ਕਾਂਗਰਸ ਲਈ ਪ੍ਰਚਾਰ ਕਰਨਗੇ ਕੈਪਟਨ ਤੇ ਸਿੱਧੂ

03/26/2019 6:16:38 PM

ਚੰਡੀਗੜ੍ਹ : ਲੋਕ ਸਭਾ ਚੋਣਾਂ 'ਚ ਕਾਂਗਰਸ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਪਾਰਟੀ ਦੇ 40 ਸਟਾਰ ਪ੍ਰਚਾਰਕ ਯੂ. ਪੀ. ਵਿਚ ਹੋਣ ਵਾਲੀਆਂ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ ਵਿਚ ਪ੍ਰਚਾਰ ਕਰਨਗੇ। ਸੂਚੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ 12ਵੇਂ ਅਤੇ ਨਵਜੋਤ ਸਿੱਧੂ ਨੂੰ 21ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਕਾਂਗਰਸ ਨੇ ਜਿਨ੍ਹਾਂ ਸੂਬਿਆਂ ਵਿਚ ਚੋਣਾਂ ਜਿੱਤੀਆਂ ਸਨ, ਉਨ੍ਹਾਂ ਦੇ ਮੁੱਖ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਲਈ ਭੇਜਿਆ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਦੂਜੇ ਸੂਬਿਆਂ ਵਿਚ ਉਨ੍ਹਾਂ ਦੀ ਸਰਕਾਰ ਕੀ-ਕੀ ਚੰਗੇ ਕੰਮ ਕਰ ਰਹੀ ਹੈ। 
ਕੁਝ ਮਹੀਨੇ ਪਹਿਲਾਂ ਰਾਜਸਥਾਨ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਰਾਜਾ ਵੜਿੰਗ ਨੇ ਕਈ ਇਲਾਕਆਿਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ ਸੀ। ਰਾਜਸਥਾਨ ਵਿਚ ਜ਼ਿਆਦਾ ਜਨਸਭਾਵਾਂ ਨੂੰ ਸੰਬੋਧਨ ਕਰਨ ਦੇ ਚੱਲਦੇ ਸਿੱਧੂ ਦਾ ਗਲਾ ਵੀ ਖਰਾਬ ਹੋ ਗਿਆ ਸੀ ਅਤੇ ਉਦੋਂ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨਾਂ ਤਕ ਨਾ ਬੋਲਣ ਅਤੇ ਵੋਕਲ ਰੈਸਟ ਦੀ ਸਲਾਹ ਦਿੱਤੀ ਸੀ। 
ਸਿੱਧੂ ਸਾਬਕਾ ਕ੍ਰਿਕਟਰ ਹੋਣ ਦੇ ਨਾਲ-ਨਾਲ ਤੰਜ ਅਤੇ ਸ਼ਾਇਰੀ ਨੂੰ ਲੈ ਕੇ ਵੀ ਲੋਕਾਂ ਵਿਚ ਕਾਫੀ ਮਸ਼ਹੂਰ ਹਨ ਪਰ ਹਾਲ ਹੀ ਵਿਚ ਪੁਲਵਾਮਾ ਹਮਲੇ 'ਤੇ ਦਿੱਤੇ ਗਏ ਆਪਣੇ ਇਕ ਵਿਵਾਦਤ ਬਿਆਨ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਸਨ। ਫਿਲਹਾਲ ਅਜੇ ਇਨ੍ਹਾਂ ਲੀਡਰਾਂ ਦਾ ਪ੍ਰੋਗਰਾਮ ਤੈਅ ਕੀਤਾ ਜਾਵੇਗਾ ਕਿ ਕੌਣ ਕਿਸ ਲੋਕ ਸਭਾ ਹਲਕੇ ਵਿਚ ਜਾ ਕੇ ਚੋਣ ਪ੍ਰਚਾਰ ਕਰੇਗਾ।


Gurminder Singh

Content Editor

Related News