ਪੰਜਾਬ ਡੈਮੋਕ੍ਰੇਟਿਕ ਫਰੰਟ ਵਲੋਂ ਲੋਕ ਸਭਾ ਚੋਣਾਂ ਲਈ 9 ਸੀਟਾਂ ਦਾ ਐਲਾਨ
Tuesday, Feb 26, 2019 - 07:00 PM (IST)

ਜਲੰਧਰ : ਪੰਜਾਬ ਡੈਮੋਕ੍ਰੇਟਿਕ ਫਰੰਟ ਵਲੋਂ ਆਗਾਮੀ ਲੋਕ ਸਭਾ ਚੋਣਾਂ ਲਈ 13 'ਚੋਂ 9 ਸੀਟਾਂ ਦੀ ਵੰਡ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਡੈਮੋਕ੍ਰੇਟਿਕ ਫਰੰਟ ਦੇ ਮੈਂਬਰ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਫਰੰਟ ਵਲੋਂ 13 'ਚੋਂ 9 ਸੀਟਾਂ ਦੀ ਵੰਡ ਦਾ ਫੈਸਲਾ ਲਿਆ ਗਿਆ ਹੈ। ਇਸ ਮੁਤਾਬਕ ਤਿੰਨ ਸੀਟਾਂ ਸ੍ਰੀ ਆਨੰਦਪੁਰ ਸਾਹਿਬ, ਹੁਸ਼ਿਆਰਪੁਰ ਅਤੇ ਜਲੰਧਰ ਬਹੁਜਨ ਸਮਾਜ ਪਾਰਟੀ ਨੂੰ ਦਿੱਤੀਆਂ ਗਈਆਂ ਹਨ। ਜਦਕਿ ਤਿੰਨ ਸੀਟਾਂ ਹੀ ਲੋਕ ਇਨਸਾਫ ਪਾਰਟੀ ਨੂੰ ਦਿੱਤੀਆਂ ਗਈਆਂ ਹਨ, ਇਹ ਸੀਟਾਂ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਸ਼ਾਮਲ ਹਨ। ਦੋ ਸੀਟਾਂ ਬਠਿੰਡਾ ਅਤੇ ਫਰੀਦਕੋਟ ਪੰਜਾਬ ਏਕਤਾ ਪਾਰਟੀ ਨੂੰ ਦਿੱਤੀਆਂ ਗਈਆਂ ਹਨ ਜਦਕਿ ਡਾਕਟਰ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਨੂੰ ਪਟਿਆਲਾ ਸੀਟ ਦਿੱਤੀ ਗਈ ਹੈ।
ਖਹਿਰਾ ਨੇ ਕਿਹਾ ਕਿ ਪੰਜਾਬ ਡੈਮੋਕ੍ਰੇਟਿਕ ਫਰੰਟ ਵਲੋਂ ਚਾਰ ਸੀਟਾਂ ਅਜੇ ਖਾਲੀ ਛੱਡੀਆਂ ਗਈਆਂ ਹਨ। ਜੇਕਰ ਕੋਈ ਹਮਖਿਆਲੀ ਧਿਰ ਜਿਹੜੀ ਪੰਜਾਬ ਨੂੰ ਕਾਂਗਰਸ ਅਤੇ ਅਕਾਲੀ ਦਲ ਤੋਂ ਮੁਕਤ ਕਰਨਾ ਚਾਹੁੰਦੀ ਹੈ ਤਾਂ ਉਹ ਫਰੰਟ ਦਾ ਹਿੱਸਾ ਬਣ ਸਕਦੀ ਹੈ ਜਿਨ੍ਹਾਂ ਨਾਲ ਇਨ੍ਹਾਂ ਸੀਟਾਂ 'ਤੇ ਵਿਚਾਰ ਵਿਟਾਂਦਰਾ ਕੀਤਾ ਜਾ ਸਕਦਾ ਹੈ।