ਪੰਜਾਬ ''ਚ 6 ਵਿਧਾਇਕ, 3 ਮੰਤਰੀ ਚੋਣ ਲੜਨ ਨੂੰ ਕਾਹਲੇ

03/31/2019 6:54:54 PM

ਚੰਡੀਗੜ੍ਹ : ਪੰਜਾਬ 'ਚ ਅੱਜਕੱਲ ਲੋਕ ਸਭਾ ਚੋਣ ਜਿੱਤਣ ਲਈ ਸਾਰੀਆਂ ਪਾਰਟੀਆਂ ਦੇ ਆਗੂ ਖਾਸ ਕਰਕੇ ਵਿਧਾਇਕ ਐੱਮ. ਪੀ. ਬਣਨ ਲਈ ਲੰਬੀ ਲਾਈਨ ਲਗਾ ਕੇ ਖੜੇ ਦਿਖਾਈ ਦੇ ਰਹੇ ਹਨ। ਮਾਲਵੇ 'ਚ ਸਭ ਤੋਂ ਵੱਧ ਮੌਜੂਦਾ ਵਿਧਾਇਕਾਂ ਦੀ ਫੌਜ ਭਾਵ 6 ਵਿਧਾਇਕ, 3 ਮੰਤਰੀ ਟਿਕਟ ਲੈਣ ਲਈ ਖਿੜਕੀ 'ਤੇ ਖੜੇ ਜਾਂ ਟਿਕਟ ਲੈ ਕੇ ਮੈਦਾਨ 'ਚ ਪੁੱਜ ਚੁੱਕੇ ਹਨ। ਜਿਵੇਂ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਮੌਜੂਦਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕਾਂਗਰਸ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਟਿਕਟ ਲੈਣ ਲਈ ਲਾਈਨ 'ਚ ਹਨ। 
ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਵਿਧਾਇਕ ਸੁਖਬੀਰ ਸਿੰਘ ਬਾਦਲ ਤੇ ਕਾਂਗਰਸ ਦੇ ਖੇਡ ਮੰਤਰੀ ਰਾਣਾ ਸੋਢੀ ਟਿਕਟ ਹਾਸਲ ਕਰਨ 'ਚ ਰੁੱਝੇ ਹੋਏ ਹਨ। ਫਰੀਦਕੋਟ ਤੋਂ ਮੌਜੂਦਾ ਐੱਮ. ਐੱਲ. ਏ. ਮਾਸਟਰ ਬਲਦੇਵ ਸਿੰਘ ਜੈਤੋ ਚੋਣ ਮੈਦਾਨ 'ਚ ਆ ਚੁੱਕੇ ਹਨ। ਇਸੇ ਤਰ੍ਹਾਂ ਸੰਗਰੂਰ ਤੋਂ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਅਤੇ ਲੋਕ ਨਿਰਮਾਣ ਮੰਤਰੀ ਵਿਜੇ ਸਿੰਗਲਾ ਸੰਭਾਵੀ ਉਮੀਦਵਾਰਾਂ ਵਜੋਂ ਦੇਖੇ ਜਾ ਰਹੇ ਹਨ। ਇਸੇ ਤਰ੍ਹਾਂ ਫਿਰੋਜ਼ਪੁਰ ਸੀਟ 'ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਲੁਧਿਆਣਾ ਤੋਂ ਬਲਵਿੰਦਰ ਸਿੰਘ ਬੈਂਸ ਵਿਧਾਇਕ ਦੇ ਚਰਚੇ ਹਨ। 
ਇਨ੍ਹਾਂ ਵਿਧਾਇਕਾਂ ਦੀ ਉਮੀਦਵਾਰ ਵਜੋਂ ਨਾਮ ਆਉਣ 'ਤੇ ਇਹ ਚਰਚਾ ਛਿੜ ਚੁੱਕੀ ਹੈ ਕਿ ਜਾਂ ਤਾਂ ਇਨ੍ਹਾਂ ਪਾਰਟੀਆਂ ਕੋਲ ਚੋਣ ਲੜਨ ਲਈ ਕੱਦਵਾਰ ਲੀਡਰ ਨਹੀਂ ਹਨ ਜਾਂ ਫਿਰ ਆਪਣੇ ਹੀ ਆਗੂਆਂ 'ਤੇ ਯਕੀਨ ਨਹੀਂ ਹੈ। ਜੇਕਰ ਇਹ ਛੇ ਵਿਧਾਇਕ ਤੇ ਤਿੰਨ ਮੰਤਰੀ ਚੋਣਾਂ ਲੜਦੇ ਹਨ ਤਾਂ ਪੰਜਾਬ 'ਚ ਸੁਭਾਵਕ ਜ਼ਿਮਨੀ ਚੋਣਾਂ ਦਾ ਬਿਗਲ ਵੱਜੇਗਾ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਦੀਵਾਲੀ-ਦੁਸਹਿਰੇ ਨੇੜੇ ਫਿਰ ਚੋਣ ਦੰਗਲ ਜੰਗ ਦਾ ਮੈਦਾਨ ਬਣੇਗਾ।


Gurminder Singh

Content Editor

Related News