ਪੰਜਾਬ 'ਚ ਵੋਟਰਾਂ ਦੇ ਮੂਡ ਨੇ ਉਡਾਈ ਉਮੀਦਵਾਰਾਂ ਦੀ ਨੀਂਦ

Tuesday, May 21, 2019 - 11:32 AM (IST)

ਪੰਜਾਬ 'ਚ ਵੋਟਰਾਂ ਦੇ ਮੂਡ ਨੇ ਉਡਾਈ ਉਮੀਦਵਾਰਾਂ ਦੀ ਨੀਂਦ

ਚੰਡੀਗੜ੍ਹ— ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧਾਈਆਂ ਹੋਈਆਂ ਹਨ ਪਰ ਜ਼ਿਆਦਾ ਨੀਂਦ ਉਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦੀ ਉਡੀ ਹੈ, ਜਿਥੇ ਵੋਟ ਫੀਸਦੀ ਵਿਚ ਗਿਰਾਵਟ ਵੇਖੀ ਗਈ ਹੈ। ਪੰਜਾਬ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਲਗਭਗ ਘੱਟ ਵੋਟਾਂ ਪੋਲ ਹੋਈਆਂ ਹਨ। ਪਿਛਲੀ ਵਾਰ 70.63 ਫੀਸਦੀ ਲੋਕਾਂ ਨੇ ਵੋਟ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ, ਜਦਕਿ ਚੋਣ ਕਮਿਸ਼ਨ ਦੇ ਡਾਟਾ ਅਨੁਸਾਰ ਇਸ ਵਾਰ 65.77 ਫੀਸਦੀ ਲੋਕਾਂ ਨੇ ਹੀ ਵੋਟ ਦੇ ਆਪਣੇ ਹੱਕ ਦੀ ਵਰਤੋਂ ਕੀਤੀ। ਹਾਲਾਂਕਿ ਇਸ ਵਾਰ ਵੋਟਰਾਂ ਦੀ ਗਿਣਤੀ ਵਿਚ ਕਾਫੀ ਚੰਗਾ ਵਾਧਾ ਹੋਇਆ ਹੈ ਅਤੇ ਪੰਜਾਬ ਵਿਚ 20892674 ਵੋਟ ਰਜਿਸਟਰਡ ਸਨ ਪਰ ਇਨ੍ਹਾਂ ਵਿਚੋਂ ਲਗਭਗ 1 ਕਰੋੜ 37 ਲੱਖ ਵੋਟਰਾਂ ਨੇ ਹੀ ਵੋਟ ਦੇ ਆਪਣੇ ਹੱਕ ਦੀ ਵਰਤੋਂ ਕੀਤੀ, ਜਦਕਿ ਪਿਛਲੀ ਵਾਰ ਇਹ ਅੰਕੜਾ ਇਕ ਕਰੋੜ 38 ਲੱਖ ਤੋਂ ਵੀ ਜ਼ਿਆਦਾ ਸੀ।
ਸਭ ਤੋਂ ਘੱਟ ਅੰਮ੍ਰਿਤਸਰ ਵਿਚ ਪੋਲਿੰਗ
ਅੰਮ੍ਰਿਤਸਰ ਵਿਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਘੱਟ ਪੋਲਿੰਗ ਹੋਈ ਹੈ। ਅੰਮ੍ਰਿਤਸਰ ਵਿਚ ਸਿਰਫ 55.35 ਫੀਸਦੀ ਲੋਕਾਂ ਨੇ ਵੋਟ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ। ਅੰਮ੍ਰਿਤਸਰ ਦੇ ਕੁਲ ਵੋਟਰਾਂ 1507875 ਦਾ ਜੇਕਰ ਫੀਸਦੀ ਦੇ ਲਿਹਾਜ ਨਾਲ ਹਿਸਾਬ ਲਾਇਆ ਜਾਵੇ ਤਾਂ ਇਸ ਵਾਰ ਲਗਭਗ 849647 ਵੋਟਰਾਂ ਨੇ ਵੋਟ ਪਾਈ। ਜਦਕਿ ਪਿਛਲੀ ਵਾਰ 1007286 ਲੋਕਾਂ ਨੇ ਵੋਟਾਂ ਦੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਸੀ। ਇਸ ਲਈ ਇਸ ਵਾਰ 157639 ਘੱਟ ਲੋਕਾਂ ਨੇ ਵੋਟ ਪਾਈ। ਲੋਕਾਂ ਦੀ ਘੱਟ ਗਿਣਤੀ ਵਿਚ ਵੋਟ ਪਾਉਣ ਲਈ ਉਤਰਨਾ ਹੀ ਇਸ ਸੀਟ ਦੇ ਉਮੀਦਵਾਰਾਂ ਦੀ ਨੀਂਦ ਉਡਾਉਣ ਲਈ ਕਾਫੀ ਹੈ। ਇਹੀ ਹਾਲਤ ਲੁਧਿਆਣਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਜਲੰਧਰ ਅਤੇ ਸੰਗਰੂਰ ਸੀਟਾਂ 'ਤੇ ਰਹੀ ਅਤੇ ਇਥੇ ਵੀ ਵੋਟਰਾਂ ਨੇ ਦਿਲਚਸਪੀ ਨਹੀਂ ਦਿਖਾਈ। ਹਾਲਾਂਕਿ ਜਗ ਬਾਣੀ ਨੇ ਘੱਟ ਵੋਟਿੰਗ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕਰਨ ਲਈ ਪੰਜਾਬ ਦੇ ਚੋਣ ਕਮਿਸ਼ਨਰ ਨਾਲ ਕਈ ਵਾਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਬਿਜ਼ੀ ਹੋਣ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਇਹ ਰਹੇ ਘੱਟ ਵੋਟਿੰਗ ਹੋਣ ਦੇ ਕਾਰਨ
1. ਗਰਮੀ ਕਾਰਨ ਵੋਟਰ ਦੁਪਹਿਰ ਦੇ ਸਮੇਂ ਬਾਹਰ ਨਹੀਂ ਨਿਕਲੇ।
2. ਦੋਵਾਂ ਦਲਾਂ ਪ੍ਰਤੀ ਨਾਰਾਜ਼ਗੀ ਕਾਰਨ ਕਈ ਸਥਾਨਾਂ 'ਤੇ ਵੋਟਾਂ ਨਹੀਂ ਪਈਆਂ।
3. ਡੇਰਾ ਬਿਆਸ ਵਿਚ ਭੰਡਾਰੇ ਕਾਰਨ ਵੀ ਵੋਟਰ ਬਿਜ਼ੀ ਰਹੇ।
4. ਕਈ ਸਥਾਨਾਂ 'ਤੇ ਵੋਟਰਾਂ ਦਾ ਐਡਰੈੱਸ ਬਦਲਣ ਕਾਰਨ ਵੋਟ ਬਦਲ ਗਈ।
5. ਕੁਝ ਲੋਕ ਵੀਕੈਂਡ ਮਨਾਉਣ ਸ਼ਨੀਵਾਰ ਨੂੰ ਹੀ ਛੁੱਟੀ 'ਤੇ ਚਲੇ ਗਏ ਸਨ।

ਸੀਟ ਕੁੱਲ ਵੋਟ ਵੋਟ ਫੀਸਦੀ ਵੋਟ ਪਏ 2014 'ਚ ਵੋਟ ਪਏ  ਫਰਕ
ਗੁਰਦਾਸਪੁਰ 1572781 69.51 1093298 1042748 +50550
ਅੰਮ੍ਰਿਤਸਰ 1500940 57.08 856665 1007286 -150621
ਖਡੂਰ ਸਾਹਿਬ 1625192 64.08 1040271 1040622 +351
ਜਲੰਧਰ 1615171 63.04 1018250 1040778 -22528
ਹੁਸ਼ਿਆਰਪੁਰ 1579618 62.15 981722 961562 +20160
ਆਨੰਦਪੁਰ ਸਾਹਿਬ 1689933 63.76 1077436 1087487 +10051
ਲੁਧਿਆਣਾ 1680953 62.16 1044823 1101967 -57144
ਫਤਿਹਗੜ੍ਹ ਸਾਹਿਬ 1497451 65.68 983594 1031030 -47436
ਫਰੀਦਕੋਟ 1535716 63.22 970811 1032345 -61534
ਫਿਰੋਜ਼ਪੁਰ 1613842 72.30 1166547 1105648 +60899
ਬਠਿੰਡਾ 1613616 74.10 1195726 1176977 +18749
ਸੰਗਰੂਰ 1521748 72.44 1102355 1100056 -2299
ਪਟਿਆਲਾ 1734245 67.77 1175360 1120990 +54370

 


author

satpal klair

Content Editor

Related News