚਾਰ ਨਾਂ ਸਭ ਤੋਂ ਮੋਹਰੀ ਹਨ, ਜਿਨ੍ਹਾਂ ਵਿਚ ਸੀਏ ਸੁਰੇਸ਼ ਗੋਇਲ, ਅਮਰਿੰਦਰ ਸਿੰਘ ਜੱਸੋਵਾਲ, ਡਾ. ਤੇਜਪਾਲ ਸਿੰਘ ਗਿੱਲ ਤੇ ਬੀਬੀ ਰਾਜਿੰਦਰਪਾਲ ਕੌਰ ਛੀਨਾ ਸ਼ਾਮਲ ਹਨ।
ਪਾਰਟੀ ਵਿਚ ਪਹਿਲਾਂ ਪੈਰਾਸ਼ੂਟ ਰਾਹੀਂ ਉਮੀਦਵਾਰ ਭੇਜਣ ਦੀ ਚਰਚਾ ਸੀ ਪਰ ਹੁਣ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ ਇਨ੍ਹਾਂ ਲੋਕ ਸਭਾ ਚੋਣਾਂ ਲਈ ਕਿਸੇ ਨਵੇਂ ਚੇਹਰੇ ਨੂੰ ਪਾਰਟੀ ਉਮੀਦਵਾਰ ਵਜੋਂ ਲੁਧਿਆਣਾ ਲੋਕ ਸਭਾ ਸੀਟ ਦੀ ਟਿਕਟ ਦੇ ਸਕਦੀ ਹੈ, ਜਿਨ੍ਹਾਂ ਵਿਚ ਸਭ ਤੋਂ ਮੋਹਰਲੀ ਕਤਾਰ ਵਿੱਚ ਸੀਏ ਸੁਰੇਸ਼ ਗੋਇਲ ਹਨ, ਪਾਰਟੀ ਇਨ੍ਹਾਂ ਦੇ ਨਾਂ 'ਤੇ ਇਸ ਲਈ ਸੋਚ ਵਿਚਾਰ ਕਰ ਰਹੀ ਹੈ ਕਿ ਗੋਇਲ ਸੀਏ ਹਨ ਤੇ ਆਪਣੇ ਪ੍ਰੋਫੈਸ਼ਨ ਕਰਕੇ ਉਨ੍ਹਾਂ ਦਾ ਲੁਧਿਆਣਾ ਦੇ ਲੋਕਾਂ ਨਾਲ ਰਾਬਤਾ ਹੈ। ਇਸ ਤੋਂ ਇਲਾਵਾ ਪਾਰਟੀ ਲੁਧਿਆਣਾ ਤੋਂ ਹਿੰਦੂ ਭਾਈਚਾਰੇ ਦੀ ਵੋਟ ਨੂੰ ਵੇਖਿਆ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਗੋਇਲ ਵਿਧਾਨ ਸਭਾ ਹਲਕਾ ਕੇਂਦਰੀ ਦੇ ਹਲਕਾ ਇੰਚਾਰਜ ਹਨ ਤੇ ਲੁਧਿਆਣਾ ਦੇ ਸ਼ਹਿਰੀ ਪ੍ਰਧਾਨ ਵੀ ਰਹਿ ਚੁੱਕੇ ਹਨ। 
ਇਸ ਤੋਂ ਇਲਾਵਾ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਜਗਦੇਵ ਸਿੰਘ ਜੱਸੋਵਾਲ ਦੇ ਪੋਤੇ ਅਮਰਿੰਦਰ ਸਿੰਘ ਜੱਸੋਵਾਲ ਦਾ ਨਾਂ ਵੀ ਟਿਕਟ ਲਈ ਸਾਹਮਣੇ ਆ ਰਿਹਾ ਹੈ। ਜੱਸੋਵਾਲ ਲੁਧਿਆਣਾ ਵਿਚ ਇਕ ਵਧੀਆ ਨਾਮ ਹੈ ਤੇ ਸੱਭਿਆਚਾਰ ਨਾਲ ਜੁੜੇ ਹੋਣ ਕਾਰਨ ਲੁਧਿਆਣਾ ਦੇ ਲੋਕ ਦੇ ਘਰਾਂ ਤੱਕ ਉਨ੍ਹਾਂ ਦੀ ਪਹੁੰਚ ਹੈ। ਮੌਜੂਦਾ ਸਮੇਂ ਵਿਚ ਅਮਰਿੰਦਰ ਸਿੰਘ ਜੱਸੋਵਾਲ ਲੁਧਿਆਣਾ ਦੇ ਯੂਥ ਵਿੰਗ ਦੇ ਪ੍ਰਧਾਨ ਹਨ। ਇਸ ਤੋਂ ਇਲਾਵਾ 'ਆਪ' ਇਸ ਸੀਟ ਮਹਿਲਾ ਉਮੀਦਵਾਰ ਨੂੰ ਉਤਾਰਨ ਦੀ ਵੀ ਵਿਚਾਰ ਵਿਚ ਹਨ, ਜਿਸ ਲਈ ਹਲਕਾ ਦੱਖਣੀ ਦੇ ਇੰਚਾਰਜ ਬੀਬੀ ਰਾਜਿੰਦਰਪਾਲ ਕੌਰ ਛੀਨਾ ਦਾ ਨਾਂ ਅੱਗੇ ਚੱਲ ਰਿਹਾ ਹੈ। ਛੀਨਾ ਇਸ ਤੋਂ ਪਹਿਲਾਂ ਮਾਲਵਾ ਜ਼ੋਨ-2 ਦੀ ਮੀਤ ਪ੍ਰਧਾਨ ਵੀ ਰਹਿ ਚੁੱਕੀ ਹੈ ਤੇ ਵਿਧਾਨ ਸਭਾ ਚੋਣਾਂ ਸਮੇਂ ਵੀ ਛੀਨਾ ਨੂੰ ਹਲਕਾ ਦੱਖਣੀ ਤੋਂ ਦਾਅਵੇਦਾਰ ਸੀ ਪਰ ਬਾਅਦ ਵਿਚ ਲੋਕ ਇਨਸਾਫ਼ ਪਾਰਟੀ ਨਾਲ ਗੱਠਜੋੜ ਹੋਣ ਕਾਰਨ ਇਹ ਸੀਟ ਬੈਂਸ ਭਰਾਵਾਂ ਕੋਲ ਚੱਲੀ ਗਈ ਸੀ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਵਿਸ਼ੇ ਵਿਚ ਪੀ. ਐੱਚ. ਡੀ. ਡਾ. ਤੇਜਪਾਲ ਸਿੰਘ ਗਿੱਲ ਦਾ ਨਾਂ ਵੀ ਚਰਚਾ ਵਿਚ ਹੈ।


author

Gurminder Singh

Content Editor

Related News