ਹਰਸਿਮਰਤ ਨੂੰ ਜਤਾਉਣ ਲਈ ਬਠਿੰਡਾ ਤੋਂ ਚੋਣ ਲੜ ਰਹੇ ਖਹਿਰਾ : ਬਲਜਿੰਦਰ ਕੌਰ
Wednesday, Mar 20, 2019 - 07:04 PM (IST)

ਤਲਵੰਡੀ ਸਾਬੋ (ਮੁਨੀਸ਼ ਗਰਗ) : ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਬਲਜਿੰਦਰ ਕੌਰ ਦਾ ਕਹਿਣਾ ਹੈ ਕਿ ਸੁਖਪਾਲ ਖਹਿਰਾ ਹਰਸਿਮਰਤ ਕੌਰ ਬਾਦਲ ਨੂੰ ਲੋਕ ਸਭਾ ਚੋਣਾਂ 'ਚ ਜਤਾਉਣ ਲਈ ਹੀ ਬਠਿੰਡਾ ਹਲਕੇ ਤੋਂ ਚੋਣ ਲੜ ਰਹੇ ਹਨ। ਬਲਜਿੰਦਰ ਕੌਰ ਮੁਤਾਬਿਕ ਲੋਕ ਖਹਿਰਾ ਨੂੰ ਵੋਟ ਪਾਉਣ ਦੀ ਬਜਾਏ ਕਿਸੇ ਪਾਰਟੀ ਨੂੰ ਵੋਟ ਪਾਉਣਾ ਜ਼ਿਆਦਾ ਪਸੰਦ ਕਰਣਗੇ। ਬਲਜਿੰਦਰ ਕੌਰ ਨੇ ਕਿਹਾ ਕਿ ਲੋਕ ਵੋਟਾਂ ਪਾਰਟੀ ਦੇ ਚੋਣ ਨਿਸ਼ਾਨ ਨੂੰ ਪਾਉਂਦੇ ਹਨ, ਬਿਨਾਂ ਪਾਰਟੀ ਤੋਂ ਚੋਣ ਲੜਣ ਵਾਲੇ ਦੀ ਕੋਈ ਕਦਰ ਨਹੀਂ ਹੁੰਦੀ।
ਮਹਿਲਾ ਵਿੰਗ ਦੀ ਪ੍ਰਧਾਨ ਨੇ ਇਹ ਵੀ ਸਾਫ ਕੀਤਾ ਹੈ ਕਿ ਆਮ ਆਦਮੀ ਪਾਰਟੀ ਚੋਣ ਜਿੱਤਣ ਲਈ ਡੇਰਿਆਂ 'ਤੇ ਮੱਥਾ ਨਹੀਂ ਟੇਕੇਗੀ। ਬਲਜਿੰਦਰ ਕੌਰ ਮੁਤਾਬਿਕ ਉਨ੍ਹਾਂ ਦੀ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਪਰ ਉਹ ਧਰਮ ਦੇ ਨਾਲ ਸਿਆਸਤ ਨੂੰ ਨਹੀਂ ਜੋੜਦੇ।
ਬਲਜਿੰਦਰ ਕੌਰ ਨੇ ਲੋਕ ਸਭਾ ਚੋਣਾਂ 'ਚ ਪਾਰਟੀ ਵੱਲੋ ਸਭ ਤੋਂ ਪਹਿਲਾਂ ਉਮੀਦਵਾਰ ਐਲਾਨਣ ਦਾ ਦਾਅਵਾ ਕੀਤਾ, ਉਥੇ ਹੀ ਰਹਿੰਦੇ ਉਮੀਦਵਾਰ ਸਮੇਤ ਬਠਿੰਡਾ ਸੀਟ ਦੇ ਉਮੀਦਵਾਰ ਦਾ ਐਲਾਨ ਆਉਣ ਵਾਲੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਣ ਦੀ ਸੰਭਾਵਨਾ ਜਿਤਾਈ ਹੈ।