ਲੋਕ ਸਭਾ ਚੋਣਾਂ ਦੌਰਾਨ ਆਗੂਆਂ ਤੇ ਉਮੀਦਵਾਰਾਂ ''ਚ ''ਵੀਡੀਓ ਰਿਕਾਰਡਿੰਗ'' ਦਾ ਖੌਫ

Friday, May 10, 2019 - 01:34 PM (IST)

ਲੋਕ ਸਭਾ ਚੋਣਾਂ ਦੌਰਾਨ ਆਗੂਆਂ ਤੇ ਉਮੀਦਵਾਰਾਂ ''ਚ ''ਵੀਡੀਓ ਰਿਕਾਰਡਿੰਗ'' ਦਾ ਖੌਫ

ਲੁਧਿਆਣਾ (ਹਿਤੇਸ਼) : ਆਮ ਤੌਰ 'ਤੇ ਚੋਣ ਪ੍ਰਚਾਰ ਜਾਂ ਸਿਆਸੀ ਸਰਗਰਮੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਫੇਸਬੁੱਕ ਲਾਈਵ ਦਾ ਸਹਾਰਾ ਲੈਣ ਵਾਲੇ ਆਗੂਆਂ ਅਤੇ ਉਮੀਦਵਾਰਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਇਸ ਤੋਂ ਡਰ ਸਤਾਉਣ ਲੱਗਾ ਹੈ। ਇਸ ਕਾਰਣ ਆਏ ਦਿਨ ਸਾਹਮਣੇ ਆ ਰਹੇ ਵਿਵਾਦਾਂ ਨੂੰ ਮੰਨਿਆ ਜਾ ਰਿਹਾ ਹੈ ਕਿਉਂਕਿ ਲੋਕ ਸਭਾ ਚੋਣਾਂ ਲਈ ਰੱਖੇ ਗਏ ਸਮਾਗਮਾਂ ਦੌਰਾਨ ਪੁੱਜਣ ਵਾਲੇ ਆਗੂਆਂ ਅਤੇ ਉਮੀਦਵਾਰਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਤਹਿਤ ਕਾਂਗਰਸ ਦੇ ਆਗੂਆਂ ਅਤੇ ਉਮੀਦਵਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਬਣਾਉਣ ਲਈ ਕੀਤੇ ਗਏ ਵਾਅਦੇ ਪੂਰੇ ਨਾ ਕਰਨ ਸਬੰਧੀ ਸਵਾਲ ਕੀਤੇ ਜਾ ਰਹੇ ਹਨ, ਜਦੋਂਕਿ ਅਕਾਲੀ ਦਲ ਦੇ ਆਗੂਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਇਲਾਵਾ ਬਰਗਾੜੀ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਲੈ ਕੇ ਕਾਲੀਆਂ ਝੰਡੀਆਂ ਤਕ ਦਿਖਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਜ਼ਿਆਦਾਤਰ ਲੋਕ ਫੇਸਬੁੱਕ 'ਤੇ ਲਾਈਵ ਹੋਣ ਤੋਂ ਇਲਾਵਾ ਵੀਡੀਓ ਰਿਕਾਰਡਿੰਗ ਕਰ ਰਹੇ ਹੁੰਦੇ ਹਨ ਤਾਂ ਕਿ ਬਾਅਦ ਵਿਚ ਉਸ ਨੂੰ ਜੰਮ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਜਾਂਦਾ ਹੈ, ਜਿਸ ਨਾਲ ਹੋ ਰਹੀ ਕਿਰਕਿਰੀ ਤੋਂ ਬਚਣ ਲਈ ਆਗੂਆਂ ਤੇ ਉਮੀਦਵਾਰਾਂ ਨੇ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਫੇਸਬੁੱਕ ਲਾਈਵ ਅਤੇ ਵੀਡੀਓ ਰਿਕਾਰਡਿੰਗ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਥੋਂ ਤਕ ਕਿ ਸਮਾਗਮਾਂ ਦੌਰਾਨ ਲੋਕਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਕਈ ਵਾਰ ਰੁਟੀਨ ਵਿਚ ਕਹੀ ਜਾਣ ਵਾਲੀ ਗੱਲ 'ਤੇ ਵੀ ਝਗੜਾ ਖੜ੍ਹਾ ਹੋ ਜਾਂਦਾ ਹੈ।
ਪੂਰੀ ਪਲਾਨਿੰਗ ਨਾਲ ਕੀਤਾ ਜਾਂਦਾ ਹੈ ਵਿਰੋਧ
ਲੋਕ ਸਭਾ ਚੋਣਾਂ ਦੌਰਾਨ ਪ੍ਰਚਾਰ ਲਈ ਪੁੱਜ ਰਹੇ ਆਗੂਆਂ ਅਤੇ ਉਮੀਦਵਾਰਾਂ ਨੂੰ ਸਵਾਲ ਜਾਂ ਵਿਰੋਧ ਕਰਨ ਵਾਲੇ ਲੋਕਾਂ ਵਲੋਂ ਪਹਿਲਾਂ ਪੂਰੀ ਪਲਾਨਿੰਗ ਕੀਤੀ ਜਾਂਦੀ ਹੈ। ਇਸ ਦੇ ਤਹਿਤ ਪਹਿਲਾਂ ਸਮਾਗਮ ਚਾਲੂ ਹੋਣ ਜਾਂ ਆਗੂਆਂ ਅਤੇ ਉਮੀਦਵਾਰਾਂ ਦੇ ਭਾਸ਼ਣ ਸ਼ੁਰੂ ਹੋਣ ਤਕ ਉਡੀਕ ਕੀਤੀ ਜਾਂਦੀ ਹੈ। ਉਸ ਦੌਰਾਨ ਖੜ੍ਹੇ ਹੋ ਕੇ ਇਹ ਲੋਕ ਵਿਰੋਧ ਕਰਨ ਲਗਦੇ ਹਨ ਅਤੇ ਫੇਸਬੁੱਕ ਲਾਈਵ ਅਤੇ ਵੀਡੀਓ ਰਿਕਾਰਡਿੰਗ ਵੀ ਆਨ ਰੱਖੀ ਜਾਂਦੀ ਹੈ ਤਾਂ ਕਿ ਕਿਸੇ ਤਰ੍ਹਾਂ ਦੀ ਤੂੰ-ਤੂੰ, ਮੈਂ-ਮੈਂ ਨੂੰ ਵੀ ਕੈਮਰੇ ਵਿਚ ਕੈਦ ਕੀਤਾ ਜਾ ਸਕੇ।
ਆਗੂਆਂ ਤੇ ਉਮੀਦਵਾਰਾਂ ਲਈ 'ਅੱਗੇ ਖੂਹ ਪਿੱਛੇ ਖਾਈ' ਵਾਲੇ ਹਾਲਾਤ
ਲੋਕ ਸਭਾ ਚੋਣਾਂ ਦੌਰਾਨ ਲੋਕਾਂ ਵਲੋਂ ਕੀਤੇ ਜਾ ਰਹੇ ਵਿਰੋਧ ਕਾਰਨ ਆਗੂਆਂ ਅਤੇ ਉਮੀਦਵਾਰਾਂ ਲਈ 'ਅੱਗੇ ਖੂਹ ਪਿੱਛੇ ਖਾਈ' ਵਾਲੇ ਹਾਲਾਤ ਪੈਦਾ ਹੋ ਗਏ ਹਨ ਕਿਉਂਕਿ ਇਸ ਦੌਰਾਨ ਉਹ ਨਾ ਤਾਂ ਵਿਰੋਧ ਕਰਨ ਵਾਲੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਹਾਲਾਤ ਵਿਚ ਹੁੰਦੇ ਹਨ ਅਤੇ ਨਾ ਹੀ ਸਮਾਗਮ ਦੀ ਸਪੀਚ ਵਿਚ ਛੱਡ ਕੇ ਬਾਹਰ ਜਾ ਸਕਦੇ ਹਨ।
ਕੁੱਟ-ਮਾਰ ਤਕ ਦੀ ਆ ਰਹੀ ਹੈ ਨੌਬਤ
 ਲੋਕ ਸਭਾ ਚੋਣਾਂ ਦੌਰਾਨ ਆਗੂਆਂ ਅਤੇ ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਲੋਕਾਂ ਨਾਲ ਕੁੱਟ-ਮਾਰ ਤਕ ਦੀ ਨੌਬਤ ਆ ਰਹੀ ਹੈ। ਇਥੋਂ ਤਕ ਕਿ ਵਿਰੋਧ ਕਰਨ ਵਾਲੇ ਲੋਕਾਂ ਦੀ ਆਗੂਆਂ ਅਤੇ ਉਮੀਦਵਾਰਾਂ ਦੇ ਹਮਾਇਤੀਆਂ ਨਾਲ ਗਾਲੀ ਗਲੋਚ ਅਤੇ ਹੱਥੋਪਾਈ ਹੋਣ ਤਕ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਹਾਲਾਤ ਨਾਲ ਨਜਿੱਠਣ ਲਈ ਪੁਲਸ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਠਿੰਡਾ ਹਲਕੇ ਦੇ ਹਨ ਸਭ ਤੋਂ ਵੱਧ ਕੇਸ
ਲੋਕ ਸਭਾ ਚੋਣਾਂ ਦੌਰਾਨ ਆਗੂਆਂ ਅਤੇ ਉਮੀਦਵਾਰਾਂ ਦਾ ਵਿਰੋਧ ਹੋਣ ਦੇ ਰੂਪ 'ਚ ਸਾਹਮਣੇ ਆ ਰਹੇ ਸਭ ਤੋਂ ਵੱਧ ਕੇਸ ਬਠਿੰਡਾ ਹਲਕੇ ਦੇ ਹਨ, ਜਿਸ ਦੇ ਘੇਰੇ ਵਿਚ ਸਾਰੀਆਂ ਪਾਰਟੀਆਂ ਦੇ ਆਗੂਆਂ ਅਤੇ ਉਮੀਦਵਾਰਾਂ ਨੂੰ ਲਿਆ ਜਾ ਰਿਹਾ ਹੈ ਅਤੇ ਇਹ ਆਗੂ ਅਤੇ ਉਮੀਦਵਾਰ ਆਪਣੇ ਵਿਰੋਧ ਲਈ ਇਕ-ਦੂਜੇ 'ਤੇ ਦੋਸ਼ ਲਾ ਰਹੇ ਹਨ।
 


author

Babita

Content Editor

Related News