ਅੰਮ੍ਰਿਤਸਰੀਆਂ ਦਾ ਦਿਲ ਜਿੱਤਣ ਲਈ ਸਿਆਸੀ ਪਾਰਟੀਆਂ ਨੂੰ ਹੈ ਸੈਲੇਬ੍ਰਿਟੀਜ਼ ਦੀ ਤਲਾਸ਼
Thursday, Mar 14, 2019 - 01:40 PM (IST)

ਅੰਮ੍ਰਿਤਸਰ, (ਇੰਦਰਜੀਤ)- ਪੂਰੇ ਦੇਸ਼ ਵਿਚ ਚਾਹੇ ਕਿਸੇ ਵੀ ਪਾਰਟੀ ਦੀ ਲਹਿਰ ਚੱਲਦੀ ਹੋਵੇ ਜਾਂ ਕਿਸੇ ਦੇ ਵਿਰੋਧੀ ਪੱਖ ਵਿਚ ਹਵਾ, ਸੱਤਾਧਾਰੀ ਇਸ ਦਾ ਲਾਭ ਉਠਾ ਸਕਦੇ ਹਨ ਪਰ ਇਨ੍ਹਾਂ ਸਾਰੀਆਂ ਇੱਛਾਵਾਂ ਤੋਂ ਦੂਰ ਅੰਮ੍ਰਿਤਸਰ ਲੋਕ ਸਭਾ ਦੀਆਂ ਸੀਟਾਂ ਇਕ ਅਜਿਹਾ ਚੋਣ ਮੈਦਾਨ ਹੈ, ਜਿੱਥੇ ਪਾਰਟੀਆਂ ਤੋਂ ਦੂਰ ਹਟ ਕੇ ਚਿਹਰੇ ਜਿੱਤੇ ਹਨ। ਹਵਾ ਚਾਹੇ ਕਿਸੇ ਵੀ ਪੱਖ ਦੀ ਹੋਵੇ ਜਾਂ ਵਿਰੋਧੀ ਪੱਖ ਵਿਚ। ਅੰਮ੍ਰਿਤਸਰ ਸੰਸਦੀ ਸੀਟ ਦਾ ਇਤਿਹਾਸ ਹੈ ਕਿ ਜਦੋਂ-ਜਦੋਂ ਧੜੱਲੇਦਾਰ ਉਮੀਦਵਾਰ ਜਾਂ ਸੈਲੇਬ੍ਰਿਟੀ ਆਇਆ, ਜਨਤਾ ਪਾਰਟੀ ਛੱਡ ਕੇ ਬਸ ਉਸ ਦੇ ਪਿੱਛੇ ਹੋ ਜਾਂਦੀ ਹੈ।
ਪਿਛਲੇ 67 ਸਾਲ ਦਾ ਇਤਿਹਾਸ ਫਰੋਲਣ ’ਤੇ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਇਲਾਕੇ ਵਿਚ ਹੁਣ ਤਕ ਕਾਂਗਰਸ ਨੇ ਤਿੰਨ ਵਾਰ ਜਿੱਤ ਹਾਸਲ ਕੀਤੀ। ਤਦ ਕਾਂਗਰਸ ਦੇ ਕੱਦਾਵਰ ਨੇਤਾ ਗੁਰਮੁੱਖ ਸਿੰਘ ਮੁਸਾਫਰ ਸਨ, ਜੋ ਕਿ 1952-57-62 ਦੀਆਂ ਲੋਕ ਸਭਾ ਚੋਣਾਂ ਵਿਚ ਤਿੰਨ ਵਾਰ ਇਸ ਸੀਟ ’ਤੇ ਚੋਣ ਲੜੇ, ਉਥੇ ਹੀ ਦੂਜੇ ਪਾਸੇ ਰਘੁਨੰਦਨ ਲਾਲ ਭਾਟੀਆ ਨੇ ਆਪਣੀਆਂ 6 ਚੋਣਾਂ 1972-80-84-91-96-99 ਵਿਚ ਜਿੱਤ ਦਰਜ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਦੇ ਕੋਲ ਰਘੁਨੰਦਨ ਲਾਲ ਭਾਟੀਆ ਇਕ ਅਜਿਹੀ ਰਾਜਨੀਤਕ ਤੋਪ ਸੀ, ਜਿਸ ਦੇ ਸਾਹਮਣੇ ਭਾਜਪਾ ਦੇ ਕੋਲ ਕੋਈ ਦਮਦਾਰ ਚਿਹਰਾ ਨਹੀਂ ਸੀ ਪਰ ਜੇਕਰ ਚਿਹਰੇ ਦੀ ਗੱਲ ਕਰੀਏ ਤਾਂ ਭਾਜਪਾ ਦੇ ਯੱਗ ਦੱਤ ਸ਼ਰਮਾ ਵੀ ਇਕ ਰਾਸ਼ਟਰੀ ਨੇਤਾ ਸਨ ਅਤੇ ਉਨ੍ਹਾਂ ਨੇ ਚੋਣਾਂ ਵਿਚ ਜਿੱਤ ਹਾਸਲ ਕੀਤੀ, ਕਿਉਂਕਿ ਉਹ ਕਾਂਗਰਸੀ ਉਮੀਦਵਾਰ ਦੀ ਬਜਾਏ ਜ਼ਿਆਦਾ ਪ੍ਰਭਾਵਸ਼ਾਲੀ ਚਿਹਰੇ ਵਾਲੇ ਨੇਤਾ ਸਾਬਤ ਹੋਏ।
ਵਿਧਾਨ ਸਭਾ ਹਲਕੇ ਸਿਆਸੀ ਤਸਵੀਰ
ਫੈਕਟ
- 1952 ਤੋਂ ਲੈ ਕੇ 2017 ਤੱਕ ਕੁਲ 16 ਚੋਣਾਂ ਤੇ 3 ਉਪ ਚੋਣਾਂ ਹੋਈਆਂ
- 12 ਵਾਰ ਕਾਂਗਰਸ ਤੇ 4 ਵਾਰ ਭਾਜਪਾ ਦੇ
- ਉਮੀਦਵਾਰ ਸੰਸਦ ਮੈਂਬਰ ਚੁਣੇ ਗਏ
- ਸ. ਗੁਰਮੁੱਖ ਸਿੰਘ ਮੁਸਾਫਰ ਚੁਣੇ ਗਏ ਸਨ ਪਹਿਲੇ ਸੰਸਦ ਮੈਂਬਰ
ਫਿਗਰ
2014
10,07,196 ਵੋਟਾਂ ਪਈਆਂ
ਕੁਲ ਵੋਟ ਦਾ 68.18%
2017 ਉਪ ਚੋਣ
10,14,489 ਵੋਟਾਂ ਪਈਆਂ
ਕੁਲ ਵੋਟ ਦਾ 70.39%
ਕਾਂਗਰਸ ਦੇ ਵਿਰੋਧੀ ਪੱਖ ਨੂੰ ਜਦੋਂ ਪਤਾ ਲੱਗਾ ਕਿ ਰਘੁਨੰਦਨ ਲਾਲ ਭਾਟੀਆ ਦੀ ਜਿੱਤ ਦਾ ਕਾਰਨ ਕਾਂਗਰਸ ਨਾ ਹੋ ਕੇ ਉਨ੍ਹਾਂ ਦਾ ਆਪਣਾ ਵਜੂਦ ਹੈ ਤਾਂ ਭਾਜਪਾ ਨੇ ਵੀ ਇਸ ਗਲਤੀ ਨੂੰ ਸੁਧਾਰਦੇ ਹੋਏ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਦੀ ਟਿਕਟ ਦਿੰਦੇ ਹੋਏ ਚੋਣ ਮੈਦਾਨ ਵਿਚ ਭੇਜਿਆ ਤੇ ਕਾਂਗਰਸ ਨੇ ਵੀ ਵਿਆਪਕ ਜਨ ਆਧਾਰ ਵਾਲੇ ਨੇਤਾ ਓਮ ਪ੍ਰਕਾਸ਼ ਸੋਨੀ ਨੂੰ ਭੇਜਿਆ, ਜੋ ਕਿ ਪਹਿਲਾਂ ਕਦੇ ਵੀ ਚੋਣ ਨਹੀਂ ਹਾਰੇ ਸਨ ਪਰ ਅੰਮ੍ਰਿਤਸਰ ਦੀ ਜਨਤਾ ਤਾਂ ਸਿਰਫ ਚਿਹਰੇ ਦੀ ਦੀਵਾਨੀ ਹੈ ਅਤੇ ਜਨ ਆਧਾਰ ਵਾਲੇ ਨੇਤਾ ਓਮ ਪ੍ਰਕਾਸ਼ ਸੋਨੀ ਵੀ ਚੋਣ ਮੈਦਾਨ ਵਿਚ ਹਾਰ ਗਏ ਅਤੇ ਭਾਜਪਾ ਦੇ ਸਟਾਰ ਨਵਜੋਤ ਸਿੰਘ ਸਿੱਧੂ ਕਿਉਂਕਿ ਇਕ ਰਾਸ਼ਟਰੀ ਨੇਤਾ ਦੇ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ ਕ੍ਰਿਕਟਰ ਸਨ ਅਤੇ ਪਾਰਟੀ ਦੀ ਲੰਮੀ ਚੱਲੀ ਹਾਰ ਦੀ ਲੜੀ ਨੂੰ ਤੋਡ਼ਦੇ ਹੋਏ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਓਮ ਪ੍ਰਕਾਸ਼ ਸੋਨੀ ਨੂੰ ਹਰਾਉਂਦੇ ਹੋਏ ਸੀਟ ਭਾਜਪਾ ਦੀ ਝੋਲੀ ਵਿਚ ਪਾ ਦਿੱਤੀ। ਇਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਲਈ ਕਾਂਗਰਸ ਨੇ ਵੀ ਕੈਬਨਿਟ ਮੰਤਰੀ ਪੰਜਾਬ ਸੁਰਿੰਦਰ ਸਿੰਗਲਾ ਨੂੰ ਭੇਜਿਆ ਪਰ ਰਾਜਨੀਤੀ ਦੇ ਧੁਰੰਤਰ ਖਿਡਾਰੀ ਹੋਣ ਦੇ ਬਾਵਜੂਦ ਵੀ ਨਵਜੋਤ ਸਿੰਘ ਸਿੱਧੂ ਦੀ ਖਿੱਚ ਨੂੰ ਕਾਂਗਰਸੀ ਉਮੀਦਵਾਰ ਤੋੜ ਨਹੀਂ ਸਕੇ। ਨਤੀਜਾ ਕਾਂਗਰਸ ਦੀ ਹਾਰ ਹੋਈ।
ਇਸੇ ਤਰ੍ਹਾਂ ਜਦੋਂ ਕਾਂਗਰਸ ਨੇ ਅੰਮ੍ਰਿਤਸਰ ਸੀਟ ’ਤੇ ਦੋ ਵਾਰ ਪੁਰਾਣੀ ਹਾਰ ਨੂੰ ਤੋੜਨ ਲਈ ਕੈਪਟਨ ਅਮਰਿੰਦਰ ਸਿੰਘ ਵਰਗੇ ਵੱਡੇ ਮਹਾਰਥੀ ਨੂੰ ਭਾਜਪਾ ਦੇ ਅੱਗੇ ਚੱਟਾਨ ਦੀ ਤਰ੍ਹਾਂ ਖੜ੍ਹਾ ਕਰ ਦਿੱਤਾ ਤਾਂ ਭਾਜਪਾ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਜੇ ਹੱਥ ਮੰਨੇ ਜਾਣ ਵਾਲੇ ਕੇਂਦਰੀ ਨੇਤਾ ਅਰੁਣ ਜੇਤਲੀ ਨੂੰ ਸਾਹਮਣੇ ਉਤਾਰ ਦਿੱਤਾ। ਇਹ ਚੋਣ ਮਹਾਯੁੱਧ ਸੀ, ਜਿਸ ਵਿਚ ਦੋਵੇਂ ਨੇਤਾ ਹੀ ਰਾਸ਼ਟਰੀ ਵਜੂਦ ਵਾਲੇ ਸਨ, ਇਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿੱਤ ਹੋਈ।
ਸਾਲ 2017 ਵਿਚ ਜਦੋਂ ਕੇਂਦਰ ਦੀ ਸੱਤਾ ਵਿਚ ਮੋਦੀ ਦਾ ਬੋਲਬਾਲਾ ਸੀ ਤਾਂ ਕੋਈ ਉਮੀਦਵਾਰ ਜ਼ਿਮਨੀ ਚੋਣ ਲੜਨ ਨੂੰ ਤਿਆਰ ਨਹੀਂ ਸੀ। ਇਸ ਵਿਚ ਭਾਜਪਾ ਨੇ ਸਥਾਨਕ ਪੱਧਰ ਦੇ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਨੂੰ ਮੈਦਾਨ ਵਿਚ ਉਤਾਰਿਆ ਤਾਂ ਆਮ ਆਦਮੀ ਦੀ ਪਾਰਟੀ ਨੇ ਲੋਕਲ ਨੇਤਾ ਉਪਕਾਰ ਸਿੰਘ ਸੰਧੂ ਨੂੰ। ਉਥੇ ਹੀ ਕਾਂਗਰਸ ਨੇ ਵੀ ਕੋਈ ਵੱਡੀ ਤੋਪ ਨਾ ਛੱਡਦੇ ਹੋਏ ਅੰਮ੍ਰਿਤਸਰ ਦੇ ਪਹਿਲੇ ਸਮੇਂ ’ਚ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਅੌਜਲਾ ਨੂੰ ਹੀ ਮੈਦਾਨ ਵਿਚ ਉਤਾਰ ਦਿੱਤਾ। ਤਿੰਨੇ ਉਮੀਦਵਾਰ ਜ਼ਿਆਦਾ ਦਮਦਾਰ ਨਹੀਂ ਸਨ ਅਤੇ ਇਸ ਵਿਚ ਗੁਰਜੀਤ ਸਿੰਘ ਅੌਜਲਾ ਦੀ, ਜੋ ਕਿ ਕੁੱਝ ਜ਼ਿਆਦਾ ਹੀ ਲੋਕਾਂ ਵਿਚ ਵਾਕਫ਼ ਸਨ, ਦੀ ਜਿੱਤ ਹੋਈ ਕਿਉਂਕਿ ਵਿਰੋਧੀ ਦਲਾਂ ਦੇ ਕੋਲ ਕੋਈ ਚਿਹਰਾ ਨਾ ਹੋਣ ਦੇ ਕਾਰਨ ਇਹ ਸੀਟ ਲਾਟਰੀ ਦੇ ਤੌਰ ’ਤੇ ਅੌਜਲਾ ਨੂੰ ਮਿਲੀ।
ਕਦੇ ਅਕਸ਼ੈ ਕੁਮਾਰ ਤੇ ਕਦੇ ਸੰਨੀ ਦਿਓਲ ਦੇ ਨਾਮ ਦੀ ਚਰਚਾ
ਕਹਿੰਦੇ ਹਨ ਕਿ ਅਕਲ ਵੀ ਠੋਕਰਾਂ ਖਾਣ ਦੇ ਬਾਅਦ ਆਉਂਦੀ ਹੈ। ਇਨ੍ਹਾਂ ਚੋਣਾਂ ਵਿਚ ਕਾਂਗਰਸ ਅਤੇ ਬੀ.ਜੇ.ਪੀ. ਅਕਾਲੀ ਦਲ ਦੋਵੇਂ ਹੀ ਇਸ ਸੀਟ ’ਤੇ ਵੱਡੀਆਂ ਤੋਪਾਂ ਕੱਢਣ ਲੱਗੇ ਹਨ। ਕਦੇ ਕਿਸੇ ਰਾਸ਼ਟਰੀ ਨੇਤਾ ਦੀ ਚਰਚਾ ਹੁੰਦੀ ਹੈ ਤਾਂ ਕਦੇ ਕਿਸੇ ਫਿਲਮ ਸਟਾਰ ਦੀ। ਕਾਂਗਰਸ ਤੋਂ ਮਨਮੋਹਨ ਸਿੰਘ, ਰਾਜ ਬੱਬਰ ਅਤੇ ਕਈ ਵੱਡੇ ਲੋਕਾਂ ਦੇ ਚਰਚੇ। ਉਥੇ ਹੀ ਭਾਜਪਾ ਤੋਂ ਕਦੇ ਅਕਸ਼ੈ ਕੁਮਾਰ, ਸੰਨੀ ਦਿਓਲ ਆਦਿ ਚਿਹਰਿਆਂ ਦੀ ਤਲਾਸ਼ ਹੋ ਰਹੀ ਹੈ ਹਾਲਾਂਕਿ ਦੋਵਾਂ ਕੋਲ ਦਮਦਾਰ ਉਮੀਦਵਾਰਾਂ ਦੀ ਘਾਟ ਨਹੀਂ ਹੈ ਪਰ ਦੋਵੇਂ ਪਾਰਟੀਆਂ ਕਿਸੇ ਜਨ ਆਧਾਰ ਵਾਲੇ ਉਮੀਦਵਾਰ ਨੂੰ ਨਾ ਲੈ ਕੇ ਕਿਸੇ ਸੈਲੇਬ੍ਰਿਟੀ ਨੂੰ ਉਤਾਰਨਾ ਚਾਹੁੰਦੀਆਂ ਹਨ, ਭਾਵੇਂ ਉਹ ਕੋਈ ਫਿਲਮੀ ਅਭਿਨੇਤਾ ਹੋਵੇ ਜਾਂ ਰਾਸ਼ਟਰੀ ਨੇਤਾ ਜਾਂ ਕੋਈ ਕ੍ਰਿਕਟਰ।